ਮਾਂ —(ਪੁੱਤ ਨੂੰ ਅਵਾਜ ਮਾਰਦੀ ਹੋਈ )–ਜੀਤੇ –ਵੇ ਜੀਤਿਆ— ਧੀਏ —ਜੀਤਾ ਕਿੱਧਰ ਗਿਆ ਏ ?
ਨੁੰਹ— ਮਾਂ ਜੀ ਉਹ ਅੱਡੇ ਤੇ ਗਿਆ ਏ ਸਬਜੀ ਲੈਣ,ਪਤਾ ਨਹੀਂ ਕਦੋਂ ਮੁੜੂਗਾ,ਵਾਹਵਾ ਈ ਚਿਰ ਦਾ ਗਿਆ ਏ,
ਮਾਂ –ਅੱਛਾ –ਛੇਤੀ ਆਵੇ ਤਾਂ — ਤਾਂ ਈਂ ਏਂ— ਸੇਵਾ ਕੇਂਦਰ ਵੀਂ ਜਾਣਾ ਏਂ, ਅਧਾਰ ਕਾਰਡ ਬਣਵਾਉਣ
ਜੀਤਾ — (ਬਾਹਰੋਂ ਆਉਂਦਿਆਂ ਈਂ )ਆਹ ਲੈ ਫੜ੍ਹ ਗੋਭੀ, ਆਲੂ ਊਲੂ ਜਰਾ ਵੱਧ ਪਾ ਲੲੀਂ ,ਬੜੀ ਮਹਿੰਗੀ ਲਾਈ ਆ ਗੋਭੀ ,ਪੂਰੇ 120 ਰੁਪੀਏ ਲਾਏ ਆ ਕਿਲੋ ਦੇ, ਜਦੋਂ ਅਸੀਂ ਗੋਭੀ ਲਾਈ ਸੀ, ਕਿਸੇ ਨੇ ਪੰਜ ਰੁਪੲੀਏ ਵੀ ਨਹੀਂ ਚੁੱਕੀ ਮੰਡੀ ਚੋਂ, ਦੁਕਾਨਾਂ ਵਾਲੇ ਤਾਂ ਲੁੱਟ ਮਚਾਈ ਖੜ੍ਹੇ ਆ,
ਮਾਂ — ਆ ਗਿਆਂ ਪੁੱਤ ?
ਜੀਤਾ — ਆਹੋ ਮਾਂ—- ਆ ਗਿਆਂ ਵਾਂ.
ਮਾਂ—ਛੇਤੀ ਕਰ ਸੇਵਾ ਕੇਂਦਰ ਜਾਣਾ ਏਂ ਅਧਾਰ ਕਾਰਡ ਵਾਸਤੇ , ਔਤਰਾ ਜਦੋਂ ਦਾ ਅਧਾਰ ਕਾਰਡ ਗੁੰਮ ਹੋਇਆ ,ਕਦੇ ਘਰੋਂ ਈ ਨਹੀਂ ਨਿੱਕਲੀ, ਛਿੰਦੋਂ ਭੈਣ ਤੇਰੀ ਕਹਿੰਦੀ ਸੀ, ਬੇਬੇ ਮੇਰੇ ਕੋਲ ਛੇਤੀ ਛੇਤੀ ਗੇੜਾ ਮਾਰ ਜਾਇਆ ਕਰ,ਤੇਰਾ ਕਿਹੜਾ ਕਿਰਾਇਆ ਲੱਗਣਾ ਏਂ ? ਆਧਾਰ ਕਾਰਡ ਹੱਥ ਚ ਫੜਿਆ ਕਰ ਤੇ ਚੜ੍ਹ ਆਇਆ ਕਰ , ਅੱਗੋਂ ਆਪੇ ਸੋਨੂੰ ਲੈ ਆਇਆ ਕਰੂਗਾ,
ਜੀਤਾ – ਆਹ ਲੈ ਫੜ੍ਹ ਆਪਣਾ ਅਧਾਰ ਕਾਰਡ, ਮੈਂ ਕੱਲ੍ਹ ਦਾ ਈ ਕਢਵਾ ਲਿਆ ਸੀ ਮੈਨੂੰ ਪਤਾ ਸੀ ਤੂੰ ਆਧਾਰ ਕਾਰਡ ਤੋਂ ਬਿਨਾ ਰੋਟੀ ਵੀ ਨਹੀਂ ਖਾਣੀ— ਬੇਬੇ ਹੁਣ ਤੂੰ ਵਡੇਰੀ ਉਮਰ ਦੀ ਹੋ ਗੲੀ ੲੇਂ ,ਘਰੇ ਟਿੱਕ ਕੇ ਬਹਿ ਜਾਇਆ ਕਰ, ਨਾਲੇ ਹੁਣ ਤੇਰੇ ਕੋਲੋਂ ਚੜ੍ਹਿਆ ਉੱਤਰਿਆ ਨਹੀਂ ਜਾਣਾ ਬੱਸ ਚ, ਐਵੇਂ ਕਿਤੇ ਸੱਟ ਫੇਟ ਨਾ ਲਵਾ ਲੲੀਂ, ਮੈਂ ਆਪੇ ਤੈਨੂੰ ਮੋਟਰ ਸਾਇਕਲ ਤੇ ਮਿਲਾ ਲਿਆਂਵਾਂਗਾ,
ਮਾਂ–ਤੂੰ ਫਿਕਰ ਨਾ ਕਰ ਪੁੱਤ, ਮੇਰੇ ਤੁਰਦੇ ਨੇ ਗੋਡੇ ਅਜੇ ਤੱਕ, ਜਦੋਂ ਮੈਂ ਮੰਜੇ ਤੇ ਬਹਿ ਗੲੀ ਨਾ, ਉਦੋਂ ਕੀਹ੍ਹਨੇ ਮੈਨੂੰ ਲੈ ਕੇ ਜਾਣਾ ਮਿਲਾਉਣ, ਚੰਗਾ ਸਗੋਂ ਤੈਨੂੰ ਖੇਚਲ ਨਹੀਂ ਪਾਉਂਦੀ, ਤੂੰ ਆਪਣਾ ਕੰਮ ਧੰਦਾ ਕਰਿਆ ਕਰ, ਮੈਂ ਆਪੇ ਦੋ ਤਿੰਨ ਰਹਿ ਕੇ ਮੁੜ ਆਂਵਾਂਗੀ, ਇਹ ਤਾਂ ਭਲਾ ਹੋਵੇ ਸਰਕਾਰ ਦਾ ਜਿੰਨ੍ਹੇ ਜਨਾਨੀਆਂ ਦਾ ਕਿਰਾਇਆ ਮਾਫ ਕਰਤਾ, ਸਾਡੇ ਲਈ ਤਾਂ ਬਹੁਤ ਚੰਗਾ ਕੀਤਾ ੲੇ ਸਰਕਾਰ ਨੇ,
ਜੀਤਾ –ਆਹੋ ਤੁਹਾਡੇ ਲੲੀ ਚੰਗਾ ਕੀਤਾ ਏ ਨਾ, ਪਰ ਬੰਦਿਆ ਲੲੀ ਤਾਂ ਬਹੁਤ ਮਾੜਾ ਕੀਤਾ ਏ, ਤੇਰੇ ਵਰਗੀਆਂ ਵਿਹਲੜਾਂ, ਜਿੰਨਾਂ ਨੂੰ ਘਰੇ ਕੋਈ ਕੰਮ ਨਹੀਂ ਹੁੰਦਾ, ਉਹ ਮਾਰਦੀਆਂ ਨੇ ਕਛਮੇ ਝੋਲਾ ਤੇ ਫੜ੍ਹਦੀਆਂ ਨੇ ਆਧਾਰ ਕਾਰਡ ਤੇ ਤੁਰ ਪੈਂਦੀਆਂ ਨੇ ਘਰੋਂ, ਕਦੇ ਕਿਸੇ ਕੋਲ ਤੇ ਕਦੇ ਕਿਸੇ ਕੋਲ,ਤੇ ਮੰਦਾ ਮੰਗਦੀਆਂ ਜੇ ਪਾਹ੍ਹੜੂਆਂ ਦਾ, ਗੋਲੂ ਵਰਗੇ ਕੲੀ ਵਿਚਾਰੇ ਅੱਡੇ ਤੇ ਖੜ੍ਹੇ ਖੜ੍ਹੇ ਈ ਲੇਟ ਹੋ ਜਾਂਦੇ ਨੇ, ਜਿਸ ਅੱਡੇ ਤੇ ਤੇਰੇ ਵਰਗੀਆਂ ਦਸ ਬਾਂਰਾਂ ਚਿੱਟੇ ਲੀੜੇ ਲੈ ਕੇ ਖੜ੍ਹੀਆਂ ਹੁੰਦੀਆਂ ਨੇ ਨਾਂ, ਉੱਥੇ ਸਰਕਾਰੀ ਬੱਸ ਕੋਈ ਰੁਕਦੀ ਨਹੀਂ, ਤੇ ਵਿਚਾਰਿਆਂ ਕੋਲ ਬੱਸ ਪਾਸ ਹੁੰਦਿਆਂ ਹੋਇਆਂ ਵੀਂ ਪ੍ਰਾਈਵੇਟ ਬੱਸਾਂ ਤੇ ਧੱਕੇ ਖਾਂਣੇ ਪੈਂਦੇ ਨੇ , ਪਿਛਲੀ ਵਾਰੀ ਆਪਣਾ ਗੋਲੂ ਜਨਾਨੀਆਂ ਸਵਾਰੀਆਂ ਦੀ ਵਜ੍ਹਾ ਕਰਕੇ ਬੱਸ ਤੇ ਨਹੀਂ ਚੜ੍ਹ ਸਕਿਆ, ਬੱਸ ਕੋਈ ਰੁਕੀ ਨਹੀਂ ਤੇ ਆਪਣਾ ਪੇਪਰ ਨਹੀਂ ਦੇ ਸਕਿਆ,ਲੇਟ ਹੋ ਗਿਆ ਤੇ, ਉਹਦਾ ਪੂਰਾ ਸਾਲ ਮਾਰਿਆ ਗਿਆ,
ਮਾਂ—(ਗੁੱਸੇ ਵਿੱਚ) ਚੱਲ ਹੁਣ ਬੱਸ ਵੀ ਕਰ ਕੇ ਲਚਕਰ ਈ ਕਰਨ ਲੱਗ ਪਿਆਂ ਏਂ, –ਲੈ ਬਾਬਾ —ਨਹੀਂ ਜਾਂਦੀ ਕਿਤੇ,
ਜੀਤਾ— ਜੇ ਕਿਤੇ ਮੇਰੇ ਵੱਸ ਹੋਵੇ ਨਾ, ਜਾਂ ਤਾਂ ਮੈਂ ਸਾਰਾ ਕਿਰਾਇਆ ਬੰਦਿਆਂ ਦਾ ਵੀ ਮਾਫ ਕਰਵਾਂਵਾਂਗਾ, ਤੇ ਜਾਂ ਫਿਰ ਦੋਵਾਂ ਦਾ ਈ ਕਿਰਾਇਆ ਹਾਫ ਹਾਫ ਕਰਾਂ, ਮੈਂ ਸਰਕਾਰ ਨੂੰ ਪੁੱਛਣਾ ਚਾਹੰਨਾ ਵਾਂ ਬਈ ਇਸ ਕਿਰਾਏ ਵਾਲੇ ਮਸਲੇ ਤੇ ਬੰਦਿਆਂ ਨੂੰ ਕਿਉਂ ਪਿੱਛੇ ਛੱਡ ਤਾ—-ਜੇ ਕਿਤੇ ਦੋਵਾਂ ਜੀਆਂ ਵਿੱਚ ਕੋਈ ਮਾੜੀ ਮੋਟੀ ਘਰ ਵਿੱਚ ਗੱਲ ਕੋਈ ਹੋ ਜਾਂਦੀ ਏ, ਜਨਾਨੀ ਚੁੱਕਦੀ ਏ ਲੀੜਾ ਤੇ ਬਿਨਾਂ ਦੱਸੇ ਤੁਰ ਪੈਂਦੀ ਏ ਚੱਲ ਪੇਕਿਆਂ ਨੂੰ —–
ਮਾਂ—ਤੇਰੀ ਕਿੰਨੀਆਂ ਕੂੰ ਵਾਰੀ ਰੁੱਸ ਕੇ ਗੲੀ ਏ ਪੇਕਿਆਂ ਨੂੰ ?
ਜੀਤਾ—-ਆਪਾਂ ਤਾਂ ਬੇਬੇ ਹੁਣ ਉਹਦੇ ਅੱਗੇ ਉੱਚੀ ਬੋਲਣਾ ਵੀ ਛੱਡਤਾ ਏ, ਮੈਨੂੰ ਪਤਾ ਏ ਇਹਨੇ ਕਿਹੜਾ ਕਿਰਾਇਆ ਮੰਗਣਾ ਏਂ —ਬੱਸ ਤੁਰ ਈ ਪੈਣਾ ਏਂ——–ਹਾ–ਹਾ–ਹਾ—
–ਵੀਰ ਸਿੰਘ ਵੀਰਾ –ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰਮੁਹੰਮਦ ਮੋਬ–9855069972–9780253156
Leave a Comment
Your email address will not be published. Required fields are marked with *