ਪੰਜਾਬ ਵਿੱਚ ਪੰਜਾਬੀ ਮਜ਼ਦੂਰਾਂ ਦੀ ਦਿਨੋ ਦਿਨ ਘੱਟ ਰਹੀ ਗਿਣਤੀ ਪੰਜਾਬ ਦੇ ਵਿਕਾਸ ਲਈ ਅੱਜ ਸਭ ਤੋਂ ਵੱਡਾ ਤੇ ਅਹਿਮ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਇਹ ਹੈ ਇੱਕ ਅਸਲ ਮਜ਼ਦੂਰ ਦੀ ਕੀਮਤ ਜੋ ਦੇਸ਼ ਦੇ ਸਮੁੱਚੇ ਢਾਂਚੇ ਨੂੰ ਹਿਲਾਉਣ ਤੇ ਤਬਾਹ ਕਰਨ ਦੀ ਤਾਕਤ ਰੱਖਦੀ ਹੈ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾ ਰਹੇ ਸਾਰੇ ਕਿਰਤੀ, ਕਾਮਿਆਂ , ਮਜ਼ਦੂਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਹੋਵਣ ਜੀ।
ਵਾਹਿਗੁਰੂ ਅੱਗੇ ਅਰਦਾਸ ਵੀ ਕਰਦੀ ਹਾਂ ਕਿ ਦੁਨੀਆ ਵਿੱਚ ਹਰ ਮਜ਼ਦੂਰ ਨੂੰ ਉਸ ਦੀ ਕੀਤੀ ਹੋਈ ਨੇਕ ਕਮਾਈ, ਮਿਹਨਤ ਦੇ ਹੱਕ ਦੀ ਬਣਦੀ ਮਜ਼ਦੂਰੀ ਜ਼ਰੂਰ ਮਿਲੇ, ਹਰ ਮਜ਼ਦੂਰ ਨੂੰ ਮਾਲਕ ਤੰਦਰੁਸਤੀ ਤੇ ਇਮਾਨਦਾਰੀ ਨਾਲ ਮਜ਼ਦੂਰੀ ਕਰਨ ਦੀ ਸਰੀਰਕ ਤੇ ਮਾਨਸਿਕ ਤਾਕਤ ਜ਼ਰੂਰ ਦੇਵੇ।
ਮਜ਼ਦੂਰ ਸਮਾਜ ਵਿੱਚ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਜੋ ਸਮਾਜ ਦੇ ਵਿਕਾਸ ਅਤੇ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਮਜ਼ਦੂਰ ਵਰਗ ਸਮਾਜ ਦਾ ਢਿੱਡ ਭਰਨ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ। ਉਹ ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਦੇ ਹਨ ਜਿਵੇਂ ਕਿ ਕਿਸਾਨ, ਸੰਗਠਨਾਂ, ਉਦਯੋਗਿਕ, ਸਿੱਖਿਆ ਪ੍ਰਨਾਲ਼ੀ, ਹਸਪਤਾਲ, ਤਕਨੀਕੀ ਖੇਤਰ, ਕਲਾ ਅਤੇ ਸਾਹਿਤਕ ਖੇਤਰ, ਵਣਜ ਅਤੇ ਵਿਤੀਅਕ ਖੇਤਰ, ਸਾਮਾਜਿਕ ਅਤੇ ਸੰਸਥਾਈ ਖੇਤਰ ਆਦਿ ਸ਼ਾਮਲ ਹਨ।
ਭਾਵੇਂ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਨੂੰ ਅਮਰੀਕਾ ਤੋਂ ਹੋਈ ਸੀ ਪਰ ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਲਗਭਗ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਾਲੇ ਦਿਨ ਲਗਭਗ ਸਾਰੇ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿਚ ਛੁੱਟੀ ਹੁੰਦੀ ਹੈ।
ਅੱਜ ਮਜ਼ਦੂਰ ਦਾ ਭਾਵ ਕੇਵਲ ਆਮ ਮਜ਼ਦੂਰੀ ਕਰਨ ਵਾਲੇ ਜਿਵੇਂ ਰਾਜ ਮਿਸਤਰੀ,ਇੱਟਾਂ , ਰੇਤ, ਬਜਰੀ ਚੁੱਕਣ ਜਾਂ ਭੱਠੇ ਤੇ ਇੱਟਾਂ ਪੱਥਣ ਵਾਲੇ ਮਜ਼ਦੂਰਾਂ ਤੋਂ ਹੀ ਨਹੀਂ ਸਗੋਂ ਹਰ ਕਿਸੇ ਤਰਾਂ ਦੀ ਕਿਰਤ ਕਰਨ ਵਾਲਾ ਆਮ ਜਾਂ ਖਾਸ ਇਨਸਾਨ ਮਜ਼ਦੂਰ ਅਖਵਾਉਂਦਾ ਹੈ ਭਾਵੇਂ ਇੱਕ ਇਨਸਾਨ ਘਰ ਤੋਂ ਕੰਮ ਲਈ ਦਾਤ, ਆਰੀ, ਪਲਾਸ, ਪੇਚਕਸ, ਟੂਲਬਾਕਸ ਲੈ ਕੇ ਨਿਕਲਦਾ ਹੈ, ਭਾਵੇਂ ਕੋਈ ਦਫ਼ਤਰ ਲਈ ਲੈਪਟੌਪ ਲੈ ਕੇ ਨਿਕਲਦਾ ਹੈ, ਭਾਵੇਂ ਡਾਕਟਰ ਹੋਵੇ, ਭਾਵੇਂ ਕਲਰਕ, ਐਸ ਐਸ ਪੀ, ਡੀ ਸੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਫੌਜੀ ਜਾਂ ਕੋਈ ਵੀ ਕਿਰਤੀ ਹੋਵੇ , ਹੈ ਤਾਂ ਸਭ ਮਜ਼ਦੂਰ , ਸਭ ਆਪਣੀ ਆਪਣੀ ਕਿਰਤ ਕਰ ਰਹੇ ਹਨ ਤੇ ਦੇਸ਼, ਸਮਾਜ ਨੂੰ ਚਲਾਉਣ ਵਿੱਚ ਹਿੱਸਾ ਪਾਉਂਦੇ ਹਨ।
ਅੱਜ ਜ਼ਮਾਨਾ ਭਾਵੇਂ ਮਸ਼ੀਨਰੀ ਤੇ ਨੈਟਵਕਰਕ ਦਾ ਆ ਚੁੱਕਾ ਹੈ, ਸਭ ਪਾਸੇ ਔਨਲਾਈਨ ਦਾ ਬੋਲਬਾਲਾ ਹੈ ਪਰ ਮਸ਼ੀਨਰੀ ਤੇ ਔਨਲਾਈਨ ਇਹ ਸਭ ਵੀ ਇੱਕ ਮਜ਼ਦੂਰ ਦੁਆਰਾ ਬਣਾਏ ਤੇ ਚਲਾਏ ਜਾਂਦੇ ਹਨ। ਜ਼ਮਾਨਾ ਕਿੰਨਾ ਵੀ ਆਧੁਨਿਕ ਹੋ ਜਾਵੇ ਹਰ ਸਮੇਂ ਮਜ਼ਦੂਰਾਂ ਦੀ ਲੋੜ ਰਹੇਗੀ । ਕਿੱਤਾ ਕੋਈ ਵੀ ਹੋਵੇ , ਹਰ ਕਿੱਤੇ ਨੂੰ ਮਜ਼ਦੂਰਾਂ ਦੁਆਰਾ ਚਲਾਇਆ ਤੇ ਕਾਮਯਾਬ ਕੀਤਾ ਜਾਂਦਾ ਰਹੇਗਾ।
ਕਿਸੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਲੋਕ ਮਜ਼ਦੂਰ ਹੁੰਦੇ ਹਨ ਤੇ ਉਸੇ ਫੈਕਟਰੀ ਦਾ ਮਾਲਕ ਵੀ ਮਜ਼ਦੂਰ ਹੀ ਹੁੰਦਾ ਹੈ ਕਿਉਂਕਿ ਕੰਮ ਲੈਣ ਵਾਲੇ ਲੋਕ ਇੱਕ ਦਿਨ ਵਿੱਚ ਸਿਰਫ ਮਿੱਥੇ ਸਮੇਂ ਭਾਵ ਕੁਝ ਸੀਮਿਤ ਘੰਟੇ ਹੀ ਕੰਮ ਕਰਦੇ ਹਨ ਪਰ ਉਸ ਫੈਕਟਰੀ ਦਾ ਮਾਲਕ ਅਣਮਿੱਥੇ ਸਮੇਂ ਲਈ ਕੰਮ ਕਰਦਾ ਰਹਿੰਦਾ ਹੈ।
ਅੱਜ ਮਜ਼ਦੂਰੀ ਦੇ ਅਰਥ ਬਦਲ ਚੁੱਕੇ ਹਨ ਤੇ ਹਰ ਮਜ਼ਦੂਰ ਦੀ ਕਦਰ ਹੈ । ਪੁਰਾਣੇ ਸਮੇਂ ਵਾਂਗ ਮਾਲਕ ਦੀ ਤਾਨਾਸ਼ਾਹੀ ਨਹੀਂ ਚੱਲਦੀ , ਮਾਲਕ ਦੀ ਤਾਨਾਸ਼ਾਹੀ ਤੋਂ ਬਚਣ ਲਈ ਲਗਭਗ ਹਰ ਪਾਸੇ ਮਜ਼ਦੂਰ ਯੂਨੀਅਨ ਦਾ ਬੋਲਬਾਲਾ ਹੈ ਜੋ ਮਾਲਕ ਦੇ ਤਾਨਾਸ਼ਾਹ ਵਤੀਰੇ ਤੋਂ ਮਜ਼ਦੂਰਾਂ ਨੂੰ ਬਚਾਉਣ ਵਿੱਚ ਸਹਾਇਤਾ ਕਰਦੀ ਹੈ।
ਇੱਕ ਵਾਰ ਫੇਰ ਸਭਨਾਂ ਨੂੰ ਮਜ਼ਦੂਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ।
ਕਿਰਤੀ ਤੇ ਕਾਮਾ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਢਿੱਡ ਪਾਲਣ ਲਈ ਮਜਬੂਰ ਹਾਂ ਮੈਂ
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਕਦੇ ਕਦੇ ਇਨਸਾਨੀਅਤ ਤੋਂ ਕੋਹਾਂ ਦੂਰ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਆਮ ਨਹੀਂ ਸਗੋਂ ਬਹੁਤ ਖ਼ਾਸ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਚਪੜਾਸੀ ਤੋਂ ਪ੍ਰਿੰਸੀਪਲ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਹਰ ਇੱਕ ਦਾ ਕਾਰਡ ਅਧਾਰ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਧਰਤੀ ਤੋਂ ਅਸਮਾਨ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਮੂਲ ਤੇ ਵਿਆਜ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਹਰ ਰਮਜ਼ ਦੀ ਦਵਾ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਹਰ ਘਰ ਲਈ ਖੁਸ਼ੀ ਤੇ ਖੇੜਾ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਸਬਰ ਤੇ ਸੰਤੋਖ ਦਾ ਰਾਜ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਖੇਤਾਂ ਦੀ ਭੌਈਂ ਤੋਂ ਮੂੰਹ ਦਾ ਨਿਵਾਲਾ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਚੜ੍ਹਦੇ ਸੂਰਜ ਦੀ ਨਿੱਘੀ ਕਿਰਨ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਇਬਾਦਤ ਤੋਂ ਦਸਮ ਦੁਆਰ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਦੇਸ ਤੋਂ ਹੋਈ ਪ੍ਰਦੇਸ਼ ਹਾਂ ਮੈਂ,
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਕਿਉਂਕਿ ਇੱਕ ਮਜ਼ਦੂਰ ਹਾਂ ਮੈਂ।
ਸਰਬਜੀਤ ਸਿੰਘ ਜਰਮਨੀ