ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀਆਂ ਹਦਾਇਤਾਂ ਮੁਤਾਬਿਕ ਨੇੜਲੇ ਪਿੰਡ ਨਾਨਕਸਰ ਦੇ ਗੁਰਦਵਾਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਾਏ ਜਾ ਰਹੇ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਦੌਰਾਨ ਜਾਗਰੂਕਤਾ ਵਾਲੀਆਂ ਕਾਪੀਆਂ ਵਿਦਿਆਰਥੀ/ਵਿਦਿਆਰਥਣਾ ਨੂੰ ਤਕਸੀਮ ਕਰਦਿਆਂ ਵਾਤਾਵਰਣ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ (ਕੈਨੇਡਾ) ਦੇ ਸਹਿਯੋਗ ਨਾਲ ਵਿਦਿਅਕ ਅਦਾਰਿਆਂ ’ਚ ਲੱਖਾਂ ਕਾਪੀਆਂ ਤਕਸੀਮ ਕੀਤੀਆਂ ਜਾ ਚੁੱਕੀਆਂ ਹਨ। ਉਹਨਾ ਦੱਸਿਆ ਕਿ ਯੂ.ਪੀ. ਬਿਹਾਰ ਵਰਗੇ ਰਾਜਾਂ ਨੂੰ ਪੰਜਾਬ ਤੋਂ ਬਹੁਤ ਪਿੱਛੇ ਅਤੇ ਪੱਛੜੇ ਦੱਸਣ ਵਾਲੇ ਪੰਜਾਬੀ ਹੁਣ ਸੁਚੇਤ ਹੋ ਜਾਣ, ਕਿਉਂਕਿ ਉਹਨਾਂ ਰਾਜਾਂ ਵਿੱਚ ਜੰਗਲ ਅਧੀਨ ਰਕਬਾ ਪੰਜਾਬ ਤੋਂ ਕਈ ਗੁਣਾ ਜਿਆਦਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਮੁਤਾਬਿਕ ਤੰਦਰੁਸਤ ਸਮਾਜ ਦੀ ਸਿਰਜਣਾ ਲਈ 33 ਫੀਸਦੀ ਰਕਬਾ ਜੰਗਲ ਅਧੀਨ ਹੋਣਾ ਜਰੂਰੀ ਹੈ ਪਰ ਪੰਜਾਬ ਵਿੱਚ ਸਿਰਫ ਸਾਢੇ 3 ਫੀਸਦੀ ਰਕਬਾ ਹੀ ਜੰਗਲ ਅਧੀਨ ਹੈ, ਧੜਾਧੜ ਜੰਗਲਾਂ ਦੀ ਹੋ ਰਹੀ ਕਟਾਈ ਵੀ ਕਿਸੇ ਖਤਰਨਾਕ ਰੁਝਾਨ ਅਤੇ ਖਤਰੇ ਦਾ ਸੰਕੇਤ ਹੈ। ਕੈਂਪ ਵਿੱਚ ਸ਼ਾਮਲ ਵਿਦਿਆਰਥੀ/ਵਿਦਿਆਰਥਣਾ ਨੇ ਪ੍ਰਣ ਕੀਤਾ ਕਿ ਉਹ ਜਨਮ ਦਿਨ, ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਵਿਆਹ ਦੀ ਵਰੇਗੰਢ ਜਾਂ ਬਜੁਰਗਾਂ ਦੀ ਯਾਦ ਵਿੱਚ ਹਮੇਸ਼ਾਂ ਪੌਦੇ ਲਾ ਕੇ ਉਹਨਾਂ ਦੀ ਸੰਭਾਲ ਯਕੀਨੀ ਬਣਾਉਣਗੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਚਾਰਕਾਂ ਡਾ ਅਵੀਨਿੰਦਰਪਾਲ ਸਿੰਘ, ਜਗਮੋਹਨ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ ਅਤੇ ਹਰਵਿੰਦਰਪਾਲ ਸਿੰਘ ਆਦਿ ਦੀ ਹਾਜਰੀ ਵਿੱਚ ਬੱਚਿਆਂ ਨੇ ‘ਜਾਗਾਂਗੇ ਜਗਾਵਾਂਗੇ-ਵਾਤਾਵਰਣ ਬਚਾਵਾਂਗੇ’ ਦੇ ਨਾਹਰੇ ਵੀ ਲਾਏ।