ਇਨਸਾਨ ਦੇ ਜਨਮ ਦੇ ਨਾਲ ਹੀ ਕਈ ਰਿਸ਼ਤੇ ਇਨਸਾਨ ਦੀ ਝੋਲੀ ਪੈ ਜਾਂਦੇ ਹਨ। ਕੁਝ ਪਵਿੱਤਰ ਰਿਸ਼ਤੇ ਜਨਮ ਹੁੰਦੇ ਸਾਰ ਬਣਦੇ ਹਨ, ਕੁਝ ਵਿਆਹ ਹੁੰਦੇ ਸਾਰ ਬਣਦੇ ਹਨ, ਕੁਝ ਰਿਸ਼ਤੇਦਾਰਾਂ ਵਿੱਚੋਂ ਰਿਸ਼ਤੇ ਬਣ ਜਾਂਦੇ ਹਨ, ਕੁਝ ਰਿਸ਼ਤੇ ਮਨੁੱਖ ਦੇ ਸੁਭਾਅ ਅਤੇ ਸਮਾਜਿਕ ਵਰਤਾਰੇ ਨਾਲ ਬਣ ਜਾਂਦੇ ਹਨ, ਕੁਝ ਪਿਆਰ ਸਤਿਕਾਰ ਦੇ ਰਿਸ਼ਤੇ ਵੀ ਹੁੰਦੇ ਹਨ
ਜ਼ਿਹਨਾਂ ਨੂੰ ਇਨਸਾਨ ਬਹੁਤੀ ਵਾਰ ਖੂਨ ਦੇ ਰਿਸ਼ਤਿਆਂ ਤੋਂ ਵੀ ਜ਼ਿਆਦਾ
ਪਿਆਰ ਨਾਲ ਨਿਭਾਉਂਦਾ
ਹੈ, ਜਿਸ ਰਿਸ਼ਤੇ ਦਾ ਸਤਿਕਾਰ ਇਨਸਾਨ ਦਿਲ ਤੋਂ ਕਰਦਾ ਹੈ, ਕਈ ਵਾਰ ਇਹ ਰਿਸ਼ਤੇ ਇੱਕ ਜਨਮ ਦੇ ਨਾ ਹੋ ਕੇ ਕਈ ਜਨਮਾਂ ਤੱਕ ਤੇ ਕਈ ਪੀੜ੍ਹੀਆਂ ਤੱਕ ਚੱਲਦੇ ਹਨ।
ਸਾਡੇ ਸਮਾਜ ਵਿੱਚ ਸਭ ਰਿਸ਼ਤਿਆਂ ਲਈ ਵੱਖ ਵੱਖ ਨਾਮ, ਕੁਝ ਰੋਹ ਰੀਤਾਂ , ਕੁਝ ਤਿਉਹਾਰ ਵੀ ਬਣੇ ਹਨ। ਅੱਜ ਅਸੀਂ ਗੱਲ ਕਰਦੇ ਹਾਂ ਭੈਣ ਭਰਾ ਦੇ ਖੂਨ ਤੇ ਪਵਿੱਤਰ ਰਿਸ਼ਤੇ ਦੀ। ਇਸ ਰਿਸ਼ਤੇ ਵਿੱਚ ਜਨਮ ਤੋਂ ਕਈ ਕੁਝ ਸਾਂਝਾ ਹੁੰਦਾ ਹੈ ਜਿਵੇਂ ਮਾਂ-ਬਾਪ, ਦਾਦੀ-ਦਾਦਾ, ਨਾਨੀ-ਨਾਨਾ, ਮਾਸੀ-ਮਾਮਾ ਆਦਿ। ਭੈਣ ਭਰਾ ਦੇ ਰਿਸ਼ਤੇ ਵਿੱਚ ਜਿੱਥੇ ਕਈ ਰਿਸ਼ਤੇ ਸਾਂਝੇ ਹੁੰਦੇ ਹਨ ਉੱਥੇ ਨਾਲ ਹੀ ਮਾਨਸਿਕ ਸੋਚ, ਸਰੀਰਕ ਬਲ , ਆਰਥਿਕ ਹਾਲਾਤ, ਪਾਲਣ ਪੋਸਣ ਕਈ ਕੁਝ ਵੀ ਲੱਗਭਗ ਸਾਂਝਾ ਹੁੰਦਾ ਹੈ ਜਾ ਕਹਿ ਲਓ ਇੱਕੋ ਜਿਹਾ ਹੁੰਦਾ ਹੈ।
ਸਾਡੇ ਪੰਜਾਬੀ ਸੱਭਿਆਚਾਰ ਵਿੱਚ ਅਸੀਂ ਕਈ ਮਹਾਨ ਰਿਸ਼ਤਿਆਂ ਦੀਆਂ ਉਦਾਹਰਣਾਂ ਦਿੰਦੇ ਹਾਂ ਜਿਵੇਂ ਮਹਾਨ ਦਾਦੀ-ਦਾਦੇ ਦੀ ਉਦਾਹਰਣ ਦੇਣੀ ਹੋਵੇ ਤਾਂ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੇ ਧੰਨ ਮਾਤਾ ਗੁਜਰੀ ਜੀ ਦੀ ਦਿੰਦੇ ਹਾਂ, ਚੰਗੇ ਪੁੱਤਰ ਦੀ ਉਦਾਹਰਣ ਦੇਣੀ ਹੋਵੇ ਤਾਂ ਸਰਵਣ ਪੁੱਤ ਦੀ ਦਿੱਤੀ ਜਾਂਦੀ ਹੈ, ਮਹਾਨ ਪਿਤਾ ਦੀ ਉਦਾਹਰਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਿੱਤੀ ਜਾਂਦੀ ਹੈ ਠੀਕ ਇਸੇ ਤਰਾਂ ਭੈਣ ਭਰਾ ਦੇ ਰਿਸ਼ਤੇ ਦੀ ਉਦਾਹਰਣ ਦੇਣੀ ਹੈ ਤਾਂ ਸਭ ਤੋਂ ਵੱਡੀ ਉਦਾਹਰਨ ਜੋ ਕਈ ਸੋ ਸਾਲਾ ਤੋਂ ਅਸੀਂ ਦਿੰਦੇ ਆ ਰਹੇ ਹਾਂ ਤੇ ਅਗਲੀਆਂ ਪੀੜ੍ਹੀਆਂ ਵੀ ਦਿੰਦੀਆਂ ਰਹਿਣਗੀਆਂ ਉਹ ਹੈ ਵੱਡੇ ਭੈਣ ਜੀ ਬੀਬੀ ਨਾਨਕੀ ਜੀ ਅਤੇ ਉਹਨਾਂ ਦੇ ਬਹੁਤ ਪਿਆਰੇ ਸਤਿਕਾਰੇ ਨਿੱਕੇ ਵੀਰ ਜੀ ਸਾਡੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ। ਬੀਬੀ ਨਾਨਕੀ ਜੀ ਤੇ ਬਾਬਾ ਨਾਨਕ ਜੀ ਦੇ ਪਿਆਰ ਦੀ ਉਦਾਹਰਨ ਯੁਗਾਂ ਯੁਗਾਂਤਰਾਂ ਤੋਂ ਉੱਤਮ ਹੈ। ਬੀਬੀ ਜੀ ਤੇ ਬਾਬੇ ਨਾਨਕ ਦੇ ਜੀਵਨ ਦੇ ਵਕਤ ਅੱਜ ਵਾਂਗ ਫੋਨ ਨਹੀਂ ਸੀ, ਚਿੱਠੀ ਨਹੀਂ ਸੀ, ਤਾਰ ਨਹੀਂ ਸੀ, ਵੱਟਸਅੱਪ ਨਹੀਂ ਸੀ, ਵੀਡੀਉ ਕਾਲ ਨਹੀਂ ਸੀ , ਜੋ ਸੀ ਉਹ ਸੀ ਸੱਚਾ ਤੇ ਪਾਕ ਪਵਿੱਤਰ ਪਿਆਰ ਸਤਿਕਾਰ। ਬੀਬੀ ਨਾਨਕੀ ਜੀ ਆਪਣੇ ਵੀਰ ਨੂੰ ਬਹੁਤ ਪਿਆਰ ਕਰਦੇ ਸੀ ਤੇ ਵੀਰ ਬਾਬਾ ਨਾਨਕ ਜੀ ਵੀ ਭੈਣ ਨੂੰ ਬਹੁਤ ਪਿਆਰ ਸਤਿਕਾਰ ਕਰਦੇ ਸਨ।
ਬੀਬੀ ਨਾਨਕੀ ਜਦੋਂ ਵੀ ਯਾਤਰਾ ਤੇ ਗਏ ਵੀਰ ਨੂੰ ਯਾਦ ਕਰਦੀ ਹੈ, ਮਿਲਣਾ ਲੋਚਦੀ ਹੈ ਤਾਂ ਵੀਰ ਤੱਕ ਸੱਚੀਆਂ ਭਾਵਨਾਵਾਂ ਕੋਹਾਂ ਦੂਰ ਵੀ ਉਸੇ ਪਲ ਪਹੁੰਚ ਜਾਂਦੀਆਂ ਸੀ ਤੇ ਵੀਰ ਨਾਨਕ ਜੀ ਉਸੇ ਪਲ ਭੈਣ ਕੋਲ ਹਾਜ਼ਰ ਹੋ ਜਾਂਦੇ ਸਨ। ਇਹ ਗੱਲ ਸਾਇੰਸ ਵੀ ਲੱਭ ਨੀ ਸਕਦੀ ਕਿਉਂਕਿ ਇਹ ਸੱਚੇ ਪਿਆਰ ਸਤਿਕਾਰ ਦੇ ਸੂਖਮ ਅਹਿਸਾਸ ਦੀ ਗੱਲ ਹੈ, ਹਾਂ ਇੱਕ ਤਰਕ ਜ਼ਰੂਰ ਹੈ ਜੋ ਯੁਗਾਂ ਯੁਗਾਂ ਤੋਂ ਸਾਡੇ ਬਜ਼ੁਰਗ ਮੰਨਦੇ ਆਏ ਹਨ ਉਹ ਹੈ ਛਿੱਕ ਆਉਣਾ , ਜਦੋਂ ਵੀ ਕਿਸੇ ਨੂੰ ਦੋ ਛਿੱਕਾ ਆਉਂਦੀਆਂ ਹਨ ਤਾਂ ਹਰ ਕੋਈ ਮੰਨਦਾ ਹੈ ਕਿ ਮੈਨੂੰ ਕੋਈ ਯਾਦ ਕਰ ਰਿਹਾ।
ਬੀਬੀ ਨਾਨਕੀ ਜੀ ਆਪਣੇ ਵੀਰ ਨੂੰ ਬਾਪੂ ਜੀ ਤੋਂ ਝਿੜਕਾਂ ਪੈਣ ਤੇ ਅਥਾਹ ਦੁੱਖੀ ਹੁੰਦੇ ਸਨ । ਦੁੱਖ ਵਿੱਚ ਉਹਨਾਂ ਆਪਣੇ ਅਹਿਸਾਸ ਕੁਝ ਇਸ ਤਰਾਂ ਪ੍ਰਗਟਾਏ ਸਨ
ਮੇਰੇ ਵੀਰ ਦੇ ਚਪੇੜਾਂ ਨਾ ਤੂੰ ਮਾਰ ਬਾਬਲਾ, ਮੇਰੇ ਵੀਰ ਦੇ ।
ਮੇਰਾ ਵੀਰ ਰੱਬੀ ਅਵਤਾਰ ਬਾਬਲਾ, ਮੇਰਾ ਵੀਰ ਰੱਬੀ ।
ਸ਼ਹਿਰ ਨੂੰ ਜਾਵੇਗਾ, ਸੌਦਾ ਲਿਆਵੇਗਾ
ਸੌਦਾ ਲਿਆ ਕੇ, ਭੁੱਖੇ ਸਾਧੂਆਂ ਨੂੰ ਭੋਜਨ ਖੁਆਏਂਗਾ
ਮੇਰੇ ਵੀਰ ਦੇ।
ਮੇਰੇ ਵੀਰ ਦੇ ਚਪੇੜਾਂ ਨਾ ਤੂੰ ਮਾਰ ਬਾਬਲਾ,ਮੇਰੇ ਵੀਰ ਦੇ ।
ਮੇਰਾ ਵੀਰ ਰੱਬੀ ਅਵਤਾਰ ਬਾਬਲਾ, ਮੇਰਾ ਵੀਰ ਰੱਬੀ ।
ਅੱਜ ਵੀ ਅਸੀਂ ਭੈਣ ਭਰਾ ਦੇ ਰਿਸ਼ਤੇ ਦੇ ਅਨੇਕਾਂ ਲੋਕ ਗੀਤ ਲੋਕ ਤੱਥ ਗਾਉਂਦੇ ਹਾਂ ਕਿਉਂਕਿ ਇਹ ਸਭ ਰਿਸ਼ਤਿਆਂ ਵਿੱਚ ਇੱਕ ਵੱਖਰੀ ਤੇ ਵੱਡੀ ਪਹਿਚਾਣ ਵਾਲਾ ਰਿਸ਼ਤਾ ਹੈ। ਮਾਂ-ਬਾਪ ਦੇ ਦੁਨੀਆ ਤੋਂ ਤੁਰ ਜਾਣ ਪਿੱਛੋਂ ਭੈਣ ਲਈ ਭਰਾ ਹੀ ਪੇਕੇ ਘਰ ਦਾ ਵਿਹੜਾ ਤੇ ਖੁੱਲਾਂ ਬੂਹਾ ਹੁੰਦਾ ਹੈ। ਆਏ ਦਿਨ ਭੈਣਾਂ ਸਹੁਰੇ ਘਰ ਆਪਣੇ ਵੀਰਾ ਨੂੰ ਉਡੀਕਦੀਆਂ ਨੇ, ਵੱਡੇ ਵੀਰ ਜਿੱਥੇ ਭੈਣ ਲਈ ਬਾਪੂ ਵਾਂਗ ਹੁੰਦੇ ਨੇ ਉੱਥੇ ਛੋਟੇ ਵੀਰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰੇ ਹੁੰਦੇ ਹਨ। ਭਰਾਵਾਂ ਲਈ ਵੀ ਜਿੱਥੇ ਛੋਟੀਆਂ ਭੈਣਾਂ ਆਪਣੀਆਂ ਧੀਆਂ ਵਾਂਗ ਹੁੰਦੀਆਂ ਨੇ ਤੇ ਵੱਡੀਆਂ ਭੈਣਾਂ ਮਾਂਵਾਂ ਵਾਂਗ ਹੁੰਦੀਆਂ ਨੇ। ਜਿੱਥੇ ਕਿਸੇ ਭੈਣ ਦੇ ਜ਼ਿਆਦਾ ਵੀਰੇ ਹੋਣ ਤੇ ਲੜਾਈਆਂ ਵਿੱਚ ਘਿਰੇ ਹੋਣ ਉੱਥੇ ਵੱਡੀਆਂ ਭੈਣਾਂ ਆਪ ਹੀ ਥਾਣੇਦਾਰ ਹੁੰਦੀਆਂ , ਆਪ ਹੀ ਕੋਰਟ ਕਚਹਿਰੀ ਬਣ ਆਪਣੇ ਭਰਾਵਾਂ ਨੂੰ ਫੈਸਲੇ ਸੁਣਾ ਦਿੰਦੀਆਂ ਹਨ, ਚੰਗੀਆਂ ਨੇਕ ਭੈਣਾਂ ਕਦੇ ਵੀ ਆਪਣੇ ਵੀਰਾ ਨੂੰ ਆਪਸ ਵਿੱਚ ਲੜਨ ਨਹੀਂ ਦਿੰਦੀਆਂ ਸਗੋਂ ਸਭ ਦੀ ਏਕਤਾ ਬਣਾਈ ਰੱਖਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਨੇ।
ਜਦੋਂ ਕਿਸੇ ਭੈਣ ਦਾ ਵੀਰ ਸਹੁਰੇ ਘਰ ਮਿਲਣ ਆਏ ਤਾਂ ਉਸ ਨੂੰ ਚਾਅ ਚੜ ਜਾਂਦਾ ਹੈ, ਉਸ ਨੂੰ ਚਾਅ ਵਿੱਚ ਸਮਝ ਨੀ ਆਉਂਦੀ ਕੀ ਕਹੇ ? ਕਿੱਥੇ ਬਿਠਾਏ ਤੇ ਕੀ ਕੀ ਖਵਾਏ ? ਜੇਕਰ ਭੈਣ ਦੀ ਸੱਸ ਉਸ ਦੀ ਸੇਵਾ ਕਰਨ ਵਿੱਚ ਕੰਜੂਸੀ ਕਰੇ ਤਾਂ ਭੈਣ ਉਲਾਂਭੇ ਭਰਿਆ ਗੀਤ ਉਚਾਰਦੀ ਹੈ ਜੋ ਸਾਡੇ ਲੋਕ ਗੀਤਾ ਵਿੱਚ ਉੱਤਮ ਦਰਜੇ ਦੇ ਲੋਕ ਗੀਤ ਹੈ।
ਵੀਰਾ ਆਈਂ ਵੇ ਭੈਣ ਦੇ ਵਿਹੜੇ
ਪੁੰਨਿਆਂ ਦਾ ਚੰਨ ਬਣ ਕੇ ।
ਬੋਤਾ ਬੰਨ੍ਹ ਦੇ ਸਰਵਣਾ ਵੀਰਾ
ਕਿੱਲੀਆਂ ਰੰਗੀਨ ਗੱਡੀਆਂ ।
ਵੀਰ ਦਾ ਲਾਡਲੀ ਭੈਣ ਨੂੰ ਜਵਾਬ
ਮੱਥਾ ਟੇਕਦਾ ਅੰਮਾਂ ਦੀਏ ਜਾਈਏ
ਬੋਤਾ ਭੈਣੇ ਫੇਰ ਬੰਨ੍ਹ ਲਊਂ ।
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਭੈਣਾਂ ਦੇ ਸਰਵਣ ਵੀਰ ਕੁੜੀਓ ।
ਸਣੇ ਬਲਦ ਗੱਡਾ ਪੁੰਨ ਕੀਤਾ
ਵੀਰ ਮੇਰੇ ਧਰਮੀ ਨੇ ।
ਹੱਥ ਛਤਰੀ ਰੁਮਾਲ ਪੱਲੇ ਸੇਵੀਆਂ
ਉਹ ਵੀਰ ਮੇਰਾ ਕੁੜੀ ।
ਜਿੱਥੇ ਮੇਰਾ ਵੀਰ ਲੰਘਦਾ
ਕੌੜੀ ਨਿੰਮ ਨੂੰ ਪਤਾਸੇ ਲੱਗਦੇ ।
ਪੱਗਾਂ ਖੱਟੀਆਂ ਤੇ ਵੇਖਣ ਜੱਟੀਆਂ
ਉਹ ਵੀਰ ਮੇਰੇ ਕੁੜੀਓ ।
ਜਿੱਥੇ ਵੱਜਦੀ ਬੱਦਲ਼ ਵਾਂਗ ਗੱਜਦੀ
ਕਾਲੀ ਡਾਂਗ ਮੇਰੇ ਵੀਰ ਦੀ ।
ਇਹ ਉੱਪਰ ਦਿੱਤੀਆਂ ਬੋਲੀਆਂ ਤਾਂ ਸਨ ਭੈਣ ਵਲੋ ਆਪਣੇ ਪਿਆਰੇ ਵੀਰ ਦੀਆ ਸਿਫ਼ਤਾਂ । ਸਹੁਰੇ ਘਰ ਵਿੱਚ ਵੀਰ ਦੀ ਸੇਵਾ ਵਿੱਚ ਕੁਝ ਘਾਟ ਰਹਿਣ ਤੇ ਸੱਸ ਨੂੰ ਤਾਹਨੇ ਮਿਹਣੇ ਵੀ ਮਾਰਦੀ ਹੈ । ਜੋ ਕੁਝ ਇਸ ਤਰਾਂ ਹਨ,
ਸੱਸੇ ਤੇਰੀ ਮਹਿੰ ਮਰ ਜੇ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ।
ਹੱਟੀਆਂ ਦੀ ਖੰਡ ਮੁੱਕ ਗਈ
ਜਦ ਵੀਰ ਪਰੋਹਣਾ ਆਇਆ ।
ਗੱਡੀ ਭਰੀ ਆਵੇ ਖੰਡ ਦੀ
ਜਦ ਸੱਸ ਦਾ ਭਤੀਜਾ ਆਇਆ ।
ਵੇ ਪੀੜੀ ਲੈ ਕੇ ਬਹਿਜਾ ਵੀਰਿਆਂ
ਸੱਸ ਚੰਦਰੀ ਦੇ ਰੁਦਨ ਸੁਣਾਵਾਂ ।
ਆਉ ਭੈਣੋ ਰਲ ਮਿਲ ਕੇ
ਇਹ ਰਿਸ਼ਤਾ ਸਾਂਭ ਲਈਏ
ਜੇਕਰ ਕੋਈ ਗ਼ੁੱਸਾ ਗਿੱਲਾ ਹੈ
ਤਾਂ ਬੈਠ ਪਿਆਰ ਨਾਲ ਮੁਕਾਈਏ
ਜ਼ਿੰਦਗੀ ਵਾਰ ਵਾਰ ਨੀ ਮਿਲਣੀ
ਵਾਰ ਵਾਰ ਨਾ ਅਸੀਂ ਭੈਣ-ਭਰਾ ਬਣਨਾ
ਪਾਕ ਪਵਿੱਤਰ ਰਿਸ਼ਤੇ ਨੂੰ
ਪਿਆਰ ਸਤਿਕਾਰ ਨਾਲ ਨਿਭਾਈਏ ।
ਸਰਬਜੀਤ ਸਿੰਘ ਜਰਮਨੀ
Leave a Comment
Your email address will not be published. Required fields are marked with *