ਕੋਟਕਪੂਰਾ, 14 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਜੋਕੇ ਤਕਨੀਕੀ ਯੁੱਗ ਦੇ ਚੱਲਦਿਆਂ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਦੀਆਂ ਲੀਹਾਂ ਨੂੰ ਉਕੇਰਨ ਲਈ ਐਸ.ਬੀ.ਆਰ.ਐਸ. ਗੁਰੂਕੁਲ ਵਲੋਂ ਇਕ ਸ਼ਾਲਾਘਾਯੋਗ ਪਹਿਲ ਕੀਤੀ ਗਈ। ਸਕੂਲ ’ਚ ਨਰਸਰੀ ਜਮਾਤ ਤੋਂ ਲੈ ਕੇ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ਐਡੂਵੇਟ ਇੰਟੇਗ੍ਰੇਟਿਡ ਕਰੀਕੁਲਮ ਜੋ ਕਿ ਬੰਗਲੌਰ ਦੀ ਇੱਕ ਤਕਨੀਕ ਅਧਾਰਤ ਐਜੂਕੇਸ਼ਨ ਕੰਪਨੀ ਹੈ, ਦਾ ਆਗਮਨ ਕੀਤਾ ਗਿਆ ਤਾਂ ਜੋ ਬੱਚੇ ਆਉਣ ਵਾਲੇ ਸਮੇਂ ’ਚ ਹੋਣ ਵਾਲੀਆਂ ਕਠਿਨ ਤੋਂ ਕਠਿਨ ਪ੍ਰੀਖਿਆਵਾਂ ਤੇ ਪ੍ਰਤੀਯੋਗਤਾਵਾਂ ’ਚ ਸਫਲਤਾ ਹਾਸਲ ਕਰ ਸਕਣ। ਐਡੂਵੇਟ ਸਿੱਖਿਆ ਦੇ ਖੇਤਰ ’ਚ ਇੱਕ ਅਜਿਹਾ ਪ੍ਰਸਿੱਧ ਨਾਮ ਹੈ, ਜਿਸ ਦੀ ਹੋਂਦ ਹੁਣ ਤੱਕ ਸਿਰਫ ਦਿੱਲੀ, ਹਰਿਆਣਾ, ਬੰਗਲੌਰ, ਪੁਣੇ, ਠਾਣੇ, ਗੁਜਰਾਤ, ਕੇਰਲਾ, ਕਰਨਾਟਕ ਅਤੇ ਮੁੰਬਈ ਵਰਗੇ ਮੈਟਰੋ ਸ਼ਹਿਰਾਂ ਦੀਆਂ ਵਿਦਿਅਕ ਸੰਸਥਾਂਵਾਂ ’ਚ ਪਾਇਆ ਜਾਂਦਾ ਹੈ ਪਰ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਪੰਜਾਬ ’ਚ ਮੋਗਾ ਜਿਲਾ ਦੀ ਐੱਸ.ਬੀ.ਆਰ.ਐੱਸ. ਗੁਰੂਕੁਲ ਇਕਲੌਤੀ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਨੇ ਐਡੂਵੇਟ ਦੀ ਸਿਖਿਅਕ ਪ੍ਰਣਾਲੀ ਨੂੰ ਪਹਿਲ ਦੇ ਅਧਾਰ ਉੱਤੇ ਆਪਣੇ ਸਕੂਲ ’ਚ ਲਾਗੂ ਕੀਤਾ ਹੈ। ਇਸ ਵਿਦਿਅਕ ਮਾਧਿਅਮ ਦੁਆਰਾ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੈਕਟੀਕਲ ਕਿੱਟ ਦੀ ਸਹਾਇਤਾ ਨਾਲ ਪੜਾਇਆ ਜਾਵੇਗਾ। ਇਸਦੇ ਨਾਲ ਸਕੂਲ ’ਚ ਐਡੂਵੇਟ ਮਾਧਿਅਮ ਰਾਹੀਂ ਪੜਾਉਣ ਲਈ ਅਧਿਆਪਕਾਂ ਨੂੰ ਖਾਸ ਤੌਰ ਤੇ ਐਡੂਵੇਟ ਪਾਠਕ੍ਰਮ, ਪਾਠ-ਯੋਜਨਾ ਅਤੇ ਹੋਰ ਰੌਚਕ ਗਤੀਵਿਧੀਆਂ ਬਾਰੇ ਜਾਣੂ ਕਰਵਾਉਣ ਲਈ ਖਾਸ ਐਡੂਵੇਟ ਟੈਬ ਮੁਹੱਈਆ ਕਰਵਾਏ ਜਾ ਰਹੇ ਹਨ ਜੋ ਕਿ ਬੱਚਿਆਂ ਦੇ ਗਿਆਨ ’ਚ ਦੁੱਗਣਾ-ਚੌਗੁਣਾ ਵਾਧਾ ਕਰਨਗੇ। ਇਸ ਪ੍ਰੋਗਰਾਮ ਦੌਰਾਨ ਐਜੂਵੇਟ ਕੰਪਨੀ ਦੇ ਖਾਸ ਬੁਲਾਰਿਆਂ ਵੱਲੋਂ ਮਾਪਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ ਗਿਆ, ਜਿੱਥੇ ਅਧਿਆਪਕਾਂ ਨੂੰ ਤਕਨੀਕ ਅਧਾਰਤ ਸਿੱਖਿਆ ਤੋਂ ਜਾਣੂ ਕਰਵਾਇਆ ਗਿਆ। ਉੱਥੇ ਹੀ ਪ੍ਰੋਗਰਾਮ ’ਚ ਆਏ ਮਾਪਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਤਕਨੀਕ ਦੁਆਰਾ ਬੱਚਿਆਂ ਤੇ ਪੜਾਈ ਨੂੰ ਲੈ ਕੇ ਵੱਧ ਰਹੇ ਤਣਾਅ ਨੂੰ ਘਟਾਇਆ ਜਾ ਸਕੇਗਾ ਤਾਂ ਜੋ ਬੱਚਿਆਂ ਅੰਦਰ ਸਿੱਖਿਆ ਪ੍ਰਤੀ ਦਿਲਚਸਪੀ ਪੈਦਾ ਹੋ ਸਕੇ। ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਵਲੋਂ ਮਾਪਿਆਂ ਅਤੇ ਐਡੂਵੇਟ ਦੇ ਖਾਸ ਬੁਲਾਰਿਆਂ ਮਨਪ੍ਰੀਤ ਸਿੰਘ ਅਤੇ ਮੁਨੀਸ਼ ਨਾਗਪਾਲ ਦਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਮਾਪਿਆਂ ਦੁਆਰਾ ਸਾਕਾਰਾਤਮਕ ਵਿਚਾਰ ਪੇਸ਼ ਕੀਤੇ ਗਏ ਅਤੇ ਸਕੂਲ ਨੂੰ ਇਸ ਪੱਧਰ ਤੱਕ ਪੁਹੰਚਦੇ ਦੇਖ ਕੇ ਮਾਪਿਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਆਪਣੇ ਵਿਚਾਰਾਂ ਰਾਹੀਂ ਕੀਤਾ।