ਓਲੰਪਿਕ ਖੇਡਾਂ ਨਾਲ ਜੁੜੇ ਮਿਤਿਹਾਸ ਅਤੇ ਇਤਿਹਾਸ ਨੂੰ ਵਾਚਿਆਂ ਪਤਾ ਚਲਦਾ ਹੈ ਕਿ ਵਿਸ਼ਵ ਪੱਧਰ ਤੇ ਔਰਤਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਪੁਰਾਤਨ ਸਮੇਂ ਤੋਂ ਹੀ ਵਰਜਿਤ ਸੀ | ਉਸ ਵੇਲੇ ਤੋਂ ਹੀ ਮਰਦਾਂ ਦੀ ਹੈਂਕੜ ਨੇ ਔਰਤ ਨੂੰ ਦੂਜੇ ਦਰਜ਼ੇ ਤੇ ਰੱਖਿਆ ਤੇ ਪੁਰਾਤਨ ਓਲੰਪਿਕ ਖੇਡਾਂ ਦੇ ਸਮੇਂ ਵਿੱਚ ਔਰਤਾਂ ਨੂੰ ਖੇਡਾਂ ਵਿੱਚ ਭਾਗ ਲੈਣਾ ਤਾਂ ਦੂਰ ਦੀ ਗੱਲ, ਇਹਨਾਂ ਨੂੰ ਖੇਡਾਂ ਦੇਖਣ ਦੀ ਵੀ ਮਨਾਹੀ ਸੀ | ਸੰਨ 1896 ਵਿੱਚ ਯੂਨਾਨ ਦੀ ਰਾਜਧਾਨੀ ਏਥਨਜ਼ ਵਿੱਖੇ ਸ਼ੁਰੂ ਹੋਈਆਂ ਨਵੀਂਨ ਓਲੰਪਿਕ ਖੇਡਾਂ ਵੀ ਔਰਤਾਂ ਦੀ ਹਿੱਸੇਦਾਰੀ ਪੱਖੋਂ ਵਿਰਵੀਆਂ ਸਨ | ਪੈਰਿਸ (ਫਰਾਂਸ) ਵਿੱਖੇ ਸੰਨ 1900 ਵਿੱਚ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਵੱਖ ਵੱਖ ਦੇਸ਼ਾਂ ਦੀਆਂ ਸਿਰਫ਼ 6 ਔਰਤਾਂ ਨੇ ਭਾਗ ਲਿਆ ਤੇ ਬਰਤਾਨੀਆ ਦੀ ਟੈਨਿਸ ਖਿਡਾਰਨ ਚੈਰਲਟ ਕੂਪਰ ਨੇ ਸੋਂਨ ਤਮਗਾ ਜਿੱਤ ਪਹਿਲੀ ਮਹਿਲਾ ਓਲੰਪਿਕ ਜੇਤੂ ਹੋਣ ਦਾ ਮਾਣ ਹਾਸਿਲ ਕੀਤਾ |
ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਨੋਰਾ ਪੋਲੀ ਨੇ ਟੈਨਿਸ ਖੇਡ ਵਿੱਚ 1924 ਦੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਭਾਗ ਲਿਆ | ਇਸ ਤੋਂ ਬਾਅਦ 1952 ਦੇ ਹੇਲਸਿੰਕੀ ਓਲੰਪਿਕਸ ਵਿੱਚ ਚਾਰ ਭਾਰਤੀ ਖਿਡਾਰਣਾ ਨੀਲਿਮਾ ਘੋਸ਼ ਅਤੇ ਮੈਰੀ ਡਿਸੂਜ਼ਾ ਸੇਕੁਰਿਆ ਨੇ ਅਥਲੈਟਿਕਸ, ਡੌਲੀ ਨਜ਼ੀਰ ਤੇ ਆਰਤੀ ਸਾਹਾ ਨੇ ਤੈਰਾਕੀ ਵਿਚ ਹਿੱਸਾ ਲਿਆ | ਸਿਰਫ਼ 17 ਸਾਲ ਨੂੰ ਢੁੱਕੀ ਨੀਲਿਮਾ ਘੋਸ ਨੇ 100 ਮੀਟਰ ਦੌੜ ਵਿਚ 13.8 ਸਕਿਟਾਂ ਦਾ ਸਮਾਂ ਕੱਢਿਆ ਤੇ ਅਗਲੇ ਰਾਉਂਡ ਵਿਚ ਦਾਖਲਾ ਪਾਇਆ | ਇਸ ਪ੍ਰਕਾਰ ਉਹ ਪਹਿਲੀ ਭਾਰਤੀ ਅਥਲੀਟ ਬਣ ਗਈ ਜਿਸ ਨੇ ਇਸ ਓਲੰਪਿਕ ਦੇ ਟਰੈਕ ਐਂਡ ਫ਼ੀਲਡ ਈਵੈਂਟ ਵਿੱਚ ਦੂਜੇ ਗੇੜ ਚ ਦਾਖਲਾ ਪਾਇਆ |
ਸੰਨ 2000 ਦੀ ਸਿਡਨੀ ਓਲੰਪਿਕਸ ਵਿੱਚ ਭਾਰਤੀ ਖਿਡਾਰਨਾਂ ਦੀ ਖੇਡ ਪ੍ਰਾਪਤੀਆਂ ਦਾ ਪਹੁ ਫੁਟਾਲਾ ਹੋਇਆ | ਇਹਨਾਂ ਖੇਡਾਂ ਵਿਚ ਭਾਰਤੀ ਭਾਰਤੋਲਕ ਕਰਨਮ ਮਾਲੇਸਵਰੀ ਨੇ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਔਰਤ ਵਰਗ ਦਾ ਪਹਿਲਾ ਵਿਅਕਤੀਗਤ ਮੈਡਲ ਹਾਸਿਲ ਕੀਤਾ | ਜਦੋਂ ਉਹ ਚੁੱਕੇ ਭਾਰ ਦਾ ਬਾਲਾ ਕੱਢ ਕੇ ਮੰਚ ਤੋਂ ਉਤਰੀ ਤਾਂ ਦਰਜਨਾਂ ਅਖ਼ਬਾਰਾਂ ਤੇ ਚੈਨਲਾਂ ਦੇ ਕੈਮਰਿਆਂ ਦੀਆਂ ਅੱਖਾਂ ਨੇ ਉਸਦੀਆਂ ਤਸਵੀਰਾਂ ਲੈਣ ਲਈ ਜਗ ਬੁਝ ਕੀਤੀ | ਇਸ ਓਲੰਪਿਕ ਵਿਚ ਭਾਰਤੀ ਖੇਡ ਦਲ ਦੇ 65 ਖਿਡਾਰੀਆਂ ਵਿੱਚ 21 ਔਰਤ ਖਿਡਾਰਨਾਂ ਸੀ | ਲੰਡਨ ਹੋਈਆਂ ਸੰਨ 2012 ਦੀਆਂ ਓਲੰਪਿਕ ਵਿੱਚ ਸਾਇਨਾ ਨੇਹਵਾਲ ਨੇ ਬੈਡਮਿੰਟਨ ਸਿੰਗਲ ਵਿਚੋਂ ਸਿਲਵਰ ਮੈਡਲ ਅਤੇ ਮੈਰੀ ਕੋਮ ਨੇ ਬਾਕਸਿੰਗ ਦਾ ਬਰੋਨਜ਼ ਮੈਡਲ ਜਿੱਤ ਕੇ ਚਾਰੇ ਪਾਸੇ ਕੁੜੀਆਂ ਦੀ ਬੱਲੇ ਬੱਲੇ ਕਰਵਾ ਦਿੱਤੀ | ਇਸ ਤੋਂ ਇਲਾਵਾ ਮੇਰੀਕੋਮ ਨੇ ਛੇ ਵਾਰ ਵਿਸ਼ਵ ਬਾਕਸਿੰਗ ਮੁਕਾਬਲੇ ਵਿਚੋਂ ਗੋਲ੍ਡ ਮੈਡਲ , ਇਕ ਵਾਰੀ ਸਿਲਵਰ ਮੈਡਲ ਅਤੇ ਇਕ ਵਾਰੀ ਬਰੌਂਜ਼ ਮੈਡਲ ਜਿੱਤ ਕੇ ਬਾਕਸਿੰਗ ਖੇਡ ਵਿਚ ਆਪਣਾ ਸਿੱਕਾ ਜਮਾਇਆ | 2016 ਦੇ ਰਿਓ ਡੀ ਜਨੇਰਿਓ ਦੀ ਓਲੰਪਿਕਸ ਵਿੱਚ ਦੇਸ਼ ਦੀਆਂ ਬੇਟੀ ਪੀ. ਵੀ. ਸਿੰਧੂ ਨੇ ਬੈਡਮਿੰਟਨ ਸਿੰਗਲ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਅਤੇ ਬੇਟੀ ਸਾਕਸੀ ਮਲਿਕ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਸਿਰ ਉਚਾ ਕੀਤਾ | ਜਪਾਨ ਦੀ ਰਾਜਧਾਨੀ ਟੋਕਿਓ ਵਿਖੇ ਹੋਈਆਂ 2020 ਦੀਆਂ ਓਲੰਪਿਕ ਖੇਡਾਂ ਵਿੱਚ ਮੀਰਾਂ ਬਾਈ ਚਾਨੂੰ ਨੇ ਭਾਰ ਤੋਲਣ ਵਿੱਚ ਸਿਲਵਰ ਮੈਡਲ, ਪੀ.ਵੀ . ਸਿੰਧੂ ਨੇ ਬੈਡਮਿੰਟਨ ਸਿੰਗਲ ਵਿਚ ਬਰੋਨਜ਼ ਮੈਡਲ ( ਦੂਸਰਾ ਓਲੰਪਿਕ ਮੈਡਲ) ਅਤੇ ਲਵਲੀਨਾ ਬੋਰਗੋਹਾਈਂਨ ਨੇ ਬਾਕਸਿੰਗ ਵਿਚੋਂ ਬਰੋਨਜ਼ ਮੈਡਲ ਜਿੱਤ ਕੇ ਇਹ ਦਰਸਾ ਦਿੱਤਾ ਕਿ ਭਾਰਤੀ ਖਿਡਾਰਨ ਕਿਸੇ ਨਾਲੋਂ ਵੀ ਘੱਟ ਨਹੀਂ |
ਇਸ ਤੋਂ ਇਲਾਵਾ 2022 ਦੀਆਂ ਬਰਮਿੰਘਮ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਸਾਡੇ ਖਿਡਾਰੀਆਂ ਨੇ 22 ਸੋਂਨ ਤਮਗੇ ਜਿੱਤੇ ਜਿਨ੍ਹਾਂ ਵਿਚੋਂ 8 ਸੋਂਨ ਤਮਗੇ ਇੱਕਲੇ ਔਰਤ ਖਿਡਾਰਨਾਂ ਦੇ ਸਨ | ਇਹਨਾਂ ਖੇਡਾਂ ਵਿੱਚ ਜਿੱਤੇ ਕੁੱਲ 61 ਮੈਡਲਾਂ ਵਿਚੋਂ 23 ਮੈਡਲ ਸਾਡੀਆਂ ਖਿਡਾਰਨਾਂ ਦੇ ਸਨ | ਜੋ ਮਰਦ ਖਿਡਾਰੀਆਂ ਵਲੋਂ ਜਿੱਤੇ ਕੁੱਲ ਮੈਡਲਾਂ ਦਾ 37.7 ਪ੍ਰਤੀਸ਼ਤ ਬਣਦਾ ਹੈ | ਮਾਰਚ 2023 ਵਿਚ ਦਿੱਲ੍ਹੀ ਵਿਖੇ ਹੋਈ ਵਿਸ਼ਵ ਮਹਿਲਾ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਸਾਡੇ ਦੇਸ਼ ਦੀਆਂ ਚਾਰ ਧਾਕੜ ਮੁੱਕੇਬਾਜ਼ ਖਿਡਾਰਨਾਂ ਲਵਨੀਨਾ ਬੋਰਗੋਹੇਨ, ਨੀਤੂ ਘੰਘਾਸ , ਨਿਖਿਤ ਜ਼ਰੀਂਨ ਅਤੇ ਸਵੀਟੀ ਬੂਰਾ ਨੇ ਆਪੋ ਆਪਣੇ ਭਾਰ ਵਰਗ ਵਿਚੋਂ ਸੋਂਨ ਤਗਮੇ ਜਿੱਤ ਕੇ ਇਸ ਚੈਂਪੀਅਨਸ਼ਿਪ ਵਿਚੋਂ ਵਿਸ਼ਵ ਵਿਚੋਂ ਦੂਜਾ ਸਥਾਨ ਹਾਸਿਲ ਕਰਕੇ ਦੁਨੀਆਂ ਵਿਚ ਆਪਣੀ ਧਾਂਕ ਜਮਾ ਦਿੱਤੀ | ਨਿਖਿਤ ਜ਼ਰੀਨ ਨੇ ਆਪਣੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਿਆਂ ਵਿਸ਼ਵ ਬਾਕਸਿੰਗ ਮੁਕਾਬਲੇ ਵਿਚੋਂ ਲਗਾਤਾਰ ਇਹ ਦੂਜਾ ਗੋਲ੍ਡ ਮੈਡਲ ਜਿੱਤਿਆ ਹੈ ਸਤੰਬਰ-ਅਕਤੂਬਰ 2023 ਵਿਚ ਚੀਨ ਦੇ ਸ਼ਹਿਰ ਹਾਂਗਝੂ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੇ 661 ਮੈਂਬਰੀ ਖੇਡ ਦਲ ਨੇ ਹਿੱਸਾ ਲਿਆ | ਜਿਨ੍ਹਾਂ ਵਿਚੋਂ 326 ਭਾਰਤੀ ਔਰਤ ਖਿਡਾਰਣਾਂ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਦਲ ਦੇ ਰੂਪ ਵਿਚ ਆਪਣੀ ਹਿੱਸੇਦਾਰੀ ਪਾਈ ਤੇ ਉਹਨਾਂ ਨੇ 38 ਟੀਮ ਅਤੇ ਵਿਅਕਤੀਗਤ ਦੋਵੇਂ ਤਰਾਂ ਦੀਆਂ ਖੇਡਾਂ ਵਿਚ ਹਿੱਸਾ ਲੈ ਕੇ ਕੁੱਲ 46 ਮੈਡਲ ਜਿੱਤੇ ਜਿਨ੍ਹਾਂ ਵਿਚ 9 ਗੋਲ੍ਡ ,17 ਸਿਲਵਰ ਅਤੇ 20 ਬਰੋਨਜ਼ ਮੈਡਲ ਸਨ |
ਭਾਰਤੀ ਖਿਡਾਰਨ ਸਮਾਜ ਵਲੋਂ ਲਾਈਆਂ ਬੰਦਿਸ਼ਾਂ ਦੇ ਕੰਡਿਆਲੇ ਰਾਹਾਂ ਨੂੰ ਸਰ ਕਰਦੀ ਹੋਈ ਵਿਸ਼ਵ ਅਤੇ ਓਲੰਪਿਕ ਖੇਡਾਂ ਦੇ ਜਿੱਤ ਮੰਚ ਤੇ ਅੱਪੜ ਚੁੱਕੀ ਹੈ | ਭਾਰਤ ਦੀ ਜਨ ਸੰਖਿਆ ਮੁਤਾਬਿਕ ਔਰਤਾਂ ਦੀ ਪ੍ਰਤੀਸ਼ਤ 48.04 ਅਤੇ ਪੁਰਸ਼ਾਂ ਦੀ 51.96 ਹੈ | ਬਰਾਬਰ ਦੀ ਜਨ ਸੰਖਿਆ ਪ੍ਰਤੀਸ਼ਤ ਹੋਣ ਦੇ ਬਾਵਜੂਦ ਪੁਰਸ਼ ਖਿਡਾਰੀਆਂ ਦੇ ਮੁਕਾਬਲੇ ਉਹਨਾਂ ਨੂੰ ਮਿਲਦੀਆਂ ਖੇਡ ਸੁਹੁਲਤਾ ਨਿਗੂਣੀਆਂ ਨੇ | ਲੜਕੀਆਂ ਲਈ ਵੱਖਰੇ ਲੇਡੀ ਕੋਚ ਅਤੇ ਵੱਖਰੇ ਖੇਡ ਗ੍ਰਾਉੰਡ ਨਹੀਂ | ਉਹਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਕੋਈ ਟੀ. ਵੀ. ਦਾ ਰਿਐਲਟੀ ਸ਼ੋ ਪ੍ਰਸਾਰਿਤ ਨਹੀਂ | ਭਾਰਤੀ ਖਿਡਾਰਣ ਨੂੰ ਖੇਡ ਅਵਾਰਡ ਪ੍ਰਦਾਨ ਕਰਨ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਹਨਾਂ ਨਾਲ ਇਥੇ ਵੀ ਫਰਕ ਰੱਖਿਆ ਗਿਆ ਹੈ | ਇਹਨਾਂ ਖਿਡਾਰਨਾਂ ਨੂੰ ਪੁਰਸ਼ ਖਿਡਾਰੀਆਂ ਦੇ ਮੁਕਾਬਲੇ ਅਰਜੁਨ ਐਵਾਰਡ 26.70 ਪ੍ਰਤੀਸ਼ਤ ਮਿਲਿਆ, ਰਾਜੀਵ ਗਾਂਧੀ ਖੇਡ ਰਤਨ ਐਵਾਰਡ 41.40 % , ਧਿਆਨ ਚੰਦ ਖੇਡ ਅਵਾਰਡ 11.4 % ਅਤੇ ਦਰੋਣਾਚਾਰੀਆ ਅਵਾਰਡ ਔਰਤ ਕੋਚਾਂ ਨੂੰ ਸਿਰਫ 4.60 ਪ੍ਰਤੀਸ਼ਤ ਹੀ ਮਿਲਿਆ ਹੈ | ਲੇਕਿਂਨ ਭਾਰਤੀ ਖਿਡਾਰਨ ਇਹਨਾਂ ਸੱਭ ਕਾਰਣਾ ਦੀ ਪ੍ਰਵਾਹ ਕੀਤੇ ਬਗੈਰ ਅਤੇ ਸਮਾਜ ਦੀਆਂ ਵੇਲਾ ਵਿਹਾ ਚੁੱਕੀਆਂ ਪ੍ਰੰਪਰਾਵਾਂ ਅਤੇ ਪੁਰਾਣੇ ਖੇਡ ਰਿਕਾਰਡਾਂ ਨੂੰ ਤੋੜ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ ਅਤੇ ਉਹ ਆਪਣੀਆਂ ਖੇਡ ਪ੍ਰਾਪਤੀਆਂ ਦੇ ਪਹੁ ਫੁਟਾਲੇ ਤੋਂ ਤਿਖੜ੍ਹ ਦੁਪਹਿਰ ਵੱਲ ਵੱਧ ਰਹੀ ਹੈ |
ਪ੍ਰੋ. ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ ,ਸੰਗਰੂਰ
919417460316
Leave a Comment
Your email address will not be published. Required fields are marked with *