ਮਾਤਾ ਸਵਰਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਪਿੰਡ ਬੁੱਕਣਵਾਲਾ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਜੀ ਦੇ ਮਾਤਾ ਜੀ ਹਨ। ਭਾਈ ਗੁਰਮੀਤ ਸਿੰਘ ਬੁੱਕਣਵਾਲਾ ਜੀ ਪਿਛਲੇ ਇੱਕ ਸਾਲ ਤੋਂ NSA ACT ਦੇ ਤਹਿਤ ਡਿੱਬਰੂਗੜ੍ਹ ਜੇਲ੍ਹ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਜ਼ਰਬੰਦ ਕੀਤੇ ਗਏ ਹਨ। ਜਦੋਂ ਮੈਂ ਗੁਰਮੀਤ ਵੀਰ ਜੀ ਨੂੰ ਧੂਰੀ ਵਿਖੇ ਸੰਗਰੂਰ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਮਿਲੀ ਸੀ ਤਾਂ ਉਸ ਪਹਿਲੀ ਹੀ ਮੁਲਾਕਾਤ ਵਿੱਚ ਹੀ ਵੀਰੇ ਦੀ ਸੰਜੀਦਗੀ, ਪੰਥ ਅਤੇ ਪੰਜਾਬ ਲਈ ਕੁਝ ਕਰਣ ਦਾ ਜਜ਼ਬਾ ਸਾਫ ਦਿੱਖ ਗਿਆ ਸੀ। ਪਰ ਕਦੇ ਸੋਚਿਆ ਨਹੀ ਸੀ ਕਿ ਸਾਡੇ ਇੰਨਾਂ ਨੋਜਵਾਨ ਆਗੂਆਂ ਉੱਪਰ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਤਰਾਂ ਤਸ਼ਦੱਦ ਢਾਹੁਣਗੇ।
ਮਾਤਾ ਜੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਚੱਲ ਰਹੀ ਭੁੱਖ ਹੜਤਾਲ ਵਿੱਚ ਬੈਠੇ ਹੋਏ ਹਨ। ਮਿਤੀ 27 ਫਰਵਰੀ ਨੂੰ ਅਚਨਚੇਤ ਮਾਤਾ ਜੀ ਦੀ ਤਬੀਅਤ ਵੀ ਖ਼ਰਾਬ ਹੋ ਗਈ। ਸਾਰੀ ਸੰਗਤ ਬਹੁਤ ਪਰੇਸ਼ਾਨ ਸੀ। ਜਿੰਨ੍ਹੇ ਵੀ ਵੀਰ ਅਤੇ ਭੈਣਾਂ ਉੱਥੇ ਦਿਨ ਰਾਤ ਇੰਨ੍ਹਾਂ ਪਰਿਵਾਰਾਂ ਦੀ ਸੇਵਾ ਕਰ ਰਹੇ ਹਨ। ਸਭ ਨੂੰ ਭੱਜ ਦੋੜ ਮੱਚ ਗਈ। ਸਾਰੇ ਮਾਤਾ ਜੀ ਕੋਲ ਇਕੱਤਰ ਹੋ ਕੇ ਕੋਈ ਪੈਰਾਂ ਦੀਆਂ ਤਲੀਆਂ ਮੱਲ ਰਿਹਾ ਸੀ, ਕੋਈ ਹੱਥ ਦੀਆਂ ਹੱਥੇਲੀਆਂ ਮੱਲ ਰਿਹਾ ਸੀ, ਕੋਈ ਮਾਤਾ ਜੀ ਦਾ ਸਿਰ ਦਬਾ ਰਿਹਾ ਸੀ। ਸਾਰੇ ਵੀਰਾਂ ਅਤੇ ਭੈਣਾਂ ਨੂੰ ਇੰਨ੍ਹਾਂ ਬਜ਼ੁਰਗ ਮਾਵਾਂ ਦੀ ਚਿੰਤਾਂ ਦਿਨੋਂ ਦਿਨ ਖਾਈ ਜਾ ਰਹੀ ਹੈ,
ਪਰ ਉਹ ਸਭ ਪਰੇਸ਼ਾਨ ਹਨ ਕਿ ਸਰਕਾਰ ਅਤੇ ਪ੍ਰਸ਼ਾਸਨ ਉੱਤੇ ਕਿਸੇ ਕਿਸਮ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ। ਸਾਰੇ ਸੇਵਾਦਾਰ ਅਤੇ ਸਮੱਰਥਕ ਪਰਿਵਾਰ ਜੋ ਵੀ ਇਸ ਮੋਰਚੇ ਵਿੱਚ ਇੰਨ੍ਹਾਂ ਪਰਿਵਾਰਾਂ ਦੀ ਸੇਵਾ ਲਈ ਪਹੁੰਚ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਸਿੰਘਾਂ ਨੇ ਆਪਣੇ ਪੰਥ ਅਤੇ ਪੰਜਾਬ ਲਈ ਜੋ ਕੁਰਬਾਨੀ ਦਿੱਤੀ ਹੈ, ਸਾਰੀ ਸਿੱਖ ਕੌਮ ਉਹ ਕਦੇ ਨਹੀਂ ਭੁੱਲ ਸਕਦੀ। ਸਾਡਾ ਸਭ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਜਦੋਂ ਤੱਕ ਸਾਰੇ ਵੀਰ ਜੇਲ੍ਹਾਂ ਵਿੱਚ ਬੰਦ ਹਨ ਅਸੀਂ ਉਨ੍ਹਾਂ ਦੇ ਪਰਿਵਾਰਾਂ ਦਾ ਖਿਆਲ ਰੱਖਿਏ ਕਿਉਂਕਿ ਇੰਨ੍ਹਾਂ ਸਭ ਸਿੰਘਾਂ ਨੇ ਆਪਣੇ ਸਵਾਰਥ ਲਈ ਕੁਝ ਨਹੀਂ ਕੀਤਾ ਸਮੁੱਚੀ ਕੌਮ ਲਈ ਕੁਰਬਾਨੀ ਦੇ ਰਹੇ ਹਨ।
ਸ਼ਾਮ ਤੱਕ ਜਦੋਂ ਮੈਂ ਮਾਤਾ ਜੀ ਕੋਲ਼ੋਂ ਆਈ ਤਾਂ ਉਹ ਕੁਝ ਬਹਿਤਰ ਮਹਿਸੂਸ ਕਰ ਰਹੇ ਸਨ। ਪਰ ਜਿਸ ਤਰਾਂ ਸਰਕਾਰ ਅਤੇ ਪ੍ਰਸ਼ਾਸਨ ਦਾ ਰਵੱਈਆ ਹੈ ਤਾਂ ਲੱਗਦਾ ਹੈ ਕਿ ਇਹ ਭੁੱਖ ਹੜਤਾਲ ਲਗਾਤਾਰ ਅੱਗੇ ਚੱਲੇਗੀ। ਪਰ ਇਸ ਤਰਾਂ ਇੰਨ੍ਹਾਂ ਬਜ਼ੁਰਗ ਮਾਵਾਂ ਦੀ ਜਾਨ ਨੂੰ ਖ਼ਤਰਾ ਹੈ। ਇਹ ਬਹੁਤ ਹੀ ਸੰਜੀਦਾ ਮੁੱਦਾ ਹੈ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078
Leave a Comment
Your email address will not be published. Required fields are marked with *