ਡਾ. ਸਾਲੀਮ ਅਲੀ ਭਾਰਤ ਦੇ ਪਹਿਲੇ ਵਿਅਕਤੀ ਸਨ ਜਿਹਨਾਂ ਨੇ ਭਾਰਤ ਦੇ ਸਾਰੇ ਪੰਛੀਆਂ ਦੇ ਯੋਜਨਾਬੰਧ ਤਰੀਕੇ ਨਾਲ ਸਰਵੇ ਕੀਤੇ, ਵਰਗੀਕਰਨ ਕੀਤਾ।ਉਹਨਾਂ ਦੁਆਰਾ ਲਿਖੀਆਂ ਕਿਤਾਬਾਂ ਨੇ ਪੰਛੀ ਵਿਗਿਆਂਨ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ। ਡਾ. ਸਾਲੀਮ ਮੋਇਜੂਦੀਨ ਅਬਦੁਲ ਅਲੀ ਦਾ ਜਨਮ 12 ਨਵੰਬਰ 1896 ਨੂੰ ਬੰਬੇ (ਹੁਣ ਮੁੰਬਈ) ਦੇ ਸੁਲੇਮਣੀ ਬੋਹਰਾ ਮੁਸਿਲਮ ਪਰਿਵਾਰ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਜਨਾਬ ਮੋਇਜੂਦੀਨ ਅਤੇ ਮਾਤਾ ਦਾ ਨਾਂ ਜੀਨਤ-ੳੱਲ-ਨਿਸ਼ਾ ਸੀ। ਇਹਨਾਂ ਦਾ ਪਰਿਵਾਰ ਬਹੁਤ ਵੱਡਾ ਸੀ। ਉਹ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟੇ ਅਤੇ ਨੌਵੇਂ ਬੱਚੇ ਸਨ। ਇੱਕ ਸਾਲ ਦੀ ਉਮਰ ‘ਚ ਇਹਨਾਂ ਦੇ ਪਿਤਾ ਅਤੇ ਤਿੰਨ ਸਾਲ ਦੀ ਉਮਰ ‘ਚ ਮਾਤਾ ਦੀ ਮੌਤ ਦੀ ਬਾਅਦ ਦੁੱਖਾਂ ਦਾ ਪਹਾੜ ਟੁੱਟ ਗਿਆ।ਇਸ ਔਖੇ ਸਮੇਂ ਇਹਨਾਂ ਦੇ ਸਾਰੇ ਪਰਿਵਾਰ ਦੀ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਇਹਨਾਂ ਦੇ ਮਾਮੇ ਅਮਰੂਦੀਨ ਤਇਆਬਜੀ ਅਤੇ ਮਾਮੀ ਹਮੀਦਾ ਬੇਗਮ ਨੇ ਲਈ। ਇਸ ਲਈ ਡਾ. ਅਲੀ ਦਾ ਬਚਪਨ ਮੁੰਬਈ ਦੇ ਖੇਤਵਾੜੀ ਇਲਾਕੇ ਵਿੱਚ ਬਤੀਤ ਕੀਤਾ।ਇਹਨਾਂ ਨੂੰ ਆਪਣੀ ਪ੍ਰਾਇਮਰੀ ਸਿੱਖਿਆ ਲਈ ਗਿਰਗਾਮ ਦੇ ਬਾਈਬਲ ਮੈਡੀਕਲ ਮਿਸ਼ਨ ਗਰਲਜ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਅਤੇ ਬਾਅਦ ਵਿੱਚ ਸ਼ੇਟ ਜ਼ੇਵੀਅਰ ਮੁੰਬਈ ਵਿੱਚ ਦਾਖਲ ਕਰਵਾਇਆ। ਬਚਪਨ ਵਿੱਚ ਡਾ. ਅਲੀ ਦਾ ਪੜ੍ਹਾਈ ਵਿੱਚ ਕੋਈ ਖਾਸ ਲਗਾਉ ਨਹੀਂ ਸੀ। ਛੋਟੀ ਉਮਰ ਵਿੱਚ ਉਹ ਸਿਰ ਦਰਦ ਤੋਂ ਪੀੜਤ ਹੋਣ ਕਾਰਨ ਅਕਸਰ ਜਮਾਤ ਤੋਂ ਬਾਹਰ ਹੀ ਰਹੇ।ਬਾਹਰ ਰਹਿਣ ਕਰਕੇ ਉਹਨਾਂ ਦਾ ਲਗਾਉ ਕੁਦਰਤ ਨਾਲ ਜਿਆਦਾ ਹੋ ਗਿਆ। 10 ਸਾਲ ਦੀ ਉਮਰ ਵਿੱਚ ਇੱਕ ਘਟਨਾ ਨੇ ਜ਼ਿੰਦਗੀ ਨੂੰ ਅਜੀਬ ਮੋੜ ਦਿੱਤਾ ਅਤੇ ਪੰਛੀ ਵਿਗਿਆਨ ਵਿੱਚ ਦਿਲਚਸਪੀ ਅਤੇ ਜਿਗਿਆਸਾ ਦੀ ਚਿਣਗ ਲਗਾ ਦਿੱਤੀ।ਇਹਨਾਂ ਦੇ ਮਾਮੇ ਨੇ ਇਹਨਾਂ ਨੂੰ ਇੱਕ ਖਿਡੌਣਾ ਬੰਦੂਕ ਲਿਆ ਕੇ ਦਿੱਤੀ ਤਾ ਖੇਡਦਿਆਂ ਖੇਡਦਿਆਂ ਆਪਣੀ ਬੰਦੂਕ ਨਾਲ ਇੱਕ ਪੰਛੀ ਦਾ ਸ਼ਿਕਾਰ ਕੀਤਾ। ਇਹ ਪੰਛੀ ਦੇਖਣ ਨੂੰ ਬਚਿੱਤਰ ਸੀ, ਇਸ ਦੀ ਗਰਦਨ ਪੀਲੀ ਸੀ।ਉਸ ਨੇ ਆਪਣੇ ਮਾਮੇ ਨੂੰ ਪੰਛੀ ਦਾ ਨਾਂ ਪੁੱਛਿਆਂ, ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ।ਉਸ ਦਾ ਮਾਮਾ ਉਸ ਦੀ ਦਿਲਚਸਪੀ ਦੇਖ ਕੇ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਦਫਤਰ ਲੈ ਗਿਆ ਜੋ ਉਸ ਸਮੇਂ ਅਪੋਲੋ ਸਟਰੀਟ ਦੇ ਛੋਟੇ ਜਿਹੇ ਕਮਰੇ ਵਿੱਚ ਸੀ।ਉਸ ਦੇ ਮਾਮੇ ਨੇ ਉਸ ਦੀ ਮੁਲਾਕਾਤ ਸੁਸਾਇਟੀ ਦੇ ਆਨਰੇਰੀ ਸੈਕਟਰੀ ਡਿਬਲੂ.ਐਸ.ਮਿਲਾਰਡ, ਜੋ ਪੰਛੀ ਵਿਗਿਆਨੀ ਸਨ, ਨਾਲ ਕਰਵਾਈ।ਮਿਲਾਰਡ ਨੇ ਸਾਲੀਮ ਦੀ ਉਤਸੁਕਤਾ ਨੂੰ ਦੇਖਦੇ ਹੋਏ ਉਸ ਨੂੰ ਵੱਖ-ਵੱਖ ਸਟੋਰ ਕੀਤੇ ਪੰਛੀ ਦਿਖਾਏ।ਇਸ ਨਾਲ ਸਾਲੀਮ ਦੇ ਮਨ ਵਿੱਚ ਪੰਛੀਆਂ ਨੂੰ ਜਾਣਨ ਲਈ ਤਾਂਘ ਹੋਰ ਵੱਧ ਗਈ।ਮਿਲਾਰਡ ਨੇ ਉਸ ਨੂੰ “ਕਾਮਨ ਬਰਡ ਆਫ ਬੰਬੇ” ਕਿਤਾਬ ਵੀ ਭੇਂਟ ਕੀਤੀ ਅਤੇ ਪੰਛੀਆ ਬਾਰੇ ਹੋਰ ਜਾਣਕਾਰੀਆਂ ਦੇਣ ਦਾ ਵਾਅਦਾ ਵੀ ਕੀਤਾ।
ਰੋਜ਼ੀ-ਰੋਟੀ ਲਈ ਉਹ ਆਪਣੇ ਵੱਡੇ ਭਾਈ ਦੇ ਵਾਲਫ੍ਰੇਮ ਮਾਇੰਨਗ ਕੰਮ ਲਈ ਬਰਮਾ (ਹੁਣ ਮੀਆਮਾਰ) ਚਲੇ ਗਏ।ਪ੍ਰਾਕ੍ਰਿਤੀਵਾਦੀ ਡਾ ਸਾਲੀਮ ਦਾ ਜੀਅ ਮਾਇੰਨਗ ‘ਚ ਨਾ ਲੱਗਾ ਅਤੇ ਵਾਪਿਸ ਮੁੰਬਈ ਆ ਗਏ।1917 ਵਿੱਚ ਸ਼ੇਟ ਜੇਵੀਅਰ ਕਾਲਜ ਤੋਂ ਬੀ.ਐਸ.ਸੀ ਪਾਸ ਕੀਤੀ। 1918 ਵਿੱਚ, 22 ਸਾਲ ਦੀ ਉਮਰ ਵਿੱਚ ਬੇਗਮ ਤਹਮੀਨਾ ਨਾਲ ਨਿਕਾਹ ਕੀਤਾ ਅਤੇ ਨੈਚੁਰਲ ਹਿਸਟਰੀ ਸੁਸਾਇਟੀ ਬੰਬੇ ਵਿੱਚ ਗਾਈਡ ਦਾ ਕੰਮ ਕਰਨਾ ਸ਼ੁਰੂ ਕੀਤਾ। ਹੌਲ਼ੀ-ਹੌਲ਼ੀ ਕੰਮ ਦੀ ਮੁਹਾਰਤ ਹਾਸਲ ਕੀਤੀ।ਇਸ ਦੌਰਾਨ ਪੰਛੀਆਂ ਦੀਆਂ ਖੱਲਾਂ ਉਤਾਰਨ ਅਤੇ ਸੰਭਾਲਣ ਲਈ ਨਵੀਆਂ ਤਕਨੀਕਾਂ ਸਿੱਖਣ ਲਈ ਜਰਮਨੀ ਜਾਣ ਦਾ ਮੌਕਾ ਮਿਲਿਆ।ਜਰਮਨੀ ਦੀ ਬਰਲਿਨ ਯੂਨੀਵਰਸਿਟੀ ਦੇ ਜੂਅਲੋਜੀ ਵਿਭਾਗ ਦੇ ਪ੍ਰੋ. ਇਰਵਿਨ ਸਟਰੇਸਮੈਨ ਕੋਲ ਪੰਛੀ ਵਿਗਿਆਨ ਬਾਰੇ ਨਵੀਆਂ ਤਕਨੀਕਾਂ ਸਿੱਖੀਆਂ।ਇੱਕ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਵਾਪਿਸ ਮੁੰਬਈ ਆਏ ਤਾਂ ਉਹਨਾਂ ਦੀ ਨੌਕਰੀ ਜਾ ਚੁੱਕੀ ਸੀ।ਉਹ ਤੇ ਉਹਨਾਂ ਦੀ ਪਤਨੀ ਮਾਹਿਮ ਦੇ ਛੋਟੇ ਜਿਹੇ ਘਰ ਵਿੱਚ ਰਹਿਣ ਲੱਗੇ।ੳਹਨਾਂ ਦੇ ਘਰ ਵਿੱਚ weaver bird ਦਾ ਆਲ੍ਹਣਾ ਸੀ।1930 ਵਿੱਚ weaver bird ਤੇ ਰਿਸਰਚ ਪੇਪਰ ਲਿਖਿਆ ਜੋ ਦੁਨੀਆਂ ਵਿੱਚ ਬਹੁਤ ਪੜ੍ਹਿਆ ਗਿਆ। 1941 ਵਿੱਚ “THE BOOK OF INDIAN BIRDS” ਲਿਖੀ ਜੋ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੋਈ।1947 ਵਿੱਚ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਮੁਖੀ ਬਣੇ ਅਤੇ ਭਰਤਪੁਰ ਪੰਛੀ ਸੈਂਚੁਰੀ (ਕੇਓਲਾਡਿਓ ਨੈਸ਼ਨਲ ਪਾਰਕ) ਬਣਾਉਣ ਅਤੇ ਸਾਈਲੈਂਟ ਵੈਲੀ ਨੂੰ ਰੋਕਣ ਲਈ ਬਹੁਤ ਅਹਿਮ ਰੋਲ ਅਦਾ ਕੀਤਾ।1939 ਵਿੱਚ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ।1948 ਵਿੱਚ ਐਸ.ਡਿਲਾਨ ਰਿਪਲੇ ਨਾਲ ਮਿਲ ਕੇ ਇੱਕ ਅੰਤਰ-ਰਾਸ਼ਟਰੀ ਪ੍ਰੋਜੈਕਟ ਸੁਰੂ ਕੀਤਾ ਅਤੇ 10 ਭਾਗਾ ਵਿੱਚ “HANDBOOK OF THE BIRDS OF INDIA AND PAKISTAN” ਲਿਖੇ।ਡਾ. ਸਾਲੀਮ ਦੀ ਸਵੈ-ਜੀਵਨੀ ਦੀ ਕਿਤਾਬ ਦਾ ਨਾਂ “THE FALL OF A SPARROW” ਹੈ।
ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਨੇ ਇਹਨਾਂ ਨੂੰ 1953 ਵਿੱਚ “ਜੋ ਗੋਬਿੰਦਾ ਲਾਅ ਗੋਲਡ ਮੈਡਲ” ਨਾਲ ਸਨਮਾਨਿਤ ਕੀਤਾ ।1970 ਵਿੱਚ ਨੈਸ਼ਨਲ ਸਾਇੰਸ ਅਕੈਡਮੀ ਨੇ “ਸੁੰਦਰ ਲਾਲ ਹੋਰਾ ਮੈਮੋਰੀਅਲ ਮੈਡਲ” ਨਾਲ ਸਨਮਾਨਿਤ ਕੀਤਾ।1967 ਵਿੱਚ ਬ੍ਰਿਟਿਸ਼ ਆਰਨੀਥੋਲੋਜਿਸਟ ਯੂਨੀਅਨ ਤੋ “ਗੋਲਡ ਮੈਡਲ” ਪ੍ਰਾਪਤ ਕਰਨ ਵਾਲੇ ਪਹਿਲੇ ਗੈਰ- ਬ੍ਰਿਟਿਸ਼ ਵਿਅਕਤੀ ਬਣੇ। ਡਾ. ਸਾਲੀਮ ਅਲੀ ਨੂੰ ਅਲੀਗੜ ਮੁਸਿਲਮ ਯੂਨੀਵਿਰਸਟੀ ਨੇ (1958), ਦਿੱਲੀ ਯੂਨੀਵਿਰਸਟੀ ਨੇ(1973) ਅਤੇ ਆਂਧਰਾ ਯੂਨੀਵਿਰਸਟੀ ਨੇ (1978) ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ। ਭਾਰਤ ਸਰਕਾਰ ਵੱਲੋਂ 1958 ਵਿੱਚ ਪਦਮ ਭੂਸ਼ਣ ਅਤੇ 1976 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ।1975 ਵਿੱਚ “ਜੇ ਪਾਲ ਗੈਟੀ ਆਵਰਡ ਫਾਰ ਕਨਜ਼ਰਵੇਸ਼ਨ ਲੀਡਰਸ਼ਿੱਪ” ਨਾਲ ਵੀ ਸਨਮਾਨਿਤ ਕੀਤਾ ਗਿਆ। 1985 ਵਿੱਚ ਉਹਨਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ।
ਲੰਬੇ ਸਮੇਂ ਤੋਂ ਪ੍ਰੋਸਟੇਟ ਕੈਂਸਰ ਨਾਲ ਲੜ ਰਹੇ ਡਾ. ਸਾਲੀਮ 27 ਜੁਲਾਈ 1987 ਨੂੰ ਇਸ ਦੁਨੀਆ ਨੂੰ ਅਲਵਿਦਾ ਕਰ ਗਏ।1990 ਵਿੱਚ ਭਾਰਤ ਸਰਕਾਰ ਵੱਲੋ ਕੋਇਮਬਟੂਰ ਵਿੱਚ ਸਾਲੀਮ ਅਲੀ ਸੈਂਟਰ ਫਾਰ ਆਰਨੀਥੋਲੋਜੀ ਐਂਡ ਨੈਚੂਰਲ ਹਿਸਟਰੀ ਦੀ ਸਥਾਪਨਾ ਕੀਤੀ ਗਈ।ਪਾਂਡੀਚਰੀ ਯੂਨੀਵਰਸਿਟੀ ਨੇ ਸਾਲੀਮ ਅਲ਼ੀ ਸਕੂਲ ਆਫ ਈਕੋਲੋਜੀ ਅਤੇ ਇੰਨਵਾਇਰਮੈਂਟਲ ਸਾਇੰਸਜ ਦੀ ਸਥਾਪਨਾ ਕੀਤੀ।ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਨੇੜੇ ਦੇ ਚੌਂਕ ਦਾ ਨਾਮ “ਡਾ. ਸਾਲੀਮ ਅਲੀ ਚੌਂਕ” ਰੱਖਿਆ।ਇੱਕ ਦੁਰਲੱਭ ਪ੍ਰਜਾਤੀ ਦਾ ਨਾ ਵੀ ਡਾ. ਸਾਲੀਮ ਅਲੀ ਦੇ ਨਾ ਤੇ ਰੱਖਿਆ ਗਿਆ।ਪੰਛੀ ਵਿਗਿਆਨ ਵਿੱਚ ਡਾ. ਸਾਲੀਮ ਅਲੀ ਦਾ ਕੰਮ ਹਮੇਸਾ ਯਾਦ ਰਹੇਗਾ।
ਪ੍ਰੀਤ ਇੰਦਰ ਘਈ
ਉੱਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ)
ਸੰਗਰੂਰ।
Leave a Comment
Your email address will not be published. Required fields are marked with *