ਸਰਦੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ ਅਤੇ ਵੱਧਦੀ ਹੋਈ ਸਰਦੀ ਨੂੰ ਵੇਖ ਕੇ ਅਸੀਂ ਅਧਿਆਪਕਾਂ ਨੇ ਸੋਚਿਆ ਕਿ ਛੇਂਵੀ ਜਮਾਤ ਦੇ ਵਿਦਿਆਰਥੀਆਂ ਦਾ ਟੂਰ ਛੁੱਟੀਆਂ ਤੋ ਪਹਿਲਾਂ ਹੀ ਲੈ ਕੇ ਜਾਇਆ ਜਾਵੇ ਕਿਉਂ ਕਿ ਛੁੱਟੀਆਂ ਤੋ ਬਾਅਦ ਧੁੰਦ ਬਹੁਤ ਵੱਧ ਜਾਂਦੀ ਹੈ।ਇਸ ਸਬੰਧੀ ਮੀਟਿੰਗ ਕੀਤੀ ਗਈ । ਟੂਰ ਤੇ ਜਾਣ ਦਾ ਪ੍ਰਬੰਧ ਕਰਨ ਦੀ ਜਿਮੇਵਾਰੀ ਮੈਂਨੂੰ ਅਤੇ ਮੇਰੇ ਨਾਲ ਦੇ ਅਧਿਆਪਕ ਸ.ਮਨਜੀਤ ਸਿੰਘ ਨੂੰ ਦਿੱਤੀ ਗਈ। ਫਿਰ ਕੀ ਸੀ ਜਦੋਂ ਛੇਂਵੀ ਜਮਾਤ ਦੇ ਵਿਦਿਆਰਥੀਆਂ ਨੂੰ ਟੂਰ ਤੇ ਲੈਕੇ ਜਾਣ ਬਾਰੇ ਦੱਸਿਆ ਗਿਆ ਕਿ ਉਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਰ ਸਥਾਨਾਂ ਜਿਵੇਂ ਕਿ ਜਲਿਆਂਵਾਲਾ ਬਾਗ ਆਦਿ ਵਿਖੇ ਲੈ ਕੇ ਜਾਣਾ ਹੈ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਹ ਵਿਦਿਆਰਥੀ ਸਕੂਲ ਵਿੱਚ ਸਭ ਤੋ ਛੋਟੀ ਜਮਾਤ ਦੇ ਹੋਣ ਕਾਰਣ ਅਧਿਆਪਕਾਂ ਦੇ ਲਾਡਲੇ ਹਨ ਅਤੇ ਨਾਲ ਹੀ ਮੋਹ ਖੋਰੇ ਵੀ ਬਹੁਤ ਹਨ। ਹਰ ਅਧਿਆਪਕ ਨਾਲ ਇਹ ਅਪਣੱਤ ਦਿਖਾਉਂਦੇ ਹਨ। ਜਿਸ ਕਾਰਨ ਸਾਰੇ ਅਧਿਆਪਕਾਂ ਨੂੰ ਬਹੁਤ ਚੰਗੇ ਲੱਗਦੇ ਹਨ। ਸਾਰੀ ਛੇਵੀ ਜਮਾਤ ਮੇਰੇ ਕੋਲ ਆ ਗਈ ਤੇ ਵਿਦਿਆਰਥੀ ਵਾਰ ਵਾਰ ਟੂਰ ਤੇ ਜਾਣ ਬਾਰੇ ਪੁੱਛਣ ਲੱਗੇ ਕਿ ਜਿਵੇਂ ਉਹਨਾਂ ਨੂੰ ਸੱਚ ਨਹੀਂ ਆ ਰਿਹਾ ਹੋਵੇ। ਇਹਨਾਂ ਦੀ ਇਹ ਤਾਂਘ ਦੇਖ ਕਿ ਇੰਝ ਜਾਪਦਾ ਸੀ ਕਿ ਇਹਨਾਂ ਨੇ ਪਹਿਲੀ ਵਾਰ ਘਰ ਤੋ ਬਾਹਰ ਇੱਕਲੇ ਟੂਰ ਤੇ ਜਾਣਾ ਹੋਵੇ। ਅੱਧੀ ਛੁੱਟੀ ਹੋਣ ਤੇ ਨਜਾਰਾ ਦੇਖਣ ਵਾਲਾ ਸੀ,ਸਾਰੀ ਛੇਂਵੀ ਜਮਾਤ ਪੱਬਾ ਭਾਰ ਸੀ। ਇਹਨਾਂ ਦੀ ਅੱਡੀ ਜਮੀਨ ਤੇ ਨਹੀਂ ਲੱਗ ਰਹੀ ਸੀ। ਛੇਵੀ ਦੇ ਵਿਦਿਆਰਥੀ ਭੱਜ ਭੱਜ ਕੇ ਦੂਜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੂੰ ਟੂਰ ਤੇ ਜਾਣ ਬਾਰੇ ਦੱਸ ਰਹੇ ਸਨ ਅਤੇ ਨਾਲ ਹੀ ਆਪਣੇ ਆਪ ਵਿੱਚ ਮਾਣ ਵੀ ਮਹਿਸੂਸ ਕਰ ਰਹੇ ਸਨ । ਅੱਧੀ ਛੁੱਟੀ ਤੋ ਬਾਅਦ ਜੋ ਅਧਿਆਪਕ ਵੀ ਇਹਨਾਂ ਦੀ ਜਮਾਤ ਵਿੱਚ ਪੀਰੀਅਡ ਲਗਾਉਣ ਗਿਆ, ਇਹਨਾਂ ਨੇ ਹਰ ਅਧਿਆਪਕ ਤੋ ਪੱਛਿਆ ਕਿ ਇਹ ਸੱਚ ਹੈ ਕਿ ਸਾਡਾ ਟੂਰ ਜਾ ਰਿਹਾ ਹੈ। ਇਹਨਾਂ ਛੋਟੇ ਵਿਦਿਆਰਥੀਆਂ ਦੀ ਉਮੰਗ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਸੀ ਕਿ ਕਿਵੇਂ ਇਹ ਵਿਦਿਆਰਥੀ ਜੋਸ਼ ਨਾਲ ਭਰਪੂਰ ਹਨ ਅਤੇ ਕਿੰਨੀ ਖੁਸ਼ੀ ਜਾਹਰ ਕਰ ਰਹੇ ਹਨ। ਅਗਲੇ ਦਿਨ ਸਵੇਰੇ ਅੱਠ ਵਜੇ ਬੱਸ ਤੇ ਸਕੂਲ ਤੋ ਚੱਲਣਾ ਸੀ। ਅਸੀਂ ਸਕੂਲ ਅੱਗੇ ਬੱਸ ਲੈ ਕੇ ਪਹੁੰਚੇ ਤਾਂ ਇਹ ਛੋਟੇ ਛੋਟੇ ਵਿਦਿਆਰਥੀ 7:30 ਵਜੇ ਤੋਂ ਹੀ ਤਾਂਘ ਭਰੀਆਂ ਅੱਖਾਂ ਨਾਲ ਸਾਨੂੰ ਉਡੀਕ ਰਹੇ ਸਨ। ਇਹਨਾਂ ਦੀ ਤਾਂਘ ਦੇਖ ਕੇ ਬੱਸ ਦਾ ਮਾਲਕ ਜੋ ਕਿ ਬੱਸ ਦੇ ਨਾਲ ਹੀ ਗਿਆ ਸੀ, ਬਹੁਤ ਖੁਸ਼ ਹੋਇਆ। ਅਜੇ ਅਸੀਂ ਬੱਸ ਲੈ ਕੇ ਸਕੂਲ ਦੇ ਗੇਟ ਤੇ ਹੀ ਪੁੱਜੇ ਸੀ। ਇਹਨਾਂ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਭੱਜ ਕੇ ਬੱਸ ਵਿੱਚ ਸੀਟਾਂ ਮੱਲ ਲਈਆ। ਮੁੰਡਿਆਂ ਨੇ ਆਪਣੇ ਬੇਲੀਆਂ ਨਾਲ ਗਰੁੱਪ ਬਣਾ ਲਏ ਅਤੇ ਕੁੜੀਆਂ ਨੇ ਆਪਣੀਆਂ ਸਹੇਲੀਆਂ ਨਾਲ। ਇੰਝ ਜਾਪ ਰਿਹਾ ਸੀ ਜਿਵੇਂ ਇਹ ਵਿਦਿਆਰਥੀ ਵਿਆਹ ਤੇ ਚੱਲੇ ਹੋਣ, ਇੰਨਾ ਉਤਸ਼ਾਹ ਮੈਂ ਕਦੇ ਨਹੀ ਦੇਖਿਆ ਸੀ ਬੱਚਿਆਂ ਵਿੱਚ ਅਸੀਂ ਹੈਰਾਨ ਉਦੋ ਹੋਏ ਜਦੋਂ ਬੱਸ ਸਕੂਲ ਤੋ ਚੱਲਣ ਤੋ ਬਾਅਦ ਇਹਨਾਂ ਨੇ ਜੈਕਾਰੇ ਛੱਡੇ। ਫਿਰ ਕੀ ਸੀ ਬੱਸ ਵਿੱਚ ਇਹਨਾਂ ਦੀ ਖੁਸਰ ਪੁਸਰ ਸੁਰੂ ਹੋ ਗਈ। ਕੁਝ ਬੱਚੇ ਡਰਦੇ ਡਰਦੇ ਮੇਰੇ ਕੋਲ ਆਏ ਅਤੇ ਮੈਨੂੰ ਪੁੱਛਣ ਲੱਗੇ ਕਿ ਸਰ ਕੀ ਬੱਸ ਵਿੱਚ ਗੀਤ ਲੱਗ ਸਕਦੇ ਹਨ। ਮੈਂਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਗਏ ਕਿ ਜਦੋਂ ਅਸੀਂ ਮਨਾਲੀ ਟੂਰ ਤੇ ਗਏ ਸੀ ਤਾਂ ਅਸੀਂ ਉਦੋ ਇਸ ਤਰ੍ਹਾਂ ਹੀ ਡਰ ਡਰ ਕੇ ਆਪਣੇ ਪ੍ਰੋਫੈਸਰਾਂ ਨੂੰ ਬੱਸ ਵਿੱਚ ਗੀਤ ਲਗਾਉਣ ਲਈ ਮਨਾਇਆ ਸੀ। ਮੈਂ ਬੱਸ ਡਰਾਇਵਰ ਨੂੰ ਬੱਸ ਵਿੱਚ ਗੀਤ ਲਗਾਉਣ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਬੱਸ ਵਿੱਚ ਗੀਤ ਲਗਾਉਣ ਦਾ ਪ੍ਰਬੰਧ ਤਾਂ ਹੈ ਪਰ ਇਸ ਲਈ ਬਲੂ ਟੁਥ ਨਾਲ ਫੋਨ ਅਟੈਂਚ ਕਰਨਾ ਪਵੇਗਾ। ਮੈਂ ਬੱਸ ਵਿੱਚ ਐਲਾਨ ਕਰ ਦਿੱਤਾ ਕਿ ਬੱਸ ਵਿੱਚ ਬਲੁ ਟੁਥ ਨਾਲ ਫੋਨ ਅਟੈਂਚ ਕਰਨ ਲਈ ਉਪਲੱਬਧ ਨਹੀਂ ਹੈ ਸੋ ਗੀਤ ਨਹੀਂ ਲੱਗ ਸਕਦੇ। ਇਹ ਗੱਲ ਸੁਣ ਕੇ ਸਾਰੇ ਵਿਦਿਆਰਥੀ ਇੱਕ-ਦੂਜੇ ਨਾਲ ਫੋਨ ਨਾ ਲਿਆਉਣ ਲਈ ਗਿਲਾ ਕਰਨ ਲੱਗ ਪਏ ਅਤੇ ਉਦਾਸ ਹੋ ਕੇ ਬੈਠ ਗਏ। ਪਰ ਇਹਨਾਂ ਵਿੱਚੋ ਇੱਕ ਵਿਦਿਆਰਥੀ ਸੁਖਪ੍ਰੀਤ ਸਿੰਘ ਨੇ ਹੱਥ ਖੜਾ ਕਰ ਦਿੱਤਾ ਅਤੇ ਮੇਰੇ ਵੱਲ ਨੂੰ ਆਉਣ ਲੱਗਾ। ਮੈਂ ਜਦੋ ਉਸ ਵੱਲ ਦੇਖਿਆ ਤਾਂ ਉਸ ਦੇ ਹੱਥ ਵਿੱਚ ਮੋਬਾਇਲ ਫੋਨ ਸੀ ਤੇ ਉਹ ਇੰਜ ਆ ਰਿਹਾ ਸੀ ਜਿਵੇਂ ਕੋਈ ਖਿਡਾਰੀ ਮੈਚ ਜਿੱਤ ਕੇ ਬੜੇ ਹੀ ਮਾਣ ਨਾਲ ਸਟੇਜ ਵੱਲ ਨੂੰ ਆ ਰਿਹਾ ਹੋਵੇ। ਸਾਰੇ ਵਿਦਿਆਰਥੀ ਤਾੜੀਆਂ ਮਾਰ ਰਹੇ ਸਨ ਜਿਵੇਂ ਉਹਨਾਂ ਦੀ ਟੀਮ ਨੇ ਕੋਈ ਤਗਮਾ ਜਿੱਤ ਲਿਆ ਹੋਵੇ। ਮੇਰੇ ਕੋਲ ਆ ਕੇ ਉਹ ਕਹਿੰਦਾ “ ਸਰ ਜੀ, ਆ ਚੁੱਕੋ ਫੋਨ ਬੱਸ ਵਿੱਚ ਗੀਤ ਲਗਵਾ ਦਿਉ”। ਅਸੀਂ ਕਿਹਾ ਹੁਣ ਇਹ ਸਾਰੀ ਜਿੰਮੇਵਾਰੀ ਤੇਰੀ ਹੈ, ਤੂੰ ਵਧੀਆ ਅਤੇ ਸਭਿਆਚਾਰਕ ਗੀਤ ਹੀ ਲਗਾਉਣੇ ਹਨ। ਸੁਖਪ੍ਰੀਤ ਨੂੰ ਅਸੀਂ ਬੱਸ ਦੀ ਅਗਲੀ ਸੀਟ ਤੇ ਬੈਠਾ ਲਿਆ । ਫਿਰ ਸੁਰੂ ਹੋ ਗਿਆ ਫਰਮਾਇਸ਼ਾ ਦਾ ਦੌਰ, ਛੋਟੇ ਛੋਟੇ ਮੁੰਡੇ ਕੁੜੀਆਂ ਵੱਖ ਵੱਖ ਫਰਮਾਇਸ਼ਾਂ ਕਰ ਰਹੇਸਨ।”ਆਹ ਗੀਤ ਲਗਾ ਦੇ,ਉਹ ਗੀਤ ਲਗਾ ਦੇ”। ਸੁਖਪ੍ਰੀਤ ਬੇ-ਵੱਸ ਹੋ ਗਿਆ ਅਤੇ ਕਹਿੰਦਾ ਸਰ ਇੱਦਾ ਕੰਮ ਨਹੀਂ ਚੱਲਣਾ । ਅਸੀਂ ਬੱਸ ਵਿੱਚ ਐਲਾਨ ਕੀਤਾ ਕਿ ਜੋ ਵਿਦਿਆਰਥੀ ਨੱਚੇਗਾ ਜਾਂ ਸੋਲੋ ਡਾਂਸ ਕਰੇਗਾ ਤਾਂ ਉਸ ਦਾ ਮਨ-ਪਸੰਦ ਗੀਤ ਲਗਾਇਆ ਜਾਵੇਗਾ। ਸਾਡੇ ਸਕੂਲ ਦੀ ਛੋਟੀ ਜਿਹੀ ਅਤੇ ਬੜੀ ਮਾਸੂਮ ਵਿਦਿਆਰਥਣ ਮਨਪ੍ਰੀਤ ਕੋਰ ਕਹਿੰਦੀ ਮੇਰੇ ਮਨ-ਪਸੰਦ ਦਾ ਗੀਤ ਲਗਾਉ। ਮੈਂ ਨੱਚਣਾ ਹੈ। ਕੁਦਰਤੀ ਹੀ ਕੁਝ ਬੱਚਿਆਂ ਵਿੱਚ ਕੋਈ ਹੁਨਰ ਹੁੰਦਾ ਹੈ ਅਤੇ ਮਨਪ੍ਰੀਤ ਵਿੱਚ ਨੱਚਣ ਦਾ ਹੁਨਰ ਬਹੁਤ ਵਧੀਆ ਹੈ ।ਇਸ ਤਰ੍ਹਾਂ ਸੁਰੂ ਹੋ ਗਿਆ ਬੱਸ ਵਿੱਚ ਗੀਤਾਂ ਦਾ ਸਿਲਸਿਲਾ ਅਤੇ ਮਨਪ੍ਰੀਤ ਦੇ ਨਾਲ ਲੱਗਭਗ ਸਾਰੇ ਵਿਦਿਆਰਥੀ ਹੀ ਡਾਂਸ ਕਰਨ ਲੱਗ ਗਏ। ਇਹਨਾਂ ਛੋਟੇ ਵਿਦਿਆਰਥੀਆਂ ਨੂੰ ਨੱਚਦੇ ਹੋਏ ਦੇਖਣ ਦਾ ਨਜਾਰਾ ਵੱਖਰਾ ਹੀ ਸੀ। ਅਧਿਆਪਕਾਂ ਨੇ ਇਹਨਾਂ ਦੀਆ ਫੋਟੋ ਲੈਣੀਆਂ ਚਾਲੂ ਕਰ ਦਿੱਤੀਆ। ਮਨਪ੍ਰੀਤ ਨੂੰ ਵੱਖਰਾ ਹੀ ਚਾਅ ਸੀ ਅਤੇ ਇਹਨਾਂ ਛੋਟੇ ਬੇ-ਫਿਕਰੇ ਬੱਚਿਆਂ ਨੇ ਸ੍ਰੀ ਅਮ੍ਰਿਤਸਰ ਸਾਹਿਬ ਪਹੁੰਚਣ ਤੱਕ ਹਰ ਗੀਤ ਤੇ ਡਾਂਸ ਕੀਤਾ ਅਤੇ ਮਜਾ ਲਿਆ। ਇਹਨਾਂ ਨੂੰ ਦੇਖ ਕੇ ਸਾਨੂੰ ਆਪਣਾ ਬਚਪਨ ਯਾਦ ਆ ਗਿਆ। ਫਿਰ ਅਸੀਂ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਅਤੇ ਇੱਕ ਗੱਲ ਹੋਰ ਸਾਡੇ ਸਕੂਲ ਦੇ ਵਿਦਿਆਰਥੀ ਸਕੂਲ ਵਰਦੀ ਵਿੱਚ ਲਾਈਨਾਂ ਵਿੱਚ ਚੱਲ ਰਹੇ ਸਨ। ਇਹਨਾਂ ਮਾਸੂਮਾਂ ਨੇ ਆਪਣੀ ਲਿਆਕਤ ਅਤੇ ਅਨੁਸਾਸ਼ਨ ਨਾਲ ਸਾਰੀ ਆਈ ਹੋਈ ਸੰਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਫਿਰ ਅਸੀਂ ਅਜਾਇਬ ਘਰ ਗਏ ਅਤੇ ਇਥੇ ਕੁਝ ਸਮਾਂ ਰੁਕਣ ਤੋ ਬਾਅਦ ਲੰਗਰ ਲਈ ਲੰਗਰ ਹਾਲ ਵੱਲ ਚੱਲ ਪਏ। ਲੰਗਰ ਛੱਕਣ ਤੋ ਬਾਅਦ ਅਸੀਂ ਚਾਹ ਪੀਣ ਉਪਰੰਤ ਜਲਿਆਵਾਲੇ ਬਾਗ ਲਈ ਚੱਲ ਪਏ। ਰਸਤੇ ਵਿੱਚ ਛੇਵੀ ਦੀਆਂ ਵਿਦਿਆਰਥਣਾ ਮੇਰੇ ਕੋਲ ਆਈਆਂ ਅਤੇ ਕਹਿਣ ਲੱਗੀਆਂ ਸਰ ਇਥੇ ਗੋਰੇ/ਅੰਗਰੇਜ ਆਏ ਹੋਏ ਹਨ ਅਸੀਂ ਇਹਨਾਂ ਨਾਲ ਫੋਟੋ ਕਰਵਾਉਣੀ ਹੈ। ਬੱਚਿਆਂ ਦੇ ਵਾਰ-ਵਾਰ ਜਿੱਦ ਕਰਨ ਤੇ ਮੈਂ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਬ੍ਰਾਜੀਲ ਦੇ ਜੋੜੇ ਕੋਲ ਗਿਆ ਅਤੇ ਉਹਨਾਂ ਨੂੰ ਆਪਣੇ ਬਾਰੇ ਦੱਸਿਆ। ਇਸ ਨਾਲ ਹੀ ਮੈਂ ਇਹਨਾਂ ਨੂੰ ਦੱਸਿਆ ਕਿ ਕਿਵੇਂ ਇਹ ਬੱਚੇ ਉਹਨਾਂ ਨੂੰ ਮਿਲਣ ਲਈ ਉਤਾਵਲੇ ਹਨ। ਇਹ ਸੁਣ ਕੇ ਇਹ ਗੋਰੇ ਬਹੁਤ ਖੁਸ਼ ਹੋਏ ਤੇ ਮੇਰੇ ਨਾਲ ਹੀ ਬੱਚਿਆਂ ਕੋਲ ਆ ਗਏ। ਇਹ ਦੋਨੋ ਬ੍ਰਾਜੀਲ ਤੋ ਆਪਣੀ ਕਾਲਜ ਦੀ ਪੜ੍ਹਾਈ ਖਤਮ ਕਰਣ ਤੋ ਬਾਅਦ ਭਾਰਤ ਘੰਮਣ ਆਏ ਹੋਏ ਸਨ। ਸਾਡੇ ਵਿਦਿਆਰਥੀਆਂ ਨੇ ਇਹਨਾਂ ਨੂੰ ਇੰਝ ਘੇਰਾ ਪਾ ਲਿਆ ਜਿਵੇਂ ਹੁਣ ਇਹਨਾਂ ਨੂੰ ਇਥੋ ਜਾਣ ਨਾ ਦੇਣਾ ਹੋਵੇ। ਹਰ ਇੱਕ ਵਿਦਿਆਰਥੀ ਨੇ ਇਹਨਾਂ ਨਾਲ ਹੱਥ ਮਿਲਾਇਆ ਅਤੇ ਫਿਰ ਇਹਨਾਂ ਤੋ ਵਾਰ ਵਾਰ ਆਪਣਾ ਨਾਮ ਵੀ ਬੁਲਵਾਇਆ। ਭਾਵੇਂ ਇਹ ਗੋਰੇ ਭਾਸ਼ਾ ਨਹੀਂ ਸਮਝ ਰਹੇ ਸਨ ਪਰ ਇਹਨਾਂ ਛੋਟੇ ਛੋਟੇ ਵਿਦਿਆਰਥੀਆਂ ਦੀ ਉਤਸੁਕਤਾ ਅਤੇ ਅੱਖਾਂ ਦੀ ਚਮਕ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ। ਗੋਰੇ ਰੰਗ ਪ੍ਰਤੀ ਸਾਡੇ ਵਿਦਿਆਰਥੀਆਂ ਦੀ ਖਿੱਚ ਵੇਖ ਕੇ ਅਸੀਂ ਵੀ ਦੰਗ ਰਹਿ ਗਏ। ਇਹ ਵਿਦਿਆਰਥੀ ਗੋਰਿਆਂ ਨੂੰ ਦੂਰ ਤੱਕ ਜਾਂਦੇ ਹੋਏ ਵੀ ਤੱਕਦੇ ਰਹੇ। ਫਿਰ ਅਸੀਂ ਜਲਿਆਵਾਲੇ ਬਾਗ ਪਹੁੰਚ ਗਏ। ਮੈਨੂੰ ਇਹਨਾਂ ਵਿਦਿਆਰਥੀਆਂ ਨਾਲ ਆ ਕੇ ਬੜਾ ਸਕੂਨ ਮਿਲਿਆ ਕਿਉਂਕਿ ਇਹ ਇੰਨੇ ਉਤਸ਼ਾਹ ਨਾਲ ਭਰਪੂਰ ਸਨ ਕਿ ਸਾਨੂੰ ਹਰ ਇੱਕ ਨਵੀ ਚੀਜ ਦੇਖ ਕੇ ਚਾਅ ਨਾਲ ਬਹੁਤ ਸਵਾਲ ਕਰ ਰਹੇ ਸਨ। ਇਹ ਇਥੇ ਕਿਉਂ ਹੈ ਅਤੇ ਇਹ ਇਥੇ ਕਿਵੇਂ ਹੈ। ਵਾਪਸੀ ਦੇ ਰਸਤੇ ਵਿੱਚ ਅਸੀਂ ਇਹਨਾਂ ਨੂੰ ਹਰੀਕੇ ਪੁੱਲ ਤੇ ਰੁਕ ਕੇ ਚਾਹ ਅਤੇ ਸਨੈਕਸ ਖੁਆਏ। ਇਹ ਵਿਦਿਆਰਥੀ ਇਥੇ ਵੀ ਬੜੇ ਅਦਬ ਨਾਲ ਬੈਠੇ ਅਤੇ ਇਹਨਾਂ ਵਿੱਚ ਵੱਖਰੀ ਹੀ ਖੁਮਾਰੀ ਸੀ। ਅਸੀਂ ਸਾਮ ਸੱਤ ਵਜੇ ਸਕੂਲ ਪਹੁੰਚ ਗਏ। ਅਗਲੇ ਦਿਨ ਸਕੂਲ ਪੁੱਜਾ ਤਾਂ ਦੇਖਿਆ ਸਾਰੀ ਛੇਵੀ ਜਮਾਤ ਸਭ ਤੋ ਪਹਿਲਾਂ ਹੀ ਸਕੂਲ ਪੁੱਜੀ ਹੋਈ ਸੀ । ਮੈਂ ਅਜੇ ਕਾਰ ਵਿੱਚੋ ਬਾਹਰ ਹੀ ਆਇਆ ਸੀ ਕਿ ਇਹਨਾਂ ਨੇ ਮੈਨੂੰ ਘੇਰਾ ਪਾ ਲਿਆ। ਸਾਰਿਆਂ ਨੂੰ ਹੀ ਟੂਰ ਦੀਆਂ ਗੱਲਾਂ ਕਰਨ ਦਾ ਚਾਅ ਸੀ ਅਤੇ ਨਾਲ ਹੀ ਪੁੱਛ ਰਹੇ ਸਨ ਕਿ ਸਰ ਗੋਰੇ ਚਲੇ ਗਏ ਹੋਣਗੇ ਕਿ ਨਹੀਂ।ਇਹਨਾਂ ਦੀ ਖੁਸ਼ੀ ਵੇਖ ਕਿ ਮੈਨੂੰ ਲੱਗਿਆ ਕਿ ਸਿੱਖਿਆ ਵਿਭਾਗ ਪੰਜਾਬ ਦਾ ਛੇਵੀ ਜਮਾਤ ਨੂੰ ਟੂਰ ਤੇ ਭੇਜਣ ਦਾ ਉਪਰਾਲਾ ਬਹੁਤ ਵਧੀਆ ਕਦਮ ਹੈ। ਇਹਨਾਂ ਨੂੰ ਟੂਰ ਤੇ ਭੇਜ ਕੇ ਵਿਭਾਗ ਨੇ ਪੁੰਨ ਦਾ ਕੰਮ ਕੀਤਾ ਹੈ ਕਿਉਂਕਿ ਇਹ ਅਜੇ ਅਣਖਿੜੇ ਫੁੱਲਾਂ ਵਰਗੇ ਹਨ। ਵੱਡੇ ਸਕੂਲ ਵਿੱਚ ਦਾਖਲੇ ਦੇ ਪਹਿਲੇ ਸਾਲ ਹੀ ਇਹਨਾਂ ਨੂੰ ਇੰਨੀ ਖੁਸ਼ੀ ਮਿਲੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਹਨਾਂ ਦਾ ਪਿਆਰ ਸਕੂਲ ਨਾਲ ਹੋਰ ਗਹਿਰਾ ਹੋ ਜਾਵੇਗਾ।
ਲੇਖਕ ਮਨੋਜ ਕੁਮਾਰ ਵਧਾਵਨ
ਮੋਬਾ: 9815017800
Leave a Comment
Your email address will not be published. Required fields are marked with *