ਸਰੀ, 26 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਬੀਤੇ ਦਿਨ ਸਰੀ ਵਿਖੇ ਪਿਕਸ ਦੇ ਓਲਡ ਏਜ਼ ਹੋਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਕ੍ਰਿਸਮਿਸ ਦੇ ਜਸ਼ਨ ਮਨਾਏ। ਇਸ ਮੌਕੇ ਸਿਹਤ ਮੰਤਰੀ ਐਡਰੀਅਨ ਡਿਕਸ, ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ ਰਚਨਾ ਸਿੰਘ, ਲੇਬਰ ਮੰਤਰੀ ਹੈਰੀ ਬੈਂਸ, ਜੰਗਲਾਤ ਮੰਤਰੀ ਬਰੂਸ ਰਾਲਸਟਨ ਅਤੇ ਸਰੀ-ਗਿਲਫਰਡ ਦੇ ਐਮਐਲਏ ਗੈਰੀ ਬੇਗ ਵੀ ਬਜ਼ੁਰਗਾਂ ਨਾਲ ਕ੍ਰਿਸਮਿਸ ਮਨਾਉਣ ਲਈ ਪੁੱਜੇ।
ਪਿਕਸ ਦੇ ਪ੍ਰਧਾਨ ਅਤੇ ਸੀ.ਈ.ਓ. ਸਤਬੀਰ ਚੀਮਾ ਨੇ ਪਿਕਸ ਸੀਨੀਅਰਜ਼ ਹਾਊਸਿੰਗ ਸਹੂਲਤ ਵਿੱਚ ਕ੍ਰਿਸਮਸ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਪ੍ਰੀਮੀਅਰ ਡੇਵਿਡ ਈਬੀ ਦਾ ਸਵਾਗਤ ਕਰਦਿਆਂ ਕਿਹਾ ਕਿ ਤੁਹਾਡਾ ਇੱਥੇ ਆਉਣਾ ਅਸਲ ਵਿੱਚ ਸਾਡੇ ਬਜ਼ੁਰਗਾਂ ਲਈ ਇੱਕ ਸੰਪੂਰਨ ‘ਕ੍ਰਿਸਮਸ ਤੋਹਫ਼ਾ’ ਹੈ। ਤੁਸੀਂ ਹਮੇਸ਼ਾ ਪਿਕਸ ਦੇ ਚੰਗੇ ਦੋਸਤ ਰਹੇ ਹੋ ਅਤੇ ਹੁਣ ਬਜ਼ੁਰਗਾਂ ਦੇ ਕ੍ਰਿਸਮਸ ਦੇ ਜਸ਼ਨਾਂ ਵਿਚ ਸ਼ਾਮਲ ਹੋ ਕੇ ਤੁਸੀਂ ਪਿਕਸ ਪਰਿਵਾਰ ਦਾ ਹਿੱਸਾ ਬਣ ਗਏ ਹੋ।
ਪ੍ਰੀਮੀਅਰ ਡੇਵਿਡ ਈਬੀ ਨੇ ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸਿਹਤ ਅਥਾਰਟੀ ਵੱਲੋਂ ਪਿਕਸ ਸਹਾਇਤਾ ਪ੍ਰਾਪਤ ਰਹਿਣ ਵਾਲੇ ਬਜ਼ੁਰਗਾਂ ਲਈ ਇੱਕ ਨਵੀਂ ਇਲੈਕਟ੍ਰਿਕ ਬੱਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਬੱਸ ਪ੍ਰਦੂਸ਼ਣ ਰਹਿਤ ਹੋਵੇਗੀ ਹੈ ਅਤੇ ਭਾਈਚਾਰੇ ਦੇ ਆਲੇ-ਦੁਆਲੇ ਜਾਣ ਲਈ ਪ੍ਰਭਾਵਸ਼ਾਲੀ ਆਵਾਜਾਈ ਦਾ ਸਾਧਨ ਹੋਵੇਗੀ। ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਮੈਂ ਦਹਾਕਿਆਂ ਤੋਂ ਪਿਕਸ ਦਾ ਸਮਰਥਨ ਕਰ ਰਿਹਾ ਹਾਂ। ਉਨ੍ਹਾਂ ਪਿਕਸ ਸੋਸਾਇਟੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਲੰਬੇ ਸਮੇਂ ਦੀ ਦੇਖਭਾਲ ਲਈ ਇੱਕ ਹੋਰ ਕਦਮ ਹੋਵੇਗਾ ਜਿੱਥੇ 80 ਸਾਲ ਅਤੇ ਇਸ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਦੇ ਰਹਿਣ ਸਹਿਣ ਦੀਆਂ ਵਿਸ਼ੇਸ਼ ਸਹੂਲਤਾਂ ਹੋਣਗੀਆਂ।
ਇਸ ਮੌਕੇ 100 ਤੋਂ ਵੱਧ ਬਜ਼ੁਰਗਾਂ ਨੇ ਸ਼ਮੂਲੀਅਤ ਕੀਤਾ ਅਤੇ ਵੱਖ ਵੱਖ ਪ੍ਰਦਰਸ਼ਨਾਂ, ਭਾਸ਼ਣਾਂ ਅਤੇ ਹੋਰ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪਿਕਸ ਵੱਲੋਂ ਪ੍ਰੀਮੀਅਰ ਅਤੇ ਸਾਰੇ ਪਤਵੰਤਿਆਂ ਦਾ ਸਨਮਾਨ ਕਰਦਿਆਂ ਪਿਕਸ ਜੈਕਟਾਂ ਭੇਟ ਕੀਤੀਆਂ ਗਈਆਂ।
Leave a Comment
Your email address will not be published. Required fields are marked with *