ਅੱਜ ਮਹਿਲਾ ਦਿਵਸ ‘ਤੇ ਸਾਰੀਆਂ ਔਰਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਮੇਰੀਆਂ ਸਾਰੀਆਂ ਭੈਣਾਂ ਅੱਗੇ ਬੇਨਤੀ ਹੈ ਕਿ ਆਪਣੇ ਆਪ ਨੂੰ ਕਦੀ ਵੀ ਕਮਜ਼ੋਰ ਨਾ ਸਮਝੋ। ਤੁਹਾਡੇ ਅੰਦਰ ਬਹੁਤ ਸ਼ਕਤੀ ਹੈ। ਆਪਣੇ ਹੁਨਰ ਨੂੰ ਪਹਿਚਾਣੋ ਅਤੇ ਉਹ ਉਪਰ ਕੰਮ ਕਰਨਾ ਸ਼ੁਰੂ ਕਰ ਦਿਓ। ਜਿਸ ਕੰਮ ਵਿੱਚ ਵੀ ਤੁਹਾਨੂੰ ਮੁਹਾਰਤ ਹਾਸਲ ਹੈ.. ਉਸ ਵਿੱਚ ਅੱਗੇ ਆਉਣ ਦੀ ਕੋਸ਼ਿਸ਼ ਕਰੋ। ਫਿਰ ਚਾਹੇ ਉਹ ਘਰੇਲੂ ਕੰਮ ਹੀ ਕਿਉਂ ਨਾ ਹੋਣ। ਘਰੇਲੂ ਔਰਤਾਂ ਆਪਣੇ ਨਿੱਕੇ-ਨਿੱਕੇ ਗੁਣਾਂ ਨੂੰ ਅੱਗੇ ਲਿਜਾ ਸਕਦੀਆਂ ਹਨ। ਸਿਲਾਈ ਕਢਾਈ ਵਿੱਚ ਕਈਆਂ ਨੂੰ ਬਹੁਤ ਮੁਹਾਰਤ ਹੁੰਦੀ ਹੈ। ਇਸੇ ਹੀ ਤਰ੍ਹਾਂ ਕਈ ਔਰਤਾਂ ਖਾਣਾ ਬਣਾਉਣ ਵਿੱਚ ਬਹੁਤ ਮਾਹਿਰ ਹੁੰਦੀਆਂ ਹਨ। ਉਹਨਾਂ ਨੂੰ ਆਪਣੇ ਇਹਨਾਂ ਗੁਣਾਂ ਦੀ ਯੋਗ ਵਰਤੋਂ ਕਰਕੇ ਸਮਾਜ ਵਿੱਚ ਅੱਗੇ ਆਉਣ ਦੀ ਜ਼ਰੂਰਤ ਹੈ।
ਸਦੀਆਂ ਤੋਂ ਅਸੀਂ ਵਿਚਾਰੀਆਂ ਬਣ ਕੇ ਸਮਾਂ ਬਿਤਾਉਦੀਆਂ ਆ ਰਹੀਆਂ ਹਾਂ, ਪਰ ਹੁਣ ਸਮਾਂ ਬਦਲ ਚੁੱਕਾ ਹੈ। ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਆਪਣੀਆਂ ਬੱਚੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਬਣਾਈਏ। ਉਹਨਾਂ ਨੂੰ ਹਾਲਾਤਾਂ ਨਾਲ਼ ਡੱਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕਰੀਏ। ਉਹਨਾਂ ਦੀ ਸਰੀਰਕ ਸ਼ਕਤੀ ਨੂੰ ਹੋਰ ਵਧਾਈਏ ਤਾਂ ਕਿ ਉਹ ਆਪਣੇ ਨਾਲ਼ ਹੋ ਰਹੀ ਵਧੀਕੀ ਦਾ ਮੁਕਾਬਲਾ ਆਪ ਕਰ ਸਕਣ। ਵਿਚਾਰੀਆਂ ਕਹਿ ਕੇ ਉਹਨਾਂ ਦੀ ਸ਼ਕਤੀ ਨੂੰ ਨਾ ਘਟਾਈਏ। ਸਗੋਂ ਉਹਨਾਂ ਨੂੰ ਇਹ ਕਹੀਏ ਕਿ ਤੁਸੀਂ ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਕਰ ਸਕਦੀਆਂ ਹੋ। ਤੁਹਾਡੇ ਅੰਦਰ ਅਥਾਹ ਸ਼ਕਤੀ ਹੈ, ਜਦੋਂ ਉਹ ਮਾਨਸਿਕ ਤੌਰ ਤੇ ਮਜ਼ਬੂਤ ਹੋਣਗੀਆਂ ਤਾਂ ਉਹ ਵਧੀਆ ਅਤੇ ਉੱਚੀ ਮਾਨਸਿਕਤਾ ਰੱਖਣ ਵਾਲੀ ਔਲਾਦ ਪੈਦਾ ਕਰਨਗੀਆਂ।
ਔਰਤ ਜਿਸ ਵਿੱਚੋਂ ਇੱਕ ਹੋਰ ਜੀਅ ਜਨਮ ਲੈਂਦਾ ਹੈ। ਉਸ ਅੰਦਰ ਕਿੰਨੀ ਤਾਕਤ ਹੈ ਇਸ ਦਾ ਅੰਦਾਜ਼ਾ ਨਾ ਉਸਨੇ ਆਪ ਕਦੀ ਲਗਾਇਆ ਹੈ ਅਤੇ ਨਾ ਹੀ ਸਮਾਜ ਦੇ ਠੇਕੇਦਾਰਾਂ ਨੇ ਉਸ ਨੂੰ ਇਸ ਕਾਬਲ ਸਮਝਿਆ ਹੈ। ਧੀਆਂ ਦੇ ਨਾਲ਼-ਨਾਲ਼ ਆਪਣੇ ਪੁੱਤਾਂ ਨੂੰ ਵੀ ਇਹ ਸਿੱਖਿਆ ਜ਼ਰੂਰ ਦਈਏ ਕਿ ਤੁਸੀਂ ਕਿਸੇ ਵੀ ਧੀ ਭੈਣ ਦੀ ਇੱਜ਼ਤ ਨੂੰ ਹੱਥ ਨਹੀਂ ਪਾਉਂਣਾ। ਜਿੱਥੇ ਹੋਰ ਕਈ ਲਹਿਰਾਂ ਜ਼ੋਰਾਂ ਤੇ ਚੱਲਦੀਆਂ ਹਨ..ਉੱਥੇ ਇਸ ਉੱਪਰ ਵੀ ਇੱਕ ਕ੍ਰਾਂਤੀ ਲਿਆਉਣ ਦੇ ਲਈ ਲਹਿਰ ਵਾਂਗ ਕੰਮ ਕਰੀਏ।
ਜੇਕਰ ਕਿਸੇ ਔਰਤ ਨਾਲ਼ ਵਧੀਕੀ ਹੁੰਦੀ ਹੈ, ਤਾਂ ਉਸ ਨਾਲ਼ ਖੜ੍ਹੇ ਹੋਣ ਦੀ ਹਿੰਮਤ ਰੱਖੀਏ। ਘਰਾਂ ਵਿੱਚ ਵੀ ਜ਼ਿਆਦਾ ਕਲੇਸ਼ ਔਰਤਾਂ ਦਾ ਆਪਸ ਵਿੱਚ ਹੀ ਵਿਚਾਰਾਂ ਕਰਕੇ ਹੁੰਦਾ ਹੈ। ਇਸ ਚੀਜ਼ ਨੂੰ ਵੀ ਘਟਾਉਣ ਦੀ ਜ਼ਰੂਰਤ ਹੈ। ਜਦੋਂ ਇੱਕ ਔਰਤ ਨੇ ਇੱਕ ਔਰਤ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ, ਤਾਂ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਹੱਲ ਨਿਕਲ ਆਵੇਗਾ। ਮਹਿਲਾ ਦਿਵਸ ਜ਼ਰੂਰ ਮਨਾਓ, ਪਰ ਸਭ ਮਹਿਲਾਵਾਂ ਨੂੰ ਬੇਨਤੀ ਹੈ ਕਿ ਇਕੱਠੀਆਂ ਹੋ ਕੇ ਇੱਕਜੁੱਟ, ਇੱਕ-ਮੁੱਠ ਹੋ ਕੇ ਇੱਕ ਦੂਸਰੀ ਦਾ ਸਾਥ ਦਿਓ। ਬੇਸ਼ਕ ਤੁਸੀਂ ਘਰ ਹੋ ਜਾਂ ਤੁਸੀਂ ਕਿਤੇ ਕੰਮ ਕਰ ਰਹੀਆਂ ਹੋ। ਸਮਾਜ ਵਿੱਚ ਕਿਤੇ ਵੀ ਤੁਹਾਨੂੰ ਕਿਸੇ ਔਰਤ ਦਾ ਸਾਥ ਦੇਣ ਦੀ ਜ਼ਰੂਰਤ ਪਵੇ ਤਾਂ ਜ਼ਰੂਰ ਸਾਥ ਦਿਉ। ਆਪਣੀ ਸੋਚ ਨੂੰ ਬਦਲੋ ਔਰਤ ਦਾ ਸਾਥ ਔਰਤ ਵਲੋਂ ਦਿੱਤਾ ਜਾਵੇ ਤਾਂ ਫਿਰ ਕੁਝ ਵੀ ਅਸੰਭਵ ਨਹੀਂ ਹੁੰਦਾ। ਸਦਾ ਹੱਸਦੀਆਂ-ਵਸਦੀਆਂ ਘਰਾਂ ਨੂੰ ਮਹਿਕਾਉਂਦੀਆਂ ਖੁਸ਼ ਰਹੋ।
ਪਰਵੀਨ ਕੌਰ ਸਿੱਧੂ
ਲਿਖਤ ਨੂੰ ਪ੍ਰਵਾਨਗੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ।