
ਪਰਮਿੰਦਰ ਕੌਰ
ਬਾਲ ਦਿਵਸ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਵਾਲੇ ਦਿਨ ਮਨਾਇਆ ਜਾਂਦਾ ਹੈ। ਕਿਉਂਕਿ ਨਹਿਰੂ ਜੀ ਨੂੰ ਬੱਚਿਆਂ ਨਾਲ ਬਹੁਤ ਲਗਾਅ ਸੀ ਤੇ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਅੱਜ ਦੇ ਬੱਚੇ ਹੀ ਕੱਲ੍ਹ ਦਾ ਭਾਰਤ ਬਣਾਉਣਗੇ। ਬੱਚਿਆਂ ਦੀ ਸਹੀ ਸਿੱਖਿਆ ਅਤੇ ਸਹੀ ਪਰਵਰਿਸ਼ ਹੀ ਉਨ੍ਹਾਂ ਨੂੰ ਵਧੀਆ ਇਨਸਾਨ ਬਣਾਉਂਦੀ ਹੈ। ਹਰ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਸਹੀ ਮੌਕੇ ਪ੍ਰਦਾਨ ਕਰਨ ਤਾਂ ਜੋ ਉਨ੍ਹਾਂ ਦੀ ਸ਼ਖਸੀਅਤ ਦਾ ਸਹੀ ਵਿਕਾਸ ਹੋ ਸਕੇ। ਬੱਚਾ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਇਸ ਉੱਤੇ ਜੋ ਵੀ ਲਿਖਿਆ ਜਾਂਦਾ ਹੈ ਉਹ ਹੀ ਉਸਦੀ ਸ਼ਖਸੀਅਤ ਦਾ ਰੂਪ ਬਣ ਜਾਂਦਾ ਹੈ। ਘਰੇਲੂ ਮਾਹੌਲ ਦਾ ਬੱਚੇ ਦੀ ਸ਼ਖਸੀਅਤ ਤੇ ਬਹੁਤ ਪ੍ਰਭਾਵ ਪੈਂਦਾ ਹੈ। ਜੇਕਰ ਘਰ ਦਾ ਮਾਹੌਲ ਸੁਖਾਵਾਂ ਨਹੀਂ ਤਾਂ ਬੱਚੇ ਦਾ ਉਹ ਵਿਕਾਸ ਨਹੀਂ ਹੋ ਸਕੇਗਾ ਜੋ ਹੋਣਾ ਚਾਹੀਦਾ ਸੀ। ਜੇਕਰ ਮਾਤਾ ਪਿਤਾ ਬੱਚੇ ਨੂੰ ਵਿਕਾਸ ਕਰਨ ਦੇ ਸਹੀ ਮੌਕੇ ਨਹੀਂ ਪ੍ਰਦਾਨ ਕਰ ਰਹੇ ਤਾਂ ਬੱਚਾ ਕਦੀ ਵੀ ਸਫਲ ਨਹੀਂ ਹੋ ਸਕਦਾ। ਜੇਕਰ ਮਾਤਾ ਪਿਤਾ ਬੱਚੇ ਲਈ ਆਦਰਸ਼ ਰੋਲ ਮਾਡਲ ਬਣ ਸਕਣ, ਬੱਚੇ ਨੂੰ ਵਧੀਆ ਸੰਸਕਾਰ ਦੇ ਸਕਣ ਤਾਂ ਉਸਦੀ ਸਫਲਤਾ ਯਕੀਨੀ ਹੈ। ਬਾਲ ਦਿਵਸ ਮਨਾਉਣ ਦਾ ਮਕਸਦ ਇਹੀ ਹੈ ਕਿ ਹਰ ਬੱਚੇ ਨੂੰ ਸਿੱਖਿਆ ਦੇ, ਵਿਕਾਸ ਦੇ ਸਹੀ ਮੌਕੇ ਮਿਲਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਨਾ ਰੱਖਿਆ ਜਾਵੇ। ਅੱਜ ਦੇ ਸਮੇਂ ਵਿੱਚ ਬੱਚਿਆਂ ਦੇ ਵਿਗੜਣ ਦਾ ਸਭ ਤੋਂ ਵੱਡਾ ਕਾਰਨ ਮੋਬਾਈਲ ਫੋਨ ਹਨ। ਇਸ ਦੀ ਲੋੜ ਤੋਂ ਜ਼ਿਆਦਾ ਵਰਤੋਂ ਇੱਕ ਨਸ਼ੇ ਦੀ ਤਰ੍ਹਾਂ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਇਸ ਜਗ੍ਹਾ ‘ਤੇ ਮਾਤਾ ਪਿਤਾ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ ਕਿ ਉਹ ਕਿਸ ਤਰ੍ਹਾਂ ਪਿਆਰ ਨਾਲ ਬੱਚਿਆਂ ਦੇ ਦੋਸਤ ਬਣ ਕੇ ਉਨ੍ਹਾਂ ਨੂੰ ਚੰਗੇ ਮਾੜੇ ਦੀ ਪਹਿਚਾਣ ਕਰਵਾਉਣ ।ਉਮਰ ਦਾ ਉਹ ਨਾਜ਼ੁਕ ਪੜਾਅ, ਜਿਸ ਨੂੰ ਅਸੀਂ ਕਿਸ਼ੋਰ ਅਵਸਥਾ ਦਾ ਨਾਂ ਦਿੰਦੇ ਹਾਂ। ਉਸ ਸਮੇਂ ਬੱਚੇ ਦਾ ਧਿਆਨ, ਦੇਖ-ਭਾਲ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਸਮੇਂ ਬੱਚੇ ਦੇ ਸਹੀ ਰਸਤੇ ਤੋਂ ਭਟਕ ਜਾਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਜੇਕਰ ਮਾਤਾ ਪਿਤਾ ਖੂਬਸੂਰਤੀ ਨਾਲ ਬੱਚੇ ਵੱਲ ਧਿਆਨ ਦੇਣ, ਉਸ ਤੇ ਆਪਣਾ ਵਿਸ਼ਵਾਸ ਬਣਾਉਣ ਤਾਂ ਇਹ ਤੂਫਾਨੀ ਵੇਗ ਵਾਲਾ ਸਮਾਂ ਵੀ ਸਹਿਜੇ ਹੀ ਨਿਕਲ ਜਾਂਦਾ ਹੈ। ਮਾਤਾ ਪਿਤਾ ਤੋਂ ਬਾਅਦ ਅਧਿਆਪਕ ਦੀ ਭੂਮਿਕਾ ਵੀ ਅਹਿਮ ਹੁੰਦੀ ਹੈ, ਜੇਕਰ ਅਧਿਆਪਕ ਬੱਚੇ ਰੂਪੀ ਕੱਚੀ ਮਿੱਟੀ ਨੂੰ ਸੋਹਣੀ ਤਰ੍ਹਾਂ ਤਰਾਸ਼ਦਾ ਹੈ ਤਾਂ ਯਕੀਨਨ ਹੀ ਉਸਦੀ ਇੱਕ ਖੂਬਸੂਰਤ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ। ਬੱਚੇ ਉਹ ਨਹੀਂ ਸਿੱਖਦੇ ਜੋ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਬਲਕਿ ਉਹ ਸਿੱਖਦੇ ਹਨ ਜੋ ਉਹ ਦੇਖਦੇ ਹਨ। ਬੱਚੇ ਉਹਨਾਂ ਅਧਿਆਪਕਾਂ ਨੂੰ ਆਪਣਾ ਆਦਰਸ਼ ਮੰਨਦੇ ਹਨ, ਜਿਨ੍ਹਾਂ ਨੂੰ ਉਹ ਪਸੰਦ ਕਰਦੇ ਹਨ। ਸੋ ਅੱਜ ਬਾਲ ਦਿਵਸ ਤੇ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਇਨ੍ਹਾਂ ਬੱਚਿਆਂ ਨੂੰ ਅੱਗੇ ਵਧਣ ਦੇ ਅਤੇ ਚੰਗੇ ਇਨਸਾਨ ਬਣਨ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਾਂਗੇ।
‘ਬੱਚਿਆਂ ਤੋਂ ਮਜ਼ਦੂਰੀ ਨਹੀਂ, ਸਕੂਲ ਦੀ ਦੂਰੀ ਤਹਿ ਕਰਵਾਈ ਜਾਵੇ। ਉਹਨਾਂ ਦੇ ਸਿਰ ‘ਤੇ ਤਸਲਾ ਨਹੀਂ,ਮੋਢੇ ਤੇ ਬਸਤਾ ਟੰਗਿਆ ਜਾਵੇ। ਉਹਨਾਂ ਨੂੰ ਉਨ੍ਹਾਂ ਦੇ ਅਧਿਕਾਰ ਦਿੱਤੇ ਜਾਣ ਤਾਂ ਜੋ ਉਹ ਸਹੀ ਇਨਸਾਨ ਬਣ ਸਕਣ।
ਪੰਜਾਬੀ ਅਧਿਆਪਕਾ
ਸਰਕਾਰੀ ਹਾਈ ਸਕੂਲ ਪਿੰਡੀ