ਸਪੀਕਰ ਸੰਧਵਾਂ ਨੇ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਨਵੇਂ ਪੁਲਾਂ ਦਾ ਨੀਂਹ ਪੱਥਰ ਰੱਖਿਆ
ਕੋਟਕਪੂਰਾ, 4 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਨਵੇਂ ਪੁਲਾਂ ਦਾ ਨੀਂਹ ਪੱਥਰ ਰੱਖਿਆ[ ਉਨ੍ਹਾਂ ਦੱਸਿਆ ਕਿ ਇਹ ਪੁਲ ਲਗਭਗ 1950 ਦੇ ਬਣੇ ਹੋਏ ਸਨ ਜੋ ਕਿ ਖਸਤਾ ਹਾਲਤ ਵਿੱਚ ਸਨ ਅਤੇ ਭੀੜੇ ਬਣੇ ਹੋਣ ਕਾਰਨ ਵੱਡੇ ਵਹੀਕਲ ਲੰਘਾਉਣ ਵਿੱਚ ਬਹੁਤ ਦਿੱਕਤ ਆਉਂਦੀ ਹੈ। ਉਹਨਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਕਾਫੀ ਲੰਮੇ ਸਮੇਂ ਤੋਂ ਇਹਨਾਂ ਪੁਲਾਂ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਪਿੰਡ ਫਿਡੇ ਕਲਾਂ, ਢੀਮਾਂਵਾਲੀ ਅਤੇ ਮਚਾਕੀ ਨਜ਼ਦੀਕ ਰਾਜਸਥਾਨ ਅਤੇ ਸਰਹੰਦ ਫੀਡਰ ਦੇ ਤਿੰਨ ਪੁਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਪੁਲ ਸਟੀਲ ਦੇ ਬਣਾਏ ਜਾਣਗੇ, ਇਸ ਨਾਲ ਟਰੈਫਿਕ ਨੂੰ ਤਾਂ ਨਿਜਾਤ ਮਿਲੇਗੀ ਹੀ ਅਤੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਜਿਹੇ ਕੰਮਾਂ ਨੂੰ ਤਰਜੀਹ ਦੇ ਕੇ ਨੇਪਰੇ ਚੜਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੋਟਕਪੂਰਾ ਹਲਕੇ ਦੇ ਵਿਕਾਸ ਲਈ ਇਸ ਤੋਂ ਪਹਿਲਾਂ ਸੜਕਾਂ, ਸੀਵਰੇਜ, ਗਲੀਆਂ ਆਦਿ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਇਲਾਕੇ ਦੀ ਨੁਹਾਰ ਸੁਧਾਰਨ ਲਈ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਉਹਨਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰ ਲਿਆ ਜਾਵੇਗਾ।