ਕੋਟ ਦੁੰਨੇ ਪਿੰਡ ਹੋਏ ਰਿਕਾਰਡ ਤੋੜ ਇਕੱਠ ਨੇ ਸਰਕਾਰ ਨੂੰ ਪਾਇਆ ਫਿਕਰੀਂ
ਕੋਟ ਦੁੰਨਾ (ਬਰਨਾਲਾ), 29 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪਿਛਲੀਆਂ ਸਰਕਾਰਾਂ ਨੂੰ ਹਰ ਮੁੱਦੇ ਤੇ ਸਵਾਲ ਕਰਕੇ ਘੇਰਨ ਵਾਲੇ ਅਤੇ ਲੋਕਾਂ ਨੂੰ ਲੀਡਰਾਂ ਨੂੰ ਘੇਰ ਸਵਾਲ ਕਰਨ ਦੀ ਪ੍ਰੇਰਨਾ ਦੇਣ ਵਾਲੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅੱਜ ਕਥਿਤ ਤੌਰ ਤੇ ਕਿਸ ਤਰਾਂ ਸਵਾਲਾਂ ਤੋਂ ਭੱਜ ਰਹੇ ਹਨ ਅਤੇ ਸਵਾਲ ਕਰਨ ਵਾਲੇ ਲੋਕਾਂ ਨਾਲ ਕਿਸ ਤਰ੍ਹਾਂ ਕਿੜ ਕੱਢ ਰਹੇ ਹਨ ਇਸ ਬਾਰੇ ਲੱਗਭੱਗ ਹਰੇਕ ਪੰਜਾਬ ਵਾਸੀ ਭਲੀ ਭਾਂਤ ਜਾਣੂੰ ਹੈ। ਪੰਜਾਬ ਸਿਰ ਭਾਰੀ ਹੁੰਦੀ ਜਾ ਰਹੀ ਕਰਜ਼ੇ ਦੀ ਪੰਡ ਅਤੇ ਹੋਰ ਪੰਜਾਬ ਦੇ ਮੁੱਦਿਆਂ ਤੇ ਬੋਲਣਾ ਸੁਖਪਾਲ ਖਹਿਰਾ,ਲੱਖਾ ਸਿਧਾਣਾ ਅਤੇ ਹੁਣ ਭਾਨਾ ਸਿੱਧੂ ਨੂੰ ਕਿਸ ਹੱਦ ਤੱਕ ਮਹਿੰਗਾ ਪਿਆ ਹੈ ਇਸ ਬਾਰੇ ਲੋਕਾਂ ਅੰਦਰ ਹੁੰਦੀ ਖੁੰਢ ਚਰਚਾ ਅੱਜ ਹਰੇਕ ਪੰਜਾਬ ਵਾਸੀ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਲਏ ਗਏ ਆਪਣੇ ਫੈਸਲੇ ਤੇ ਸੋਚਣ ਲਈ ਮਜਬੂਰ ਕਰਦੀ ਹੈ। ਭਾਨਾ ਸਿੱਧੂ ਉੱਤੇ ਇੱਕ ਇੰਮੀਗ੍ਰੇਸ਼ਨ ਏਜੰਟ ਲੜਕੀ ਵੱਲੋਂ ਦਿੱਤੀ ਗਈ ਸ਼ਿਕਾਇਤ ਉੱਤੇ ਫੌਰੀ ਕਾਰਵਾਈ ਕਰਦਿਆਂ ਗ੍ਰਿਫਤਾਰੀ, ਜ਼ਮਾਨਤ ਹੋਣ ਤੋਂ ਪਹਿਲਾਂ ਦੋ ਹੋਰ ਕੇਸ ਦਰਜ ਕਰਨਾ ਪੰਜਾਬ ਦੀ ਆਮ ਆਦਮੀ ਪਾਰਟੀ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਪਰ ਹੁਣ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕ ਇਹਨਾ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਏ ਹਨ, ਸ਼ਾਇਦ ਇਹੀ ਕਾਰਨ ਹੈ ਕਿ ਭਾਨਾ ਸਿੱਧੂ ਦੇ ਪਿੰਡ ਉਸਦੇ ਸਮਰਥਕਾਂ ਵੱਲੋਂ ਭਾਨੇ ਸਿੱਧੂ ਦੀ ਗ੍ਰਿਫ਼ਤਾਰੀ ਖਿਲਾਫ਼ ਇਕੱਠ ਕਰਨ ਲਈ ਦਿੱਤੀ ਗਈ ਇੱਕ ਕਾਲ ਨੇ ਲੋਕਾਂ ਨੂੰ ਵਹੀਰਾਂ ਘੱਤਣ ਲਈ ਮਜਬੂਰ ਕਰ ਦਿੱਤਾ ਹੈ।
ਕੋਟ ਦੁੱਨਾ ਵਿੱਚ ਭਾਨੇ ਸਿੱਧੂ ਦੀ ਰਿਹਾਈ ਦੇ ਮਾਮਲੇ ਵਿੱਚ ਹੋਏ ਇਕੱਠ ਨੇ ਆਮ ਆਦਮੀ ਪਾਰਟੀ ਦੀ ਮਾਲਵੇ ਵਿੱਚ ਹਾਲਤ ਪਤਲੀ ਪਾ ਦਿੱਤੀ ਹੈ, ਪਿੰਡ ਕੋਟ ਦੁੰਨੇ ਦੀ ਦਾਣਾ ਮੰਡੀ ਦਾ ਇਕੱਠ ਇਹ ਸਵਾਲ ਪੈਦਾ ਕਰਦਾ ਹੈ ਕਿ ਕਿਤੇ ਮਾਲਵੇ ਦੀ ਮਿੱਟੀ ਵਿੱਚੋਂ ਉੱਠੀ ਆਮ ਆਦਮੀ ਪਾਰਟੀ ਮਾਲਵੇ ਵਿੱਚ ਹੀ ਤਾਂ ਦਫ਼ਨ ਨਹੀਂ ਹੋ ਜਾਵੇਗੀ? ਇਹ ਸਵਾਲ ਹਰ ਪੰਜਾਬੀ ਦੇ ਮਨ ਮਸਤਕ ਵਿੱਚ ਗੂੰਜ ਰਿਹਾ ਹੈ। ਮਾਲਵੇ ਦੀ ਧੁੰਨੀ ਵਿੱਚ ਪੈਦਾ ਹੋਈ ਭਾਨਾ ਲਹਿਰ ਵਿੱਚ ਠਾਠਾਂ ਮਾਰਦਾ ਇਕੱਠ ਦਰਸਾ ਰਿਹਾ ਸੀ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੁੱਖ ਮੋੜਦੇ ਜਾ ਰਹੇ ਹਨ। ਭਾਨੇ ਸਿੱਧੂ ਦੀ ਰਿਹਾਈ ਦੇ ਸਬੰਧ ਵਿੱਚ ਹੋਏ ਇਕੱਠ ਦੀ ਸਟੇਜ ਤੇ ਪੰਜਾਬ ਦੀ ਹਰ ਪਾਰਟੀ ਹਰ ਕਲੱਬ ਦੇ ਮੂਹਰਲੀ ਕਤਾਰ ਦੇ ਲੀਡਰਾਂ ਦਾ ਏਕਾ ਭਾਨਾ ਲਹਿਰ ਦੀ ਕਾਮਯਾਬੀ ਦੀ ਅਗਵਾਈ ਭਰ ਰਿਹਾ ਜਾਪਦਾ ਸੀ। ਪਲ਼ ਪਲ਼ ਲਗਦੇ ਨਾਹਰੇ ਤੇ 92 ਐਮ ਐਲ ਏਜ ਨੂੰ ਮੂੰਹੋਂ ਨਾ ਬੋਲਣ ਕਰਕੇ ਜੋ ਮਾਣ ਸਤਿਕਾਰ ਇਸ ਇਕੱਠ ਵਿੱਚ ਆਏ ਲੋਕ ਦੇ ਰਹੇ ਸਨ ਉਹ ਦੇਖਦਿਆਂ ਹੀ ਬਣਦਾ ਸੀ। ਦਿਲਚਸਪ ਗੱਲ ਇਹ ਸੀ ਕਿ ਬੁਲਾਰੇ ਗਿਣੇ ਹੀ ਨਹੀਂ ਜਾ ਰਹੇ ਸਨ। ਇਸ ਇਕੱਠ ਵਿੱਚ ਭਾਰਤੀ ਕਿਸਾਨ ਯੂਨੀਅਨਾਂ ਦੇ ਪਿੰਡਾਂ ਦੀਆਂ ਇਕਾਈਆਂ ਦੀ ਭਰਵੀਂ ਹਾਜ਼ਰੀ ਰਹੀ। ਨਿਹੰਗ ਸਿੰਘ ਜਥੇਦਾਰ ਵੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨ ਜੀਤ ਸਿੰਘ ਮਾਨ, ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਧਾਇਕ ਸੁਖਪਾਲ ਸਿੰਘ ਖਹਿਰਾ, ਇਕਬਾਲ ਸਿੰਘ ਝੂੰਦਾ, ਬਾਬਾ ਰਾਜਾ ਰਾਮ ਸਿੰਘ, ਬਾਬਾ ਬਲਵੀਰ ਸਿੰਘ, ਲੱਖਾ ਸਿਧਾਣਾ, ਸੁਖਵਿੰਦਰ ਸਿੰਘ ਪੀ ਪੀ, ਪਰਮਿਦਰ ਸਿੰਘ ਝੋਟਾ, ਮਿੰਟੂ ਜੱਟ,ਕਾਕਾ ਸਿੰਘ ਕੋਟਲਾ ਭਾਰਤੀ ਕਿਸਾਨ ਯੂਨੀਅਨ, ਪੱਤਰਕਾਰ ਯੂਨੀਅਨ ਵੱਲੋਂ ਜਗਦੀਪ ਸਿੰਘ ਥਲੀ, ਬਲਦੇਵ ਸਿੰਘ ਕਿਸਾਨ ਆਗੂ ਅਤੇ ਹੋਰ ਅਨੇਕਾਂ ਬੁਲਾਰਿਆਂ ਨੇ ਇੱਕ ਸੁਰ ਹੁੰਦਿਆਂ ਆਮ ਆਦਮੀ ਪਾਰਟੀ ਨੂੰ ਲਾਹਨਤਾਂ ਪਾਈਆਂ। ਇਸ ਇਕੱਠ ਦੀ ਵਿਸ਼ੇਸ਼ ਗੱਲ ਇਹ ਸੀ ਕਿ ਇਸ ਵਿੱਚ ਔਰਤਾਂ ਵੱਲੋਂ ਵੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ। ਖਾਲਸਾਈ ਨਿਸ਼ਾਨ ਸਾਹਿਬ ਅਤੇ ਭਾਰਤੀ ਕਿਸਾਨ ਯੂਨੀਅਨਾਂ ਦੇ ਝੰਡਿਆਂ ਨੇ ਇਸ ਰੋਸ ਪ੍ਰਦਰਸ਼ਨ ਨੂੰ ਨਵਾਂ ਰੂਪ ਦੇ ਦਿੱਤਾ। ਇਸ ਇਕੱਠ ਨੂੰ ਦੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਬਨਾਮ ਭਾਨਾ ਸਿੱਧੂ ਲਹਿਰ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਨੁਕਸਾਨ ਹੀ ਕਰੇਗੀ। ਸੋ ਵਰਤਮਾਨ ਸਰਕਾਰ ਨੂੰ ਆਪਣੀ ਸਾਖ਼ ਬਣਾਈ ਰੱਖਣ ਲਈ ਇਸ ਤਰ੍ਹਾਂ ਦੇ ਸਿੱਧੇ ਟਕਰਾ ਤੋਂ ਬਚਣਾ ਚਾਹੀਦਾ ਹੈ। ਇਸ ਇਕੱਠ ਦੀ ਇੱਕ ਵਿਸ਼ੇਸ਼ਤਾ ਇਹ ਵੀ ਰਹੀ ਕਿ ਜਿੰਨ੍ਹਾਂ ਇਕੱਠ ਦਾਣਾ ਮੰਡੀ ਵਿੱਚ ਸੀ ਉਸਤੋਂ ਜ਼ਿਆਦਾ ਸੜਕਾਂ ਉੱਤੇ ਵੀ ਸੀ।
Leave a Comment
Your email address will not be published. Required fields are marked with *