“ਵੱਧ ਤੋਂ ਵੱਧ ਸਮਰਥਨ ਕਰਦਿਆਂ ਹੋਇਆਂ ਇੰਨਾਂ ਪਰਿਵਾਰਾਂ ਕੋਲ ਹਾਜ਼ਰੀ ਲਗਵਾਉ”
22 ਫਰਵਰੀ ਤੋਂ ਹੀ ਜਦੋਂ ਦਾ ਪਤਾ ਲੱਗਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਭੁੱਖ ਹੜਤਾਲ ਉੱਤੇ ਬੈਠ ਗਏ ਹਨ ਤਾਂ ਬੜਾ ਹੀ ਮਨ ਦੁੱਖੀ ਹੋਇਆ ਸੀ। ਅੱਜ 23 ਫਰਵਰੀ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਅਤੇ ਹੋਰ ਸਿੰਘਾਂ ਦੇ ਪਰਿਵਾਰਕ ਮੈਂਬਰ ਭੁੱਖ ਹੜਤਾਲ ਉੱਤੇ ਬੈਠੇ ਹਨ, ਉੱਨਾਂ ਸਭ ਦੇ ਦਰਸ਼ਨ ਕਰਕੇ ਆਈ ਹਾਂ। ਉਨਾਂ ਦਾ ਹਾਲ ਪੁੱਛ ਕੇ ਉਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਮਨ ਬੜਾ ਉਚਾਟ ਹੋਇਆ। ਜਿੰਨਾਂ ਮਾਵਾਂ ਦੇ ਪੁੱਤ ਪਿਛਲੇ ਇੱਕ ਸਾਲ ਤੋਂ ਜੇਲਾਂ ਵਿੱਚ ਬੰਦ ਹੋਣ ਕਿ ਉਹ ਮਾਵਾਂ ਸੋਖੀਆਂ ਨੇ? ਕਿ ਉਨਾਂ ਮਾਵਾਂ ਦੇ ਟਿੱਡੋਂ ਬਦਅਸੀਸਾਂ ਨਹੀਂ ਨਿਕਲਦੀਆਂ? ਕਿ ਉਨਾਂ ਬੱਚਿਆਂ ਦੀ ਰੂਹ ਕੁਰਲਾਂਦੀ ਨਹੀਂ ਜਿੰਨਾਂ ਦੇ ਪਿਤਾ ਨੂੰ ਅੱਤਵਾਦੀ ਕਹਿ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ? ਰੋਜ਼ ਇਸ ਡਰ ਨਾਲ ਜ਼ਿੰਦਗੀ ਪਰਿਵਾਰ ਕੱਟ ਰਹੇ ਹਨ ਕਿ ਖੌਰੇ ਕੀ ਸੁਨੇਹਾ ਆ ਜਾਣਾ ਸਿੰਘਾਂ ਦਾ? ਉਹ ਜੇਲ੍ਹ ਵਿੱਚ ਮਹਿਫੂਸ ਹਨ ਜਾਂ ਨਹੀਂ?
ਅਖੀਰ ਉਹ ਸਾਲ ਭਰ ਦਾ ਡਰ ਸਹੀ ਸਾਬਿਤ ਕਰ ਦਿੱਤਾ ਸਰਕਾਰ ਨੇ ਅਤੇ ਪ੍ਰਸ਼ਾਸਨ ਨੇ। ਸਾਡੇ ਸਿੰਘ ਜੇਲ੍ਹਾਂ ਵਿੱਚ ਸੁਰੱਖਿਅਤ ਨਹੀਂ ਹਨ। ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਸਾਡੇ ਸਿੰਘਾਂ ਦੀ ਜਾਨ ਨੂੰ ਖਤਰਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ। ਪਰਿਵਾਰਾਂ ਦਾ ਇਹ ਡਰ ਬਿਲਕੁਲ ਜਾਇਜ਼ ਹੈ। NSA ਦੀ ਮੁਨਿਆਦ ਖਤਮ ਹੋਣ ਤੇ ਆਈ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਪਤਾ ਸੀ ਕਿ ਹੁਣ ਸਿੰਘ ਰਿਹਾ ਕਰਣੇ ਪੈਣੇ ਹਨ। ਤਾਂ ਸਿੰਘਾਂ ਨੂੰ ਹੋਰ ਕੈਦ ਵਿੱਚ ਰੱਖਣ ਲਈ ਹੁਣ ਇੱਕ ਨਵੀਂ ਹੀ ਖੇਡ ਰੱਚ ਦਿੱਤੀ, ਕਿਉਂਕੀ ਸਾਲ 2023 ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੇ ਜੋ ਡਰਾਮਾ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਬਦਨਾਮ ਕਰਣ ਲਈ ਰਚਿਆ ਸੀ ਉਹ ਤਾਂ ਫੇਲ ਹੋ ਗਿਆ। ਸਰਕਾਰ ਅਤੇ ਪ੍ਰਸ਼ਾਸਨ ਨੇ ਜੋ ਡਰਾਮਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਣ ਲਈ ਰਚਿਆ ਸੀ ਉਹ ਤਾਂ ਸਿਰੇ ਚੜਿਆ ਹੀ ਨਹੀਂ। ਤਾਂ ਫਿਰ ਸਰਕਾਰ ਅਤੇ ਪ੍ਰਸ਼ਾਸਨ ਨੇ ਸੋਚਿਆ ਕਿ ਕਿਉਂ ਨਾ ਸਿੰਘਾਂ ਦੀਆਂ ਬੈਰਕਾਂ ਅਤੇ ਬਾਥਰੂਮਾਂ ਵਿੱਚ ਕੈਮਰੇ ਲਗਾ ਕੇ ਆਪਣੀ ਨੀਚਤਾ ਨੂੰ ਦਿਖਾਇਆ ਜਾਵੇ। ਜੋ ਸੁਹਿਰਦ ਸ਼ਖਸਿਅਤਾਂ ਹੁੰਦੀਆਂ ਹਨ ਉਹ ਸੱਤਾ ਤੇ ਕਾਬਜ ਹੋ ਕੇ ਰਾਜ ਕਰਦੀਆਂ ਹਨ ਅਤੇ ਆਪਣੇ ਰਾਜ ਵਿੱਚ ਸਭ ਨੂੰ ਖੁਸ਼ਹਾਲੀ ਵੰਡਦੀਆਂ ਹਨ। ਪਰ ਨੀਚ ਤੇ ਘਟੀਆ ਸੋਚ ਦੇ ਮਾਲਕ ਜਦੋਂ ਸੱਤਾ ਤੇ ਕਾਬਜ ਹੁੰਦੇ ਨੇ ਤਾਂ ਉਹ ਸਿਰਫ ਇਨਸਾਨਿਯਤ ਦਾ ਘਾਣ ਹੀ ਕਰਦੇ ਹਨ। ਇਨਸਾਨਿਯਤ ਨੂੰ ਸਿਰਫ ਸ਼ਰਮਸਾਰ ਹੀ ਕਰਦੇ ਹਨ। ਜਿਸ ਦੀ ਉਦਾਹਰਣ ਅੱਜ ਸਾਡੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਨਜ਼ਾਇਜ਼ ਬੰਦ ਕਰਕੇ, ਉਨ੍ਹਾਂ ਨੂੰ ਨਗਨ ਅਵਸਥਾ ਵਿੱਚ ਵੇਖਣ ਲਈ ਉਨ੍ਹਾਂ ਦੇ ਬਾਥਰੂਮਾਂ ਵਿੱਚ ਕੈਮਰੇ ਲਾ ਦਿੱਤੇ ਗਏ। ਸ਼ਰਮਨਾਕ ਸਰਕਾਰ ਅਤੇ ਸ਼ਰਮਨਾਕ ਪ੍ਰਸ਼ਾਸਨ ਦੇ ਕਿਰਦਾਰ ਨੂੰ ਡਿਬਰੂਗੜ੍ਹ ਜੇਲ੍ਹ ਨੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਉਹ ਸਿੰਘ ਜੋ ਬਾਣੇ ਅਤੇ ਬਾਣੀ ਦੇ ਧਾਰਨੀ ਹਨ। ਉਹ ਸਿੰਘ ਜੋ ਸਿੱਖ ਕੌਮ ਦੀ ਅਗਵਾਈ ਸੁਹਿਰਦਤਾ ਨਾਲ ਕਰ ਰਹੇ ਹਨ। ਉਨ੍ਹਾਂ ਨੂੰ ਸਰਕਾਰ ਅਤੇ ਪ੍ਸ਼ਾਸਨ ਕੈਮਰਿਆਂ ਰਾਹੀਂ ਨਗਨ ਅਵਸਥਾ ਵਿੱਚ ਦੇਖਣਾ ਚਾਹੁੰਦੀ ਹੈ। ਬਹੁਤ ਵੱਡਾ ਵਿਚਾਰਣਯੋਗ ਮੁੱਦਾ ਹੈ। ਸਿੰਘਾਂ ਨੇ ਜੋ ਹੜਤਾਲ ਜੇਲ੍ਹ ਵਿੱਚ ਕੀਤੀ ਹੈ ਗਲਤ ਨਹੀਂ ਕੀਤੀ ਅਤੇ ਜੋ ਹੜਤਾਲ ਬਾਹਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਹੈ ਉਹ ਵੀ ਗਲਤ ਨਹੀਂ ਕੀਤੀ। ਕਿਉਂਕੀ ਇਸ ਤੋਂ ਇਲਾਵਾ ਕੋਈ ਹੱਲ ਹੈ ਹੀ ਨਹੀਂ। ਕੀ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਹੈ? ਜਵਾਬ ਸਿਰਫ ਹੈ, ਨਾ।
ਇਹ ਗੱਲ ਸਿਰਫ ਸ਼ਰਮਨਾਕ ਸਰਕਾਰ ਅਤੇ ਸ਼ਰਮਨਾਕ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਵਿੱਚ ਸਾਡੇ ਸਿੰਘਾਂ ਨੂੰ ਨਗਨ ਅਵਸਥਾ ਵਿੱਚ ਦੇਖਣ ਦੀ ਨਹੀਂ ਹੈ, ਇਹ ਗੱਲ ਸਮੁੱਚੀ ਸਿੱਖ ਕੌਮ ਦੇ ਮਾਣ ਸਨਮਾਨ ਦੀ ਗੱਲ ਹੈ। ਸਾਨੂੰ ਸਮਝਣ ਦੀ ਲੋੜ੍ਹ ਹੈ ਕਿ ਹੁਣ ਸਿੱਖ ਕੌਮ ਨੂੰ ਦਬਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਕਿੰਨਾਂ ਨੀਚ ਕੰਮਾਂ ਤੇ ਪਹੁੰਚ ਗਈ ਹੈ। ਮੈਂ ਕਈ ਵਾਰ ਇਹ ਸੋਚਦੀ ਹਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਪਰਿਵਾਰਿਕ ਮੈਂਬਰ ਵੀ ਇੰਨ੍ਹਾਂ ਵਾਂਗ ਹੀ ਨੀਚ ਬਿਰਤੀ ਦੇ ਹਨ? ਕਿ ਉਹ ਉਨ੍ਹਾਂ ਨੂੰ ਵੀ ਸ਼ਰਮ ਨਹੀਂ ਆਉਂਦੀ? ਕਿ ਉਨ੍ਹਾਂ ਦੇ ਇਹ ਅਹੁੱਦੇਦਾਰ ਬਣੇ ਫਿਰਦੇ ਕਿਸ ਹੱਦ ਤੱਕ ਗਿਰੇ ਹੋਏ ਹਨ? ਇੰਨ੍ਹਾਂ ਦੇ ਬੱਚਿਆਂ ਨੂੰ ਇਹ ਆਪਣੀਆਂ ਕੀ ਉੱਪਲਬਧੀਆਂ ਦੱਸਦੇ ਹੋਣਗੇ, ਕਿ ਮਾਵਾਂ ਦੇ ਸੁਹਿਰਦ ਪੁੱਤਾਂ ਨੂੰ ਕੌਮ ਦੇ ਸੁਹਿਰਦ ਆਗੂਆਂ ਨੂੰ ਅਸੀਂ ਨਜ਼ਾਇਜ਼ ਕੈਦ ਕਰਕੇ ਉਨ੍ਹਾਂ ਨੂੰ ਨਗਨ ਅਵਸਥਾ ਵਿੱਚ ਲੁੱਕ ਲੁੱਕ ਕੇ ਦੇਖਣਾ ਚਾਹੁੰਦੇ ਹਾਂ। ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਪਰਿਵਾਰ ਲਾਹਨਤ ਨਹੀਂ ਮਹਿਸੂਸ ਕਰਦੇ? ਇਸਨੂੰ ਕਮੀਨਗੀ ਦੀ ਹੱਦ ਜਾਂ ਨੀਚਤਾ ਦੀ ਹੱਦ ਨਹੀਂ ਕਹਾਂਗੇ ਤਾਂ ਹੋਰ ਕੀ ਕਹਿਏ?
ਸਿੱਖ ਕੌਮ ਨੂੰ ਜਾਗਰੁਕ ਹੋਣ ਦੀ ਲੋੜ ਹੈ ਅਤੇ ਇੱਕਜੁਟ ਹੋਣ ਦੀ ਲੋੜ ਹੈ। ਜਦੋਂ ਤੱਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਸਿੰਘਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਉਨ੍ਹਾਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਸਾਨੂੰ ਸਭ ਨੂੰ ਰੋਜ਼ ਆਪਣੇ ਕੰਮਾਂ ਵਿੱਚੋਂ ਸਮਾਂ ਕੱਢ ਕੇ ਜਿੰਨੇ ਦਿਨ ਵੀ ਇਹ ਸਾਰੇ ਪਰਿਵਾਰ ਭੁੱਖ ਹੜਤਾਲ ਉੱਤੇ ਬੈਠੇ ਹਨ, ਸਾਨੂੰ ਵੱਧ ਤੋਂ ਵੱਧ ਸਮਰਥਨ ਕਰਦਿਆਂ ਹੋਇਆਂ ਇੰਨਾਂ ਪਰਿਵਾਰਾਂ ਕੋਲ ਹਾਜ਼ਰੀ ਲਗਵਾਉਣੀ ਚਾਹਿਦੀ ਹੈ।

ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078