ਗੋਰਕੀ ਪੂਰੀ ਦੁਨੀਆਂ ਦੀ ਮਿਹਨਤਕਸ਼-ਮਜ਼ਦੂਰ ਜਮਾਤ ਦਾ ਮਹਾਨ ਲੇਖਕ ਸੀ। ਰੂਸ ਵਿੱਚ ਮਜ਼ਦੂਰ ਵਰਗ ਦੇ ਪੂਰੇ ਕ੍ਰਾਂਤੀਕਾਰੀ ਦੌਰ ਵਿੱਚ ਅਕਤੂਬਰ ਸਮਾਜਵਾਦੀ ਕ੍ਰਾਂਤੀ ਅਤੇ ਉਸਤੋਂ ਬਾਦ ਦੇ ਸਮਾਜਵਾਦੀ ਨਿਰਮਾਣ ਤੱਕ ਦੇ ਲੰਮੇ ਦੌਰ ਵਿੱਚ ਗੋਰਕੀ ਨੇ ਆਪਣੀਆਂ ਕਹਾਣੀਆਂ, ਨਾਟਕਾਂ, ਲੇਖਾਂ ਅਤੇ ਨਾਵਲਾਂ ਦੇ ਮਾਧਿਅਮ ਰਾਹੀਂ ਹਰ ਕਦਮ ਤੇ ਮਿਹਨਤਕਸ਼ ਲੋਕਾਂ ਨੂੰ ਆਪਣੀਆਂ ਪਰਿਸਥਿਤੀਆਂ ਦੇ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ। ਉਹ ਆਪਣੇ ਸਮੇਂ ਵਿੱਚ ਦੱਬੀ-ਕੁਚਲੀ ਜਨਤਾ ਦੀ ਆਵਾਜ਼ ਬਣ ਕੇ ਉਭਰਿਆ। ਉਹ ਆਪਣੀ ਕਲਮ ਨਾਲ ਰੂਸੀ ਸਾਹਿਤ ਅਤੇ ਜਨਤਾ ਵਿੱਚ ਪਰਿਵਰਤਨ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਕਰਦਾ ਰਿਹਾ।
28 ਮਾਰਚ 1868 ਨੂੰ ਰੂਸ ਦੇ ਵੋਲਗਾ ਨਦੀ ਦੇ ਕਿਨਾਰੇ ਇੱਕ ਬਸਤੀ ਵਿੱਚ ਅਲੈਕਸੇਈ ਮੈਕਸਿਮੋਵਿਚ ਦਾ ਜਨਮ ਹੋਇਆ, ਜੋ ਆਪਣੀਆਂ ਲਿਖਤਾਂ ਰਾਹੀਂ ਮੈਕਸਿਮ ਗੋਰਕੀ ਬਣ ਕੇ ਪੂਰੀ ਦੁਨੀਆਂ ਤੇ ਛਾ ਗਿਆ। ਸੱਤ ਸਾਲ ਦੀ ਉਮਰ ਵਿੱਚ ਹੀ ਅਨਾਥ ਹੋ ਜਾਣ ਵਾਲੇ ਗੋਰਕੀ ਨੂੰ ਬੜੀ ਛੇਤੀ ਹੀ ਇਸ ਸੱਚਾਈ ਦਾ ਸਾਹਮਣਾ ਹੋ ਗਿਆ ਕਿ ਜ਼ਿੰਦਗੀ ਇੱਕ ਸੰਘਰਸ਼ ਦਾ ਨਾਂ ਹੈ। ਗੋਰਕੀ ਬਚਪਨ ਤੋਂ ਹੀ ਇੱਕ ਮਜ਼ਦੂਰ ਦੇ ਰੂਪ ਵਿੱਚ ਵਧਿਆ- ਫੁੱਲਿਆ ਅਤੇ ਘਰ ਦੇ ਕੰਮਾਂ ਤੋਂ ਲੈ ਕੇ ਬੇਕਰੀ ਦੀਆਂ ਫੈਕਟਰੀਆਂ, ਜਹਾਜ਼ਾਂ ਅਤੇ ਖੇਤਾਂ ਵਿੱਚ ਕਈ ਤਰ੍ਹਾਂ ਦੇ ਕੰਮ ਕਰਦਿਆਂ ਉਹਦਾ ਬਚਪਨ ਮਿਹਨਤ ਅਤੇ ਸੰਘਰਸ਼ ਵਿੱਚ ਬੀਤਿਆ।
ਮਾਪਿਆਂ ਦੇ ਗੁਜ਼ਰ ਜਾਣ ਪਿੱਛੋਂ ਉਹ ਕੁਝ ਸਮਾਂ ਨਾਨੀ ਕੋਲ ਰਿਹਾ। ਸਮਾਜ ਦੇ ਸਭ ਤੋਂ ਗਰੀਬ ਲੋਕਾਂ ਦੀਆਂ ਗੰਦੀਆਂ ਬਸਤੀਆਂ ਵਿੱਚ ਪਲ ਕੇ ਉਹ ਸਿਆਣਾ ਹੋਇਆ। ਨਾਨੀ ਦੀ ਮੌਤ ਪਿੱਛੋਂ ਗੋਰਕੀ ਨੇ 13 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਅਤੇ ਕਈ ਥਾਂਵਾਂ ਤੇ ਕੰਮ ਕਰਦਿਆਂ ਰੂਸ ਦੇ ਕਈ ਹਿੱਸਿਆਂ ਵਿੱਚ ਘੁੰਮਦਾ ਰਿਹਾ। ਇਸ ਦੌਰਾਨ ਉਹਨੂੰ ਸਮਾਜ ਨੂੰ ਹੋਰ ਨੇੜਿਓਂ ਵੇਖਣ ਦਾ ਮੌਕਾ ਮਿਲਿਆ।
ਬਚਪਨ ਤੋਂ ਹੀ ਢਿੱਡ ਭਰਨ ਲਈ ਉਹਨੇ ਪਾਵਰੋਟੀ ਬਣਾਉਣ, ਨਮਕ ਬਣਾਉਣ ਦੇ ਕਾਰਖਾਨੇ ਵਿੱਚ ਕੰਮ ਕਰਨ ਤੋਂ ਲੈ ਕੇ ਗੋਦੀ ਮਜ਼ਦੂਰ, ਰਸੋਈਆ, ਅਰਦਲੀ, ਕੁਲੀ, ਮਾਲੀ, ਸੜਕ ਬਣਾਉਣ ਵਾਲੇ ਮਜ਼ਦੂਰ ਵਜੋਂ ਕੰਮ ਕੀਤਾ। ਸਮਾਜ ਦੇ ਮਿਹਨਤਕਸ਼, ਗਰੀਬ, ਆਵਾਰਾ, ਗੰਦੀ ਬਸਤੀਆਂ ਦੇ ਲੋਕਾਂ ਵਿੱਚ ਜੀਵਨ ਬਿਤਾਉਂਦਿਆਂ ਉਹਨੇ ਜ਼ਿੰਦਗੀ ਦੀ ਕਿਤਾਬ ਤੋਂ ਵਿੱਦਿਆ ਹਾਸਲ ਕੀਤੀ। ਭਾਵੇਂ ਉਹਨੇ ਸਕੂਲ ਦਾ ਮੂੰਹ ਤੱਕ ਨਹੀਂ ਸੀ ਵੇਖਿਆ ਪਰ ਪੰਦਰਾਂ ਪੰਦਰਾਂ ਘੰਟੇ ਲੱਕਤੋੜ ਮਿਹਨਤ ਨਾਲ ਮਿਲੇ ਅਨੁਭਵਾਂ ਨੇ ਉਹਨੂੰ ਮਜ਼ਦੂਰ ਵਰਗ ਦਾ ਸੱਚਾ ਲੇਖਕ ਬਣਾ ਦਿੱਤਾ।
ਬਚਪਨ ਦੇ ਵੱਖ ਵੱਖ ਅਨੁਭਵ ਅਤੇ ਤੱਤਕਾਲੀ ਰੂਸ ਵਿੱਚ ਜ਼ਾਰਸ਼ਾਹੀ ਡਿਕਟੇਟਰਸ਼ਿਪ ਤੇ ਦਮਨ ਪੀੜਾ ਉਹਦੀਆਂ ਲਿਖਤਾਂ ਦਾ ਆਧਾਰ ਬਣੀ ਅਤੇ ਉਹ ਜਨਤਾ ਦੇ ਮੁਕਤੀ ਸੰਘਰਸ਼ ਦਾ ਹਿੱਸਾ ਬਣ ਕੇ ਉਭਰਿਆ। ਉਹਨੂੰ ਕਿਸੇ ਸਕੂਲ ਜਾਂ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਕ੍ਰਾਂਤੀਕਾਰੀਆਂ ਦੇ ਮੇਲ-ਮਿਲਾਪ ਨੇ ਉਹਨੂੰ ਕਿਤਾਬਾਂ ਨਾਲ ਜਾਣੂੰ ਕਰਵਾਇਆ। ਖੁਦ ਦੇ ਅਤੇ ਮਿਹਨਤਕਸ਼ ਜਨਤਾ ਨਾਲ ਮੇਲ ਤੋਂ ਮਿਲੇ ਅਨੁਭਵ ਨੇ ਉਹਦੀ ਲੇਖਣੀ ਨੂੰ ਤਿੱਖਾਪਣ ਦਿੱਤਾ ਅਤੇ ਬਹੁਤ ਛੇਤੀ ਹੀ ਰੂਸ ਦਾ ਇੱਕ ਵੱਡਾ ਲੇਖਕ ਬਣ ਗਿਆ।
ਆਪਣੇ ਸਾਹਿਤਕ ਜੀਵਨ ਦੇ ਆਰੰਭ ਤੋਂ ਹੀ ਗੋਰਕੀ ਦੀ ਜਾਣਪਛਾਣ ਟਾਲਸਟਾਏ ਅਤੇ ਚੈਖਵ ਵਰਗੇ ਮਹਾਨ ਲੇਖਕਾਂ ਨਾਲ ਹੋ ਗਈ। ਉਹ ਮੁੱਢਲੇ ਦਿਨਾਂ ਤੋਂ ਹੀ ਕ੍ਰਾਂਤੀਕਾਰੀ ਅੰਦੋਲਨਾਂ ਨਾਲ ਜੁੜਿਆ ਰਿਹਾ। ਪਿੱਛੋਂ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਕੇ ਉਹ ਲੋਕ-ਸੰਘਰਸ਼ ਨਾਲ ਨੇੜਿਓਂ ਜੁੜ ਗਿਆ। ਇਸੇ ਦੌਰਾਨ ਉਹਨੇ ਮਜ਼ਦੂਰਾਂ ਅਤੇ ਕ੍ਰਾਂਤੀਕਾਰੀਆਂ ਦੇ ਜੀਵਨ ਅਤੇ ਸੰਘਰਸ਼ ਤੇ ਆਧਾਰਿਤ ਆਪਣਾ ਸੰਸਾਰ ਪ੍ਰਸਿੱਧ ਨਾਵਲ ‘ਮਾਂ’ (1906) ਲਿਖਿਆ।
ਗੋਰਕੀ ਨੇ ਆਪਣੀਆਂ ਕਹਾਣੀਆਂ, ਨਾਟਕਾਂ, ਨਾਵਲਾਂ ਅਤੇ ਲੇਖਾਂ ਦੇ ਮਾਧਿਅਮ ਰਾਹੀਂ ਸਮਾਜ ਨੂੰ ਸਿਰਫ਼ ਚਿਤਰਿਤ ਹੀ ਨਹੀਂ ਕੀਤਾ ਸਗੋਂ ਇੱਕ ਹਥਿਆਰ ਵਾਂਗ ਇਸਤੇਮਾਲ ਕੀਤਾ। ਉਹਦੇ ਆਤਮਕਥਾਤਮਕ ਨਾਵਲਾਂ ‘ਮੇਰਾ ਬਚਪਨ’, ‘ਮੇਰੀਆਂ ਯੂਨੀਵਰਸਿਟੀਆਂ’, ‘ਜੀਵਨ ਦੇ ਰਾਹਾਂ ਤੇ’ ਵਿੱਚ ਨਿਮਨ ਜ਼ਿੰਦਗੀ ਜੀਅ ਰਹੇ ਮਜ਼ਦੂਰਾਂ ਅਤੇ ਤੱਤਕਾਲੀ ਸਮਾਜ ਦੇ ਯਥਾਰਥ ਦਾ ਜੀਵੰਤ ਚਿਤਰਣ ਮਿਲਦਾ ਹੈ ਅਤੇ ਬਗਾਵਤ ਲਈ ਪ੍ਰੇਰਿਤ ਕਰਦਾ ਹੈ। ਗੋਰਕੀ ਦੇ ਹੋਰ ਨਾਵਲਾਂ ‘ਫੋਮਾ ਗੋਰਦੇਯੇਵ’ ਅਤੇ ‘ਉਹ ਤਿੰਨ’ ਦੇ ਕੇਂਦਰੀ ਚਰਿੱਤਰ ਫੋਮਾ ਅਤੇ ਇਲੀਆ ਲੁਨੇਵ ਅਜਿਹੇ ਵਿਅਕਤੀ ਹਨ ਜੋ ਨਿਜੀ ਸੰਪਤੀ ਤੇ ਆਧਾਰਿਤ ਸਮਾਜ ਦੇ ਤੌਰ ਤਰੀਕਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਹਨ।
ਗੋਰਕੀ ਦਾ ਪੂਰਾ ਜੀਵਨ ਅਤੇ ਉਹਦਾ ਸਾਹਿਤਕ ਕੰਮ ਪੂਰੀ ਦੁਨੀਆਂ ਦੇ ਮਜ਼ਦੂਰਾਂ ਲਈ ਇੱਕ ਪ੍ਰੇਰਨਾ ਸਰੋਤ ਹੈ ਅਤੇ ਅਨਿਆਂ ਵਿਰੁੱਧ ਕਦਮ ਕਦਮ ਤੇ ਸਾਨੂੰ ਸੰਘਰਸ਼ ਕਰਨ ਲਈ ਉਤਸ਼ਾਹਿਤ ਕਰਦਾ ਹੈ। ਉਹਦਾ ਮੰਨਣਾ ਸੀ – “ਪੂੰਜੀਵਾਦੀ ਸਮਾਜ ਵਿੱਚ ਕੁੱਲ ਮਿਲਾ ਕੇ ਮਨੁੱਖ ਆਪਣੀ ਅਦਭੁਤ ਸਮਰੱਥਾ ਨੂੰ ਨਿਰਾਰਥਕ ਮੰਤਵਾਂ ਦੀ ਪ੍ਰਾਪਤੀ ਲਈ ਬਰਬਾਦ ਕਰਦਾ ਹੈ।” ਜੀਵਨ ਪ੍ਰਤੀ ਉਹਦਾ ਦ੍ਰਿਸ਼ਟੀਕੋਣ ਆਸ਼ਾਵਾਦ ਅਤੇ ਜਨਤਾ ਵਿੱਚ ਦ੍ਰਿੜ ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਜੂਨ 1936 ਨੂੰ 68 ਸਾਲ ਦੀ ਉਮਰ ਵਿੱਚ ਮਾਸਕੋ (ਸੋਵੀਅਤ ਰੂਸ) ਵਿਖੇ ਉਹਦਾ ਦਿਹਾਂਤ ਹੋ ਗਿਆ। ਗੋਰਕੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਮਹਾਨ ਹਿੰਦੀ ਲੇਖਕ ਮੁਨਸ਼ੀ ਪ੍ਰੇਮਚੰਦ ਗੋਰਕੀ ਦਾ ਬਹੁਤ ਵੱਡਾ ਪ੍ਰਸੰਸਕ ਸੀ।
![](https://i0.wp.com/worldpunjabitimes.com/wp-content/uploads/2023/11/x.jpg?resize=661%2C800&ssl=1)
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *