ਚੰਡੀਗੜ੍ਹ,18 ਮਾਰਚ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ 15 ਵਾਂ ਕਵੀ ਦਰਬਾਰ 17 ਮਾਰਚ ਦਿਨ ਐਤਵਾਰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸਰਪ੍ਰਸਤ ਡਾ.ਗੁਰਚਰਨ ਕੌਰ ਕੋਚਰ ਅਤੇ ਸੰਸਥਾਪਕ / ਪ੍ਰਬੰਧਕ ਡਾ. ਰਵਿੰਦਰ ਕੌਰ ਭਾਟੀਆ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਸਭ ਤੋਂ ਪਹਿਲਾਂ ਸਭਾ ਦੇ ਸਰਪ੍ਰਸਤ ਡਾ .ਗੁਰਚਰਨ ਕੌਰ ਕੋਚਰ ਅਤੇ ਡਾ. ਰਵਿੰਦਰ ਕੌਰ ਭਾਟੀਆ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਨਾਲ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ।
ਪ੍ਰੋਗਰਾਮ ਦਾ ਆਗਾਜ਼ ਅਤੇ ਸੰਚਾਲਨ ਸਾਹਿਤ ਸਭਾ ਦੀ ਮੁੱਖ ਸਲਾਹਕਾਰ, ਮੀਤਾ ਖੰਨਾ ਨੇ ਬੜੇ ਹੀ ਉਮਦਾ ਅਤੇ ਸੰਗੀਤਮਈ ਢੰਗ ਨਾਲ ਕੀਤਾ। ਸਭਾ ਦੀ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਨੇ ਵੀ ਬੜੇ ਹੀ ਅਨੋਖੇ ਅੰਦਾਜ਼ ਨਾਲ ਮੰਚ ਨੂੰ ਸੰਭਾਲਿਆ ਅਤੇ ਸਭ ਤੋਂ ਵਾਹ – ਵਾਹ ਖੱਟੀ ।
ਭਾਸ਼ਾ ਵਿਭਾਗ ਪਟਿਆਲਾ ,ਪੰਜਾਬ ਦੇ ਡਿਪਟੀ ਡਾਇਰੈਕਟਰ ਅਤੇ ਵਿਸ਼ੇਸ਼ ਮਹਿਮਾਨ ਤੇਜਿੰਦਰ ਸਿੰਘ ਗਿੱਲ ਜੀ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਸਾਰੇ ਹੀ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਉਹਨਾਂ ਨੇ ਬੜੇ ਹੀ ਸ਼ਾਨਦਾਰ ਢੰਗ ਨਾਲ ਡਾ. ਰਵਿੰਦਰ ਕੌਰ ਭਾਟੀਆ ਨੂੰ ਉਹਨਾਂ ਦੀ ਕਿਤਾਬ ਦੇ ਲੋਕ ਅਰਪਣ ਦੀ ਵਧਾਈ ਦਿੱਤੀ ਅਤੇ ਆਪਣੇ ਮੋਹ ਭਿੱਜੇ ਸ਼ਬਦਾਂ ਨਾਲ ਕਿਤਾਬ ਬਾਰੇ ਅਤੇ ਡਾ. ਰਵਿੰਦਰ ਕੌਰ ਭਾਟੀਆ ਦੇ ਕਾਰਜਾਂ ਬਾਰੇ ਚਾਨਣਾ ਪਾਇਆ। ਉਹਨਾਂ ਦੀ ਸ਼ਮੂਲੀਅਤ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ।
ਉਸ ਤੋਂ ਬਾਦ ਉੱਘੇ ਕਹਾਣੀਕਾਰ ਅਤੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਕਿਤਾਬ ਤੇ ਪਰਚਾ ਪੜ੍ਹਿਆ ਅਤੇ ਡਾ . ਰਵਿੰਦਰ ਕੌਰ ਭਾਟੀਆ ਦੀ ਪਲੇਠੀ ਪੁਸਤਕ ਦਾ ਸਾਹਿਤ ਜਗਤ ਵਿੱਚ ਨਿੱਘਾ ਸਵਾਗਤ ਕੀਤਾ । ਨਾਮਵਰ ਕਹਾਣੀਕਾਰ ਅਤੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਵਿਜੇਤਾ ਸ਼੍ਰੀ ਜਗਦੀਸ਼ ਰਾਏ ਕੁਲਰੀਆਂ ਨੇ ਵੀ ਕਿਤਾਬ ਦੀ ਸਮੀਖਿਆ ਕੀਤੀ ਤੇ ਡਾ.ਭਾਟੀਆ ਨੂੰ ਉਨ੍ਹਾਂ ਦੀ ਪਲੇਠੀ ਪੁਸਤਕ ਤੇ ਵਧਾਈ ਦਿੱਤੀ। ਪ੍ਰੋਗਰਾਮ ਵਿੱਚ ਅੱਗੇ ਮਕਸੂਦ ਚੌਧਰੀ ਕਨੇਡਾ, ਡਾ.ਰਜ਼ਾਕ ਸ਼ਾਹਿਦ, ਰਾਜ਼ਬੀਰ ਕੌਰ ਗਰੇਵਾਲ, ਦਵਿੰਦਰ ਖ਼ੁਸ਼ ਧਾਲੀਵਾਲ, ਅਮਰਜੀਤ ਸਿੰਘ ਜੀਤ, ਰਮਨਦੀਪ ਕੌਰ ਰੰਮੀ, ਸਭਾ ਦੇ ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ , ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ , ਸਰਬਜੀਤ ਕੌਰ ਹਾਜ਼ੀਪੁਰ ਅਤੇ ਡਾ. ਰਵਿੰਦਰ ਕੌਰ ਭਾਟੀਆ ਆਦਿ ਨੇ ਆਪਣੀਆਂ ਗ਼ਜ਼ਲਾਂ ਤੇ ਨਜ਼ਮਾਂ ਨਾਲ ਪ੍ਰੋਗਰਾਮ ਵਿਚ ਰੰਗ ਬੰਨ੍ਹਿਆ। ਅੰਤ ਵਿਚ ਨਾਮਵਰ ਕਹਾਣੀਕਾਰ ਡਾ. ਨਾਇਬ ਸਿੰਘ ਮੰਡੇਰ ਨੇ ਬੜੇ ਹੀ ਵਧੀਆ ਢੰਗ ਨਾਲ ਪ੍ਰੋਗਰਾਮ ਦੀ ਸਮੀਖਿਆ ਕੀਤੀ ਅਤੇ ਡਾ. ਭਾਟੀਆ ਨੂੰ ਵਧਾਈ ਦਿੱਤੀ। ਸਭਾ ਦੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ, ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ,ਮੁੱਖ ਸਲਾਹਕਾਰ ਮੀਤਾ ਖੰਨਾ,ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ ਅਤੇ ਮੀਡੀਆ ਸਕੱਤਰ ਸਰਬਜੀਤ ਕੌਰ ਨੇ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਮਾਂ – ਬੋਲੀ ਦੀ ਸੇਵਾ ਵਿਚ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੀ ਇਹ 2024 ਦੀ ਤੀਜੀ ਕਾਵਿ – ਗੋਸ਼ਟੀ ਬਹੁਤ ਯਾਦਗਾਰ ਹੋ ਨਿਬੜੀ।
Leave a Comment
Your email address will not be published. Required fields are marked with *