“ਛੁੱਟੀ ਦੀ ਬੜੀ ਸਮੱਸਿਆ ਹੈ ਦੀਦੀ! ਪਾਪਾ ਹਸਪਤਾਲ ਵਿੱਚ ਨਰਸਾਂ ਦੇ ਸਹਾਰੇ ਹਨ।” ਭਰਾ ਨਾਲ ਫ਼ੋਨ ਤੇ ਗੱਲਬਾਤ ਹੁੰਦੇ ਹੀ ਸੁਮੀ ਝੱਟ ਅਟੈਚੀ ਤਿਆਰ ਕਰਕੇ ਬਨਾਰਸ ਤੋਂ ਦਿੱਲੀ ਚੱਲ ਪਈ।
ਹਸਪਤਾਲ ਪਹੁੰਚਦੇ ਹੀ ਵੇਖਿਆ ਕਿ ਪਾਪਾ ਬੇਹੋਸ਼ੀ ਦੀ ਹਾਲਤ ਵਿੱਚ ਬੁੜਬੁੜਾ ਰਹੇ ਸਨ। ਉਹਨੇ ਝੱਟ ਉਨ੍ਹਾਂ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਅਹਿਸਾਸ ਦਿਵਾਇਆ ਕਿ ਕੋਈ ਹੈ, ਉਨ੍ਹਾਂ ਦਾ ਆਪਣਾ।
ਹੱਥ ਦੀ ਛੋਹ ਪਾ ਕੇ ਜਿਵੇਂ ਉਨ੍ਹਾਂ ਦੇ ਮੁਰਦਾ ਸਰੀਰ ਵਿੱਚ ਜਾਨ ਜਿਹੀ ਆ ਗਈ ਸੀ।
ਗੱਲਬਾਤ ਘਰ-ਪਰਿਵਾਰ ਤੋਂ ਸ਼ੁਰੂ ਹੋ ਕੇ ਪਤਾ ਨਹੀਂ ਕਦੋਂ ਜੀਵਨ ਬਿਤਾਉਣ ਦੇ ਮੁੱਦੇ ਤੇ ਆ ਕੇ ਰੁਕ ਗਈ। ਇੱਕ ਅਨੁਭਵੀ ਆਵਾਜ਼ ਪ੍ਰਸ਼ਨ ਬਣ ਕੇ ਉੱਭਰੀ ਤਾਂ ਦੂਜੀ ਅਨੁਭਵੀ ਆਵਾਜ਼ ਉੱਤਰ ਬਣ ਕੇ ਬੋਲ ਉੱਠੀ, “ਪਾਪਾ, ਪਹਿਲਾ ਪੜਾਅ ਤੁਹਾਡੇ ਅਨੁਭਵੀ ਹੱਥ ਨੂੰ ਫੜ ਕੇ ਲੰਘ ਗਿਆ। ਦੂਜਾ ਪਤੀ ਦੇ ਤਾਕਤਵਰ ਹੱਥਾਂ ਨੂੰ ਫੜ ਕੇ ਲੰਘਿਆ ਅਤੇ ਤੀਜਾ ਬੇਟਿਆਂ ਦੇ ਮਜ਼ਬੂਤ ਹੱਥਾਂ ਵਿੱਚ ਆ ਕੇ ਬੀਤ ਗਿਆ।”
“ਚੌਥਾ…! ਉਹ ਕਿਵੇਂ ਬੀਤੇਗਾ, ਕੁਝ ਸੋਚਿਆ? ਉਹੀ ਤਾਂ ਬੀਤਣਾ ਮੁਸ਼ਕਿਲ ਹੈ ਬੇਟੀ!”
“ਚੌਥਾ, ਤੁਹਾਡੇ ਵਾਂਗ।”
“ਮੇਰੇ ਵਾਂਗ? ਇਉਂ ਬੀਮਾਰ, ਬੇਸਹਾਰਾ?”
“ਨਹੀਂ ਪਾਪਾ, ਤੁਹਾਡੇ ਵਾਂਗ ਆਪਣੀ ਬੇਟੀ ਦੇ ਮਜ਼ਬੂਤ ਹੱਥਾਂ ਨੂੰ ਫੜ, ਮੈਂ ਵੀ ਚੌਥਾ ਪੜਾਅ ਪਾਰ ਕਰ ਲਵਾਂਗੀ।”
“ਮੇਰਾ ਮਜ਼ਬੂਤ ਹੱਥ ਤਾਂ ਮੇਰੇ ਕੋਲ ਹੈ, ਪਰ ਤੇਰਾ ਕਿੱਧਰ ਹੈ?”
“ਨਾਨਾ ਜੀ!” ਉਦੋਂ ਹੀ ਅੰਸ਼ੂ ਦੀ ਸੁਰੀਲੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿੱਚ ਪਈ, ਜਿਸਨੇ ਪੂਰੇ ਕਮਰੇ ਨੂੰ ਸੰਗੀਤਮਈ ਬਣਾ ਦਿੱਤਾ।

# ਮੂਲ : ਸਵਿਤਾ ਮਿਸ਼ਰਾ, ਨੇੜੇ ਹਨੂਮਾਨ ਮੰਦਰ, ਖੰਡਾਰੀ, ਆਗਰਾ- 282002 (ਉੱਤਰਪ੍ਰਦੇਸ਼) 9411418621.
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.