ਹਾਲੇ ਨਿਰੰਤਰ ਮਸ਼ਕ ਦੀ ਬਹੁਤ ਲੋੜ ਹੈ
ਪਾਕਿਸਤਾਨ ਵਿੱਚ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਦਾ ਰੰਗ ਰੂਪ ਸਮੁੱਚੇ ਵਿਸ਼ਵ ਚ ਵੱਸਦੇ ਪੰਜਾਬੀ ਲੇਖਕਾਂ ਤੇ ਹੋ ਰਿਹਾ ਹੈ। ਨਿੱਕੀ ਬਹਿਰ ਤੇ ਰੋਜ਼ਾਨਾ ਜ਼ਿੰਦਗੀ ਦੀ ਆਮ ਫਹਿਮ ਸ਼ਬਦਾਵਲੀ ਵਿੱਚ ਹੋ ਰਹੀ ਕਾਵਿ ਸਿਰਜਣਾ ਦਾ ਕਾਰਨ ਇੰਟਰਨੈੱਟ ਰਾਹੀਂ ਆਪਸੀ ਸੰਪਰਕ ਹੈ। ਫੇਸ ਬੁੱਕ ਤੇ ਪ੍ਰਚੱਲਤ ਹੋ ਰਿਹਾ ਸ਼ਬਦਾਵਲੀ ਦਾ ਰੰਗ ਢੰਗ ਹੁਣ ਪੁਸਤਕ ਰੂਪ ਵਿੱਚ ਵੀ ਆਉਣ ਲੱਗ ਪਿਆ ਹੈ।
ਇਹ ਮਾੜੀ ਰੀਸ ਨਹੀਂ। ਇਸ ਦਾ ਵੱਡਾ ਲਾਭ ਇਹ ਹੋਵੇਗਾ ਕਿ ਸਾਡੇ ਪਾਸੇ ਲਿਖੀ ਜਾ ਰਹੀ ਮਸ਼ੀਨੀ ਕਵਿਤਾ ਤੇ ਉਧਾਰੇ ਵਿਚਾਰ ਤੰਤਰ ਵਾਲੀ ਬੁਝਾਰਤੀ ਤੇ ਅਕਾਊ ਕਵਿਤਾ ਤੋਂ ਮੁਕਤੀ ਮਿਲੇਗੀ। ਅਸਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਰਾਣੀ ਤੱਤ ਵਾਲੇ ਹਰਮਨਜੀਤ ਦੀ ਰੀਸ ਬਰੀਸੇ ਬਹੁਤ ਸਾਰੇ ਨਵੇ ਲੇਖਕਾਂ ਨੇ ਏਧਰ ਵੀ ਓਹੀ ਰੰਗ ਰੂਪ ਅਪਨਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ ਪਰ ਅਸਲ ਸਰੂਰੇ ਅੰਦਾਜ਼ ਦੇ ਨੇੜ ਕੋਈ ਨਹੀਂ ਅੱਪੜਿਆ। ਹਰਮਨਜੀਤ ਆਪਣੀ ਕਤਾਰ ਵਿੱਚ ਇਕੱਲਾ ਤੁਰ ਰਿਹੈ। ਨਾ ਕੋਈ ਅੱਗੇ ਨਾ ਕੋਈ ਪਿੱਛੇ।
ਪਾਕਿਸਤਾਨੀ ਸ਼ਾਇਰਾਂ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਤਾਹਿਰਾ ਸਰਾ, ਬਾਬਾ ਨਦੀਮ, ਬੁਸ਼ਰਾ ਨਾਜ਼, ਤਜੱਮਲ ਕਲੀਮ, ਇਰਸ਼ਾਦ ਸੰਧੂ,ਅਰਸ਼ਦ ਮਨਜ਼ੂਰ ਸਮੇਤ ਕਈ ਹੋਰ ਚਿਹਰੇ ਸਾਡੇ ਨਵੇਂ ਪੰਜਾਬੀ ਲੇਖਕਾਂ ਨੂੰ ਪ੍ਰਭਾਵਤ ਕਰ ਰਹੇ ਨੇ। ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਛਪ ਰਹੀਆਂ ਕਿਤਾਬਾਂ ਦਾ ਰੁਝਾਨ ਕਾਫੀ ਵਧ ਗਿਆ ਏ। ਇਨ੍ਹਾਂ ਕਿਤਾਬਾਂ ਦਾ ਆਕਾਰ ਵੀ ਨਿੱਕਾ ਹੈ। 1970 ਤੋਂ ਪਹਿਲਾਂ ਲਗਪਗ ਸਾਰੀਆਂ ਕਿਤਾਬਾਂ ਹੀ ਇਸੇ ਆਕਾਰ ਵਿੱਚ ਛਪਦੀਆਂ ਸਨ।
ਪੰਜਾਬੀ ਵਿੱਚ ਆਏ ਨੌਜਵਾਨ ਪੜ੍ਹੇ ਲਿਖੇ ਪ੍ਰਕਾਸ਼ਕਾਂ ਨੇ ਇਸ ਕੰਮ ਵਿੱਚ ਪਹਿਲ ਕੀਤੀ ਹੈ। ਪ੍ਰੀਤੀ ਸ਼ੈਲੀ, ਸੁਖਵਿੰਦਰ ਸੁੱਖੀ, ਸਨੀ ਪੱਖੋ ਕੇ, ਅਮਰਿੰਦਰ ਸੋਹਲ ਤੇ ਕੁਝ ਹੋਰਨਾਂ ਨੇ ਪੁਸਤਕ ਸੱਭਿਆਚਾਰ ਦਾ ਸੁਹਜ ਤੰਤਰ ਤਬਦੀਲ ਕੀਤਾ ਹੈ। ਇਹ ਸ਼ੁਭ ਸ਼ਗਨ ਹੈ। ਇਸ ਕੰਮ ਵਿੱਚ ਪਰਿੰਟ ਵੈੱਲ ਅੰਮ੍ਰਿਤਸਰ ਦੀ ਭੂਮਿਕਾ ਬਹੁਤ ਵੱਡੀ ਹੈ।
ਮੇਰੇ ਪਿਆਰੇ ਮਿੱਤਰ ਡਾ. ਸੁਰਜੀਤ ਸਿੰਘ ਭਦੌੜ ਨੇ ਆਪਣੇ ਵਲਾਇਤ ਵੱਸਦੇ ਸਨੇਹੀ ਬੰਟੀ ਉੱਪਲ ਦੀ ਲਿਖੀ ਤੇ ਅਮਰਿੰਦਰ ਸੋਹਲ ਦੇ ਪ੍ਰਕਾਸ਼ਨ ਗ੍ਰਹਿ ਸਪਰੈੱਡ ਦੀ ਪ੍ਰਕਾਸ਼ਨਾ “ ਪਾਗਲ ਕੀਤਾ ਹੋਇਆ ਏ” ਅੱਜ ਸਵੇਰੇ ਹੀ ਮੈਨੂੰ ਭੇਜੀ ਹੈ। ਡਾ. ਸ਼ਮਸ਼ੇਰ ਮੋਹੀ ਨੇ ਇਸ ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਹੈ ਕਿ ਬੰਟੀ ਕਿਸੇ ਸੀਮਿਤ ਘੇਰੇ ਦਾ ਸ਼ਾਇਰ ਨਹੀਂ। ਉਹ ਮੁਹੱਬਤ ਦੇ ਭਾਵਾਂ ਨੂੰ ਵੀ ਉਸੇ ਮੁਹਾਰਤ ਨਾਲ ਪੇਸ਼ ਕਰਦਾ ਹੈ ਜਿਸ ਸ਼ਿੱਦਤ ਨਾਲ ਸਮਾਜਿਕ ਰਾਜਨੀਤਕ ਨੀਤੀਆਂ ਬਦਨੀਤੀਆਂ ਨੂੰ ਪੇਸ਼ ਕਰਦਾ ਹੈ।
ਬੰਟੀ ਉੱਪਲ ਦੀਆਂ ਗ਼ਜ਼ਲਾਂ ਪਹਿਲੀ ਵਾਰ ਪੜ੍ਹ ਰਿਹਾਂ। ਤਾਜ਼ਗੀ ਭਰੇ ਕੁਝ ਸ਼ਿਅਰਾਂ ਨਾਲ ਤੁਸੀਂ ਵੀ ਸਾਂਝ ਪਾਉ।
ਖੇਡਣ ਉਮਰੇ ਵੇਚ ਰਿਹਾ,
ਬੱਚੇ ਹੱਥ ਗੁਬਾਰੇ ਨੇ।
ਅੱਖਰ ਪੱਥਰ ਹੋਏ ਲੱਗਦੇ,
ਤਾਂ ਹੀ ਏਨੀ ਭਾਰੀ ਚਿੱਠੀ।
ਫੁੱਲਾਂ ਨੂੰ ਤਕਲੀਫ਼ ਬੜੀ,
ਤਿੱਤਲੀ ਬਹਿ ਗਈ ਕੰਡੇ ਤੇ।
ਔਖਾ ਤੁਰਨਾ ਸੱਚ ਦੇ ਉੱਤੇ।
ਨੰਗੇ ਪੈਰੀਂ ਕੱਚ ਦੇ ਉੱਤੇ।
ਬੰਟੀ ਉੱਪਲ ਦੇ ਕਲਾਮ ਵਿੱਚ ਕਈ ਕੁਝ ਸੱਜਰਾ ਹੈ ਪਰ ਕਈ ਥਾਈਂ ਕਾਹਲ ਕਾਰਨ ਸ਼ਿਅਰ ਕੱਚੇ ਰਹਿ ਗਏ ਨੇ, ਸ਼ਿਅਰ ਸਪਸ਼ਟ ਗੱਲ ਕਹਿਣ ਦੀ ਥਾਂ ਖ਼ੁਦ ਉਲਝੇ ਜਾਪਦੇ ਨੇ।
ਕਿਤਾਬ ਦਾ ਤਾਂ ਸੁਆਗਤ ਹੈ ਪਰ ਹਾਲੇ ਨਿਰੰਤਰ ਮਸ਼ਕ ਦੀ ਬਹੁਤ ਲੋੜ ਹੈ। ਚੰਗੇ ਸੁਥਰੇ ਸ਼ਾਇਰਾਂ ਤਖ਼ਤ ਸਿੰਘ, ਜਗਤਾਰ, ਸ ਸ ਮੀਸ਼ਾ, ਕੰਵਰ ਚੌਹਾਨ, ਰ ਸ ਚੰਦ, ਤਨਵੀਰ ਬੁਖਾਰੀ, ਜ਼ਫ਼ਰ ਇਕਬਾਲ, ਸੁਰਜੀਤ ਪਾਤਰ, ਗੁਰਤੇਜ ਕੋਹਾਰਵਾਲਾ, ਤ੍ਰਲੋਕ ਸਿੰਘ ਅਨੰਦ, ਵਿਜੈ ਵਿਵੇਕ,ਸੁਖਵਿੰਦਰ ਅੰਮ੍ਰਿਤ, ਤ੍ਰੈਲੋਚਨ ਲੋਚੀ ਤੇ ਤਰਸੇਮ ਨੂਰ ਆਦਿ ਦੇ ਕਲਾਮ ਨਾਲ ਸਾਝ ਪਾ ਕੇ ਹੀ ਡੂੰਘਾਈ ਹਾਸਲ ਹੋ ਸਕੇਗੀ।
ਮੁਬਾਰਕਾਂ ਬੰਟੀ ਪੁੱਤਰ ਕਿਤਾਬ ਲਈ।
ਗੁਰਭਜਨ ਗਿੱਲ
Leave a Comment
Your email address will not be published. Required fields are marked with *