ਲਾਲ ਬਹਾਦਰ ਸ਼ਾਸਤਰੀ ਜੀ ਨੂੰ ਯਾਦ ਕਰਦਿਆਂ………………
ਅਨੁਸ਼ਾਸ਼ਨ ਅਤੇ ਏਕਤਾ ਹੀ ਕਿਸੇ ਦੇਸ਼ ਦੀ ਤਾਕਤ ਹੁੰਦੀ ਹੈ – ਲਾਲ਼ ਬਹਾਦੁਰ ਸ਼ਾਸਤਰੀ।
ਲਾਲ ਬਹਾਦੁਰ ਸ਼ਾਸਤਰੀ ਇੱਕ ਭਾਰਤੀ ਕ੍ਰਾਂਤੀਕਾਰੀ, ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋ ਸੇਵਾ ਨਿਭਾਈ। ਸ਼ਾਸਤਰੀ ਜੀ ਨੇ ਭਾਰਤ ਦੀ ਪਹਿਲੀ ਕੈਬਨਿਟ ਵਿੱਚ ਤੀਜੇ ਰੇਲ ਮੰਤਰੀ ਅਤੇ ਛੇਵੇਂ ਗ੍ਰਹਿ ਮੰਤਰੀ ਵਜੋਂ ਵੀ ਸੇਵਾ ਨਿਭਾਈ। ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਮੁਗਲਸਰਾਏ ਸ਼ਹਿਰ ਨੇੜੇ ਰਾਮਨਗਰ ਵਿੱਚ ਸ਼ਾਰਦਾ ਪ੍ਰਸਾਦ ਅਤੇ ਰਾਮਦੁਲਾਰੀ ਦੇਵੀ ਦੇ ਘਰ ਹੋਇਆ ਸੀ। ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦ ਸਿਰਫ ਡੇਢ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਨਾਥ ਕਰਕੇ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਰਾਮਦੁਲਾਰੀ ਨੇ ਨਿਭਾਈ। ਗਰੀਬੀ ਅਤੇ ਮੁਸ਼ਕਲ ਵਿੱਚ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਉਪਰੰਤ ਵਾਰਾਨਸੀ ਦੇ ਹਰੀਸ਼ ਚੰਦਰ ਸਕੂਲ ਵਿੱਚ ਦਾਖਲਾ ਲਿਆ।ਜਦੋਂ 1921 ਵਿੱਚ ਮਹਾਤਮਾ ਗਾਂਧੀ ਨੇ ਵਾਰਾਨਸੀ ਆ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਸਿਰਫ 17 ਸਾਲ ਦੀ ਉਮਰ ਵਿੱਚ ਆਪ ਜੀ ਨੇ ਭਰੀ ਸਭਾ ਵਿੱਚ ਖੜ੍ਹੇ ਹੋ ਕੇ ਆਪਣੇ ਆਪ ਨੂੰ ਰਾਸ਼ਟਰ ਹਿਤ ਲਈ ਸੌਂਪ ਦੇਣ ਦੀ ਘੋਸ਼ਣਾ ਕਰ ਦਿੱਤੀ। ਪੜ੍ਹਾਈ ਨੂੰ ਛੱਡ ਆਪ ਜੀ ਰਾਸ਼ਟਰੀ ਅੰਦੋਲਨ ਵਿੱਚ ਕੁੱਦ ਪਏ ਅਤੇ ਢਾਈ ਸਾਲ ਲਈ ਜੇਲ੍ਹ ਵਿੱਚ ਬੰਦ ਰਹੇ। ਉਪਰਾਂਤ ਆਪ ਜੀ ਨੇ ਕਾਸ਼ੀ ਵਿਦਿਆਪੀਠ ਵਿਖੇ ਦਾਖਲਾ ਲਿਆ। ਉਥੇ ਆਪ ਜੀ ਦੀ ਮੁਲਾਕਾਤ ਡਾ. ਭਗਵਾਨ ਦਾਸ, ਆਚਾਰੀਆ ਕ੍ਰਿਪਲਾਨੀ, ਸ੍ਰੀ ਪ੍ਰਕਾਸ਼ ਅਤੇ ਡਾ ਸੰਪੂਰਨਾ ਨੰਦ ਨਾਲ ਹੋਈ। ਇਨ੍ਹਾਂ ਤੋਂ ਉਨ੍ਹਾਂ ਰਾਜਨੀਤੀ ਦੀ ਸਿੱਖਿਆ ਤਾਂ ਪ੍ਰਾਪਤ ਕੀਤੀ ਹੀ, ਨਾਲ ਹੀ ਸ਼ਾਸਤਰੀ ਦੀ ਉਪਾਧੀ ਵੀ ਪ੍ਰਾਪਤ ਕੀਤੀ ਅਤੇ ਲਾਲ ਬਹਾਦਰ ਤੋਂ ਲਾਲ ਬਹਾਦਰ ਸ਼ਾਸਤਰੀ ਬਣ ਗਏ।
ਨਹਿਰੂ ਜੀ ਦੀ ਮੌਤ ਤੋਂ ਬਾਅਦ ਸ਼ਾਸਤਰੀ ਜੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ। ਸ਼ਾਸਤਰੀ ਜੀ ਨੇ ਆਪਣੇ ਜੀਵਨ ਵਿੱਚ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਤੋਂ ਅੱਜ ਹਰ ਕੋਈ ਪ੍ਰੇਰਣਾ ਲੈਂਦਾ ਹੈ। ਇਮਾਨਦਾਰੀ ਅਤੇ ਸਾਦਗੀ ਨਾਲ ਭਰਪੂਰ ਸ਼ਾਸਤਰੀ ਜੀ ਦੇ ਜੀਵਨ ਦੀਆਂ ਕਈ ਕਹਾਣੀਆਂ ਹਨ। ਲਾਲ ਬਹਾਦੁਰ ਸ਼ਾਸਤਰੀ ਦੀ 119 ਵੀਂ ਜਯੰਤੀ 2 ਅਕਤੂਬਰ 2023 ਨੂੰ ਮਨਾਈ ਜਾ ਰਹੀ ਹੈ। ਜਦਕਿ ਮਹਾਤਮਾ ਗਾਂਧੀ ਦੀ 154 ਵੀਂ ਜਯੰਤੀ ਮਨਾਈ ਜਾ ਰਹੀ ਹੈ। ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੋਵਾਂ ਨੇ ਦੇਸ਼ ਲਈ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਅਜਿਹੇ ‘ਚ ਹਰ ਕਿਸੇ ਨੂੰ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਨਾਲ ਜੁੜੀਆਂ ਕੁਝ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਅਸੀਂ ਉਨ੍ਹਾਂ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਆਪਣੀ ਜ਼ਿੰਦਗੀ ‘ਚ ਸ਼ਾਮਲ ਕਰ ਸਕੀਏ।
ਜਦੋਂ ਸ਼ਾਸਤਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਇੱਕ ਵਾਰ ਉਨ੍ਹਾਂ ਦੇ ਪੁੱਤਰ ਸੁਨੀਲ ਸ਼ਾਸਤਰੀ ਜੀ ਇੱਕ ਸਰਕਾਰੀ ਕਾਰ ਲੈ ਕੇ ਰਾਤ ਨੂੰ ਘੁੰਮਣ ਗਏ ਅਤੇ ਜਦੋਂ ਉਹ ਵਾਪਸ ਆਏ ਤਾਂ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਪੁੱਛਿਆ ਕਿ ਉਹ ਸਰਕਾਰੀ ਕਾਰ ਲੈ ਕੇ ਕਿੱਥੇ ਗਏ ਸਨ ? ਸੁਨੀਲ ਜੀ ਇਸ ‘ਤੇ ਕੁਝ ਕਹਿੰਦੇ ਇਸ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਹਾ ਕਿ ਸਰਕਾਰੀ ਗੱਡੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਹੈ ਨਾ ਕਿ ਉਨ੍ਹਾਂ ਦੇ ਪੁੱਤਰ ਨੂੰ, ਜੇਕਰ ਅੱਗੇ ਤੋਂ ਕੀਤੇ ਜਾਣਾ ਹੈ ਤਾਂ ਸਰਕਾਰੀ ਗੱਡੀ ਦੀ ਵਰਤੋਂ ਨਾ ਕੀਤੀ ਜਾਵੇ। ਲਾਲ ਬਹਾਦਰ ਸ਼ਾਸਤਰੀ ਜੀ ਉਥੇ ਹੀ ਨਹੀਂ ਰੁਕੇ, ਉਸ ਨੇ ਆਪਣੇ ਡਰਾਈਵਰ ਨੂੰ ਪੁੱਛਿਆ ਕਿ ਗੱਡੀ ਕਿੰਨੇ ਕਿਲੋਮੀਟਰ ਦਾ ਸਫਰ ਕੀਤਾ ਹੈ ਅਤੇ ਇਸਦੀ ਰਕਮ ਵੀ ਸਰਕਾਰੀ ਖਜ਼ਾਨੇ ‘ਚ ਜਮ੍ਹਾ ਕਰਵਾਉਣ ਲਈ ਕਿਹਾ।
ਇਵੇਂ ਹੀ ਲਾਲਾ ਲਾਜਪਤ ਰਾਏ ਨੇ ਆਜ਼ਾਦੀ ਦੀ ਲੜਾਈ ਲੜ ਰਹੇ ਗਰੀਬ ਦੇਸ਼ ਭਗਤਾਂ ਲਈ ਸਰਵੈਂਟਸ ਆਫ ਇੰਡੀਆ ਸੋਸਾਇਟੀ ਬਣਾਈ ਸੀ, ਜਿਸ ਵਿੱਚ ਗਰੀਬ ਦੇਸ਼ ਭਗਤਾਂ ਨੂੰ ਪੰਜਾਹ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਸੀ। ਇਕ ਵਾਰ ਜੇਲ ਤੋਂ ਸਾਸ਼ਤਰੀ ਜੀ ਨੇ ਆਪਣੀ ਪਤਨੀ ਲਲਿਤਾ ਜੀ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਕੀ ਇਹ ਸੁਸਾਇਟੀ ਵੱਲੋਂ 50 ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋ ਰਹੀ ਹੈ? ਜਵਾਬ ਵਿੱਚ ਲਲਿਤਾ ਜੀ ਨੇ ਕਿਹਾ ਹਾਂ, ਜਿਸ ਵਿੱਚੋਂ 40 ਰੁਪਏ ਘਰੇਲੂ ਖਰਚਿਆਂ ਲਈ ਵਰਤੇ ਜਾਂਦੇ ਹਨ ਅਤੇ 10 ਰੁਪਏ ਬਚ ਜਾਂਦੇ ਹਨ। ਜਿਵੇਂ ਹੀ ਸ਼ਾਸਤਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਭਾਰਤੀ ਸੁਸਾਇਟੀ ਨੂੰ ਪੱਤਰ ਲਿਖਿਆ ਕਿ ਮੇਰੇ ਘਰੇਲੂ ਖਰਚੇ 40 ਰੁਪਏ ਵਿੱਚ ਪੂਰੇ ਹੁੰਦੇ ਹਨ, ਕਿਰਪਾ ਕਰਕੇ ਮੈਨੂੰ ਦਿੱਤੀ ਜਾਣ ਵਾਲੀ ਸਹਾਇਤਾ 50 ਰੁਪਏ ਤੋਂ ਘਟਾ ਕੇ 40 ਰੁਪਏ ਕਰ ਦਿਓ ਤਾਂ ਜੋ ਹੋਰ ਦੇਸ਼ ਭਗਤ ਸਹਾਇਤਾ ਪ੍ਰਾਪਤ ਕਰ ਸਕਨ।
ਇੰਝ ਹੀ 1965 ਦਾ ਸਾਲ ਸੀ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਜੰਗ ਚੱਲ ਰਹੀ ਸੀ ਅਤੇ ਭਾਰਤੀ ਫੌਜ ਲਾਹੌਰ ਏਅਰਪੋਰਟ ‘ਤੇ ਹਮਲਾ ਕਰਨ ਦੇ ਘੇਰੇ ‘ਚ ਪਹੁੰਚ ਚੁੱਕੀ ਸੀ। ਉਸ ਸਮੇਂ ਸਾਨੂੰ ਭਾਰਤੀਆਂ ਨੂੰ ਅਮਰੀਕਾ ਦੀ PL-480 ਸਕੀਮ ਤਹਿਤ ਮਿਲੀ ਲਾਲ ਕਣਕ ਖਾਣ ਲਈ ਮਜ਼ਬੂਰ ਹੋਣਾ ਪਿਆ।ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ਾਸਤਰੀ ਜੀ ਨੂੰ ਕਿਹਾ ਕਿ ਜੇਕਰ ਜੰਗ ਨਾ ਰੋਕੀ ਗਈ ਤਾਂ ਕਣਕ ਦੀ ਬਰਾਮਦ ਬੰਦ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਅਕਤੂਬਰ 1965 ਵਿੱਚ ਦੁਸਹਿਰੇ ਵਾਲੇ ਦਿਨ ਸ਼ਾਸਤਰੀ ਜੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਇੱਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਅਤੇ ਨਾਲ ਹੀ ਖ਼ੁਦ ਵੀ ਇੱਕ ਦਿਨ ਦਾ ਵਰਤ ਰੱਖਣ ਦਾ ਪ੍ਰਣ ਕੀਤਾ। ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਅਤੇ ਦੇਸ਼ ਨੂੰ ਭੋਜਨ ਦੇਣ ਵਾਲਿਆਂ ਲਈ ਦਿੱਤਾ ਗਿਆ। ਓਹਨਾਂ ਨਾਲ਼ ਹੀ ਕਿਹਾ ਕਿ ਅਨੁਸ਼ਾਸ਼ਨ ਅਤੇ ਏਕਤਾ ਹੀ ਕਿਸੇ ਦੇਸ਼ ਦੀ ਤਾਕਤ ਹੁੰਦੀ ਹੈ।
1964 ਵਿੱਚ ਸ੍ਰੀ ਨਹਿਰੂ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੇ ਪਦ ’ਤੇ ਨਿਵਾਜਿਆ ਗਿਆ। ਪ੍ਰਧਾਨ ਮੰਤਰੀ ਬਣਨ ਉਪਰੰਤ ਆਪ ਜੀ ਨੇ ਕਾਰਜਯੋਗਤਾ ਨਾਲ ਸਾਰੇ ਵਿਸ਼ਵ ਵਿੱਚ ਹਰਮਨਪਿਆਰਾ ਬਣਨ ਦਾ ਮਾਣ ਹਾਸਲ ਕੀਤਾ।
ਲਾਲ ਬਹਾਦੁਰ ਸ਼ਾਸਤਰੀ ਦੀ ਭੇਦਭਰੀ ਹਾਲਤ ਵਿੱਚ 11 ਜਨਵਰੀ 1966 ਨੂੰ 61 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਨ੍ਹਾਂ ਨੂੰ 1966 ਵਿੱਚ ਮਰਨ ਉਪਰੰਤ ‘ਭਾਰਤ ਰਤਨ’ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲਾਲ ਬਹਾਦੁਰ ਸ਼ਾਸਤਰੀ ਇੱਕ ਮਹਾਨ ਇਮਾਨਦਾਰ ਅਤੇ ਉੱਚ ਯੋਗਤਾ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਹਨ। ਉਹ ਨਿਮਰ, ਸਹਿਣਸ਼ੀਲ ਅਤੇ ਮਜ਼ਬੂਤ ਅੰਦਰਲੀ ਤਾਕਤ ਵਾਲੇ ਸੀ ਜੋ ਆਮ ਆਦਮੀ ਦੀ ਭਾਸ਼ਾ ਨੂੰ ਵੀ ਬਾਖੂਬੀ ਸਮਝਦੇ ਸੀ। ਉਹ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਸਨ ਅਤੇ ਦੂਰਦਰਸ਼ੀ ਸਨ।
ਸ਼ਾਂਤੀ ਵਣ ਕੋਲ ਬਣੇ ‘‘ਵਿਜੇਘਾਟ’’ ਦੀ ਸ਼ਾਸਤਰੀ ਜੀ ਦੀ ਸਮਾਧੀ ਅਤੇ ਉਨ੍ਹਾਂ ਦਾ ਵਿਅਕਤੀਤਵ ਸਾਨੂੰ ਅੱਜ ਵੀ ਇਹ ਯਾਦ ਕਰਵਾਉਂਦਾ ਹੈ ਕਿ ਲਗਨ, ਪੱਕੇ ਇਰਾਦੇ, ਦ੍ਰਿੜ ਸੰਕਲਪ ਅਤੇ ਸੱਚਾਈ ਨਾਲ ਕੰਮ ਕਰਨ ਨਾਲ ਕੋਈ ਵੀ ਵਿਅਕਤੀ ਉੱਚੇ ਤੋਂ ਉੱਚੇ ਪਦ ਨੂੰ ਪ੍ਰਾਪਤ ਕਰ ਸਕਦਾ ਹੈ। ਸ਼ਾਸਤਰੀ ਜੀ ਗਾਂਧੀਵਾਦੀ ਵਿਚਾਰਧਾਰਾ ਦੇ ਸਮਰਥਕ ਸਨ, ਉਨ੍ਹਾਂ ਨੇ ਹਮੇਸ਼ਾ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।
ਲੈਕਚਰਾਰ ਲਲਿਤ ਗੁਪਤਾ
ਸ ਸ ਸ ਸ ਪੱਖੋਵਾਲ ( ਲੁਧਿਆਣਾ)
9781590500
Leave a Comment
Your email address will not be published. Required fields are marked with *