ਰੱਖ ਲਵੋ ਮੇਰੇ ਨਾਮ ‘ਤੇ
ਸਕੂਲਾਂ ਕਾਲਜਾਂ ਦੇ ਨਾਮ
ਟੰਗ ਦੇਵੋ ਦਫ਼ਤਰਾਂ ਵਿਚ
ਮੇਰੀਆਂ ਫੋਟੋਆਂ
ਆਪਣੇ ਬੱਚਿਆਂ ਨੂੰ
ਭੇਜ ਦੇਵੋ ਵਿਦੇਸ਼
ਗੁਆਂਢੀ ਦੇ ਘਰ ਵਿਚ
ਲੋਚਦੇ ਰਹੋ ਮੇਰਾ ਜਨਮ
ਮਨਾ ਲਵੋ ਮੇਰਾ ਦਿਹਾੜਾ
ਸਾਲ ਦਰ ਸਾਲ
ਸੈਮੀਨਾਰਾਂ ਵਿਚ ਬੋਲੋ
ਇਨਕਲਾਬ ਦੇ ਨਾਅਰੇ
ਖਿਚਵਾ ਲਵੋ ਫੋਟੋਆਂ
ਮੇਰੇ ਬੁੱਤ ਦੇ ਨਾਲ
ਭੇਜ ਦੇਵੋ ਅਖ਼ਬਾਰਾਂ ਨੂੰ
ਪਹਿਲੇ ਪੰਨੇ ‘ਤੇ ਛਪਣ ਲਈ
ਤੁਰਦੇ ਰਹੋ ਹਮੇਸ਼ਾ
ਖੱਬੇ ਹੱਥ ਹੋ ਕੇ
ਕਤਰਾਉਂਦੇ ਰਹੋ
ਸੱਚ ਬੋਲਣ ਤੋਂ
ਰੰਗਾਂ ਤੇ ਵੀ ਦੁਸਟਾਂ ਨੇ
ਕਰ ਲਿਆ ਹੈ ਕਬਜ਼ਾ
ਲਲਾਰੀ ਭਗਵੇ ਨੂੰ
ਬਸੰਤੀ ਕਹਿ ਕੇ ਰੰਗ ਰਹੇ ਨੇ
ਬਸੰਤੀ ਪੱਗ ਬੰਨ੍ਹ ਕੇ
ਸਟੇਜ ‘ਤੇ ਚੜ੍ਹ ਜਾਂਦੇ ਨੇ
ਦੇ ਕੇ ਭਾਸ਼ਣ
ਖੱਟਦੇ ਨੇ ਵਾਹ ਵਾਹ
ਮੈਂ ਮੋੜ ਕੇ ਰੱਖ ਗਿਆ ਸਾਂ
ਕਿਤਾਬ ਦਾ ਪੰਨਾ
ਪੜ੍ਹੇਗੀ ਇਸ ਤੋਂ ਅੱਗੇ
ਮੇਰੀ ਨਵੀਂ ਪੀੜ੍ਹੀ
ਨੌਜਵਾਨਾਂ ਦੇ ਹੱਥ ਵਿਚੋਂ
ਖੋਹ ਲਈ ਗਈ ਹੈ ਕਿਤਾਬ
ਫੜਾ ਦਿੱਤਾ ਗਿਆ ਹੈ
ਚਿੱਟੇ ਦਾ ਟੀਕਾ
ਭੈ ਅਤੇ ਲਾਲਚ ਦੇ
ਰਸਾਇਣ ਪਾ ਪਾ ਕੇ
ਵਧਾ ਦਿੱਤੀ ਗਈ ਹੈ
ਕੱਲਰ ਦੀ ਮਾਤਰਾ
ਬੰਜਰ ਦਿਮਾਗ਼ਾਂ ਵਿਚ
ਕ੍ਰਾਂਤੀ ਦੇ ਬੀਜ ਨਹੀਂ ਪੁੰਗਰਦੇ
ਲਾਜ਼ਮੀ ਹੈ ਦਿਮਾਗ਼ਾਂ ਦਾ
ਜ਼ਰਖ਼ੇਜ਼ ਹੋਣਾ
ਮੇਰੀ ਸੋਚ ਸੁਲਗਦੀ ਏ
ਮਰੀ ਨਹੀਂ ਅਜੇ
ਜਿਸ ਦਿਨ ਭਾਂਬੜ ਉੱਠਿਆ
ਸਾੜ ਦੇਵੇਗਾ ਸਕਾਟ ਨੂੰ
ਨਰਿੰਦਰਜੀਤ ਸਿੰਘ ਬਰਾੜ
9815656601