ਮਾਰਕਿਟ ਕਮੇਟੀ ਦੇ ਚੇਅਰਮੈਨ ਦੀ ਸ਼ਿਕਾਇਤ ‘ਤੇ ਪੁਲਿਸ ਵਲੋਂ ਦਿਨ-ਰਾਤ ਦਾ ਪਹਿਰਾ ਸ਼ੁਰੂ
ਸ਼ੈਲਰ ’ਚ ਸ਼ੱਕੀ ਹਾਲਤ ਵਿੱਚ ਪਿਆ ਹੈ ਝੋਨੇ ਦਾ 12 ਹਜਾਰ ਦੇ ਗਰੀਬ ਗੱਟਾ!
ਕੋਟਕਪੂਰਾ, 20 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਸਥਾਨਕ ਵਿਕਟੋਰੀਆ ਫੂਡ ਐਂਡ ਰਾਈਸ ਮਿਲਜ ਤੋਂ 20 ਹਜਾਰ ਦੇ ਕਰੀਬ ਝੋਨੇ ਦੇ ਭਰੇ ਨਜਾਇਜ ਗੱਟੇ ਮਿਲਣ ਤੋਂ ਬਾਅਦ ਖੁਰਾਕ ਸਪਲਾਈ ਵਿਭਾਗ, ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ, ਵਿਜੀਲੈਂਸ ਵਿਭਾਗ ਅਤੇ ਮਾਰਕਿਟ ਕਮੇਟੀ ਨੇ ਬਾਹਰਲਾ ਝੋਨਾ ਕੋਟਕਪੂਰਾ ਵਿਖੇ ਲਿਆ ਕੇ ਵੇਚਣ ਵਾਲਿਆਂ ’ਤੇ ਤਿੱਖੀ ਨਜਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਮਾਰਕਿਟ ਕਮੇਟੀ ਨੇ ਇਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸਥਾਨਕ ਮੁਕਤਸਰ ਸੜਕ ’ਤੇ ਸਥਿੱਤ ਕੋਠੇ ਬੇਰ ਵਾਲੇ ਵਿਖੇ ਬੰਦ ਪਏ ਸ਼ੈਲਰ ਵਿੱਚ ਸ਼ੱਕੀ ਕਿਸਮ ਨਾਲ ਰੱਖੇ ਝੋਨੇ ਦੀ ਜਾਂਚ ਕਰਦਿਆਂ ਉਕਤ ਬੰਦ ਪਏ ਸ਼ੈਲਰ ਦੇ ਮਾਲਕ ਨੂੰ ਨੋਟਿਸ ਜਾਰੀ ਕਰਕੇ ਪੁੱਛਗਿੱਛ ਕੀਤੀ ਹੈ। ਮਾਰਕਿਟ ਕਮੇਟੀ ਦੇ ਸੂਤਰਾਂ ਮੁਤਾਬਿਕ ਉਕਤ ਸ਼ੈਲਰ ਵਿੱਚ ਕਰੀਬ 12 ਹਜਾਰ ਗੱਟਾ ਝੋਨੇ ਦਾ ਪਿਆ ਹੈ, ਸ਼ੈਲਰ ਦੇ ਮਾਲਕਾਂ ਨੇ ਉੱਥੇ ਝੋਨਾ ਰੱਖਣ ਲਈ ਮਾਰਕਿਟ ਕਮੇਟੀ ਤੋਂ ਕੋਈ ਪ੍ਰਵਾਨਗੀ ਹਾਸਲ ਕਰਨ ਦੀ ਜਰੂਰਤ ਹੀ ਨਹੀਂ ਸਮਝੀ। ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਦੀ ਅਗਵਾਈ ਵਾਲੀ ਟੀਮ ਨੇ ਉੱਥੇ ਜਾ ਕੇ ਜਾਂਚ ਪੜਤਾਲ ਆਰੰਭ ਦਿੱਤੀ। ਹੁਣ ਮਾਰਕਿਟ ਕਮੇਟੀ ਦੀ ਬੇਨਤੀ ’ਤੇ ਪੁਲਿਸ ਨੇ ਦਿਨ ਰਾਤ ਦਾ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਚੇਅਰਮੈਨ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਰੇ ਮਾਲ ਦੀ ਵੀਡੀਉਗ੍ਰਾਫੀ ਕਰਨ ਉਪਰੰਤ ਐਚ.ਐਸ.ਓਵਰਸੀਜ. ਦੇ ਮਾਲਕ ਨੂੰ ਨੋਟਿਸ ਭੇਜਿਆ ਗਿਆ ਹੈ। ਉਹਨਾ ਦੱਸਿਆ ਕਿ ਉਕਤ ਝੋਨੇ ਦੇ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਕਿਸਾਨਾ ਦੀਆਂ ਜਮੀਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਅਗਲੇਰੀ ਕਾਰਵਾਈ ਲਈ ਮਾਰਕਿਟ ਕਮੇਟੀ ਵਲੋਂ ਬਕਾਇਦਾ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।