ਆਪਣੀਆਂ ਇੱਛਾਵਾਂ ਉੱਤੇ ਕੰਟਰੋਲ ਕਰਕੇ ਮਨ ਨੂੰ ਜਿੱਤਿਆ ਜਾ ਸਕਦਾ !
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਜਪੁ ਜੀ ਸਾਹਿਬ ‘ ਵਿੱਚ ਸ਼ਾਮਲ ਇਸ ਤੁਕ ਵਿੱਚ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਪੇਸ਼ ਕੀਤਾ ਗਿਆ ਹੈ। ਮਨ ਮਨੁੱਖੀ ਸਰੀਰਕ ਢਾਂਚੇ ਨੂੰ ਚਲਾਉਂਦਾ ਹੈ। ਮਨ ਚੰਚਲ ਹੈ। ਇਹ ਭਟਕਦਾ ਹੀ ਰਹਿੰਦਾ ਹੈ। ਇਹ ਮਨ ਹੀ ਹੈ ਜਿਸ ਵਿੱਚ ਸਾਡੀਆਂ ਇੱਛਾਵਾਂ, ਲਾਲਸਾਵਾਂ, ਉਮੰਗਾਂ ਤੇ ਸਧਰਾਂ ਪਲਦੀਆਂ ਹਨ। ਮਨ ਦੇ ਹੁਕਮ ਅਨੁਸਾਰ ਹੀ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ। ਗੁਰੂ ਜੀ ਅਨੁਸਾਰ ਜਿਹੜਾ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸਾਰੀ ਦੁਨੀਆ ਨੂੰ ਜਿੱਤ ਸਕਦਾ ਹੈ। ਇੰਜ ਜੋ ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ ‘ਤੇ ਕਾਬੂ ਪਾ ਲੈਂਦਾ ਹੈ, ਉਹ ਹੀ ਆਪਣਾ ਜੀਵਨ ਸਫਲ ਕਰ ਸਕਦਾ ਹੈ। ਮਨੁੱਖੀ ਮਨ ਇੱਕ ਬੇਲਗਾਮ ਘੋੜੇ ਵਰਗਾ ਹੁੰਦਾ ਹੈ ਜੋ ਮੋਹ-ਮਾਇਆ ਦੇ ਜਾਲ ਵਿੱਚ ਫਸ ਕੇ ਭਟਕਦਾ ਰਹਿੰਦਾ ਹੈ। ਬੇਕਾਬੁ ਮਨ ਮਨੁੱਖ ਨੂੰ ਉਹ ਕੰਮ ਕਰਨ ਲਈ ਵੀ ਮਜਬੂਰ ਕਰਦਾ ਹੈ, ਜਿਨ੍ਹਾਂ ਦੀ ਸਮਾਜ ਆਗਿਆ ਨਹੀਂ ਦਿੰਦਾ। ਬੁਰੇ ਕੰਮਾਂ ਦਾ ਨਤੀਜਾ ਤਾਂ ਬੁਰਾ ਹੀ ਹੁੰਦਾ ਹੈ। ਇਸ ਲਈ ਜਦੋਂ ਵੀ ਇਨਸਾਨ ਇਸ ਬੁਰਾਈ ਦੀ ਦਲਦਲ ਵਿਚ ਫ਼ਸਦਾ ਹੈ ਤਾਂ ਉਹ ਕਦੀ ਵੀ ਅੱਛਾਈ ਦੇ ਰਸਤੇ ਤੇ ਨਹੀਂ ਚੱਲ ਸਕਦਾ। ਅਸਲ ਵਿੱਚ ਮਨੁੱਖ ਇੱਕ ਸਮਾਜਕ ਜੀਵ ਹੈ ਤੇ ਇਸ ਨੂੰ ਸਮਾਜ ਦੇ ਕਲਿਆਣ ਲਈ ਹੀ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਮਨ ‘ਤੇ ਕਾਬੂ ਪਾਉਣ ਨਾਲ ਹੀ ਜੀਵਨ ਵਿੱਚ ਸ਼ਾਂਤੀ ਤੇ ਸੰਤੋਖ ਪ੍ਰਾਪਤ ਹੁੰਦਾ ਹੈ। ਬੇਸ਼ੱਕ ਮਨ ਨੂੰ ਜਿੱਤਣਾ ਬੜਾ ਹੀ ਔਖਾ ਹੈ ਪਰ ਮਨ ‘ਤੇ ਕਾਬੂ ਪਾਉਣ ਵਾਲਾ ਮਨੁੱਖ ਜਦੋਂ ਦੂਸਰਿਆਂ ਦੇ ਸੁਖਾਂ ਵਿੱਚੋਂ ਆਪਣਾ ਸੁਖ ਤੇ ਦੂਸਰਿਆਂ ਦੇ ਦੁੱਖਾਂ ਵਿੱਚੋਂ ਆਪਣਾ ਦੁੱਖ ਅਨੁਭਵ ਕਰਨ ਲੱਗਦਾ ਹੈ ਤਾਂ ਉਸ ਵਿੱਚ ‘ਮੈਂ’ ਮਰ ਚੁੱਕੀ ਹੁੰਦੀ ਹੈ। ਇਸ ਤਰ੍ਹਾਂ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਮਨ ਦੀ ਭਟਕਣਾ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਇੰਜ ਮਨ ‘ਤੇ ਕਾਬੂ ਪਾ ਕੇ ਜੀਵਨ ਗੁਜ਼ਾਰਨ ਵਾਲਾ ਮਨੁੱਖ ਦੁਨਿਆਵੀ ਪਦਾਰਥਾਂ ਦੇ ਮੋਹ ’ਤੇ ਵਿਕਾਰਾਂ ਤੋਂ ਕੋਹਾਂ ਦੂਰ ਹੁੰਦਾ ਹੈ।ਦੁੱਖਾਂ ਤੋਂ ਛੁਟਕਾਰਾ ਪਾਉਣ ਤੇ ਜ਼ਿੰਦਗੀ ਵਿੱਚ ਤਰੱਕੀ ਪਾਉਣ ਲਈ ਮਨ ‘ਤੇ ਕਾਬੂ ਪਾਉਣ ਦੀ ਲੋੜ ਹੈ। ਜੋ ਮਨੁੱਖ ਕੁਦਰਤ ਦੇ ਭਾਣੇ ਅਨੁਸਾਰ ਚੱਲ ਕੇ ਆਪਣੀਆਂ ਇੱਛਾਵਾਂ ਨੂੰ ਸੀਮਿਤ ਘੇਰੇ ਵਿੱਚ ਰੱਖਦਾ ਹੈ ਉਹ ਹਮੇਸ਼ਾ ਸੁੱਖੀ ਰਹਿੰਦਾ ਹੈ। ਸਬਰ-ਸੰਤੋਖ ਨਾਲ ਜੀਵਨ ਗੁਜ਼ਾਰਨ ਵਾਲੇ ਅਜਿਹੇ ਮਨੁੱਖ ਦੀ ਸਥਿਤੀ ਦੁਨੀਆ ਜਿੱਤ ਲੈਣ ਵਾਲੀ ਹੀ ਹੁੰਦੀ ਹੈ। ਅਜਿਹੇ ਮਨੁੱਖ ਨੇ ਹਰ ਪ੍ਰਕਾਰ ਦੇ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰ ਲਈ ਹੁੰਦੀ ਹੈ।ਮਨ ਨੂੰ ਜਿੱਤਣ ਤੋਂ ਭਾਵ ਸਾਡੇ ਸਰੀਰ ਦੀਆਂ ਸਭ ਇੱਛਾਵਾਂ ਨੂੰ ਜਿਵੇਂ ਮੂੰਹ ਦਾ ਸੁਆਦ ਜਾਂ ਚੰਗਾ ਪਹਿਨਣ ਆਦਿ ਵਰਗੀਆਂ ਇੱਛਾਵਾਂ ਨੂੰ ਵੱਸ ਵਿਚ ਕਰਨ ਦੀ ਲੋੜ ਹੈ। ਮਨ ਸਭ ਪਾਸੇ ਬੁਰੇ ਕੰਮਾਂ ਲਈ ਉਕਸਾਂਦਾ ਹੈ ਤਾਂ ਮਨੁੱਖ ਆਪਣੇ ਧਨ, ਜਵਾਨੀ ਜਾਂ ਤਾਕਤ ਵਿਚ ਹੰਕਾਰਿਆ ਜਾਂਦਾ ਹੈ। ਮਨ ਨੂੰ ਜਿੱਤ ਕੇ ਇਸ ਹੰਕਾਰ ਤੇ ਕਾਬੂ ਪਾਇਆ ਜਾ ਸਕਦਾ ਹੈ। ਸੰਤੋਖ ਜਾਂ ਸਬਰ ਰੂਪੀ ਵਰਦਾਨ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਵਿਅਕਤੀ ਆਪਣੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਤੋਂ ਕਦੀ ਵੀ ਅਸੰਤੁਸ਼ਟ ਨਹੀਂ ਰਹਿੰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਵਿਸ਼ੇ ਵਿਕਾਰਾਂ ਤੇ ਕਾਬੂ ਪਾਉਣਾ ਵੀ ਮਨ ਜਿੱਤਣ ਅਤੇ ਸੰਸਾਰ ਤੇ ਜਿੱਤ ਪ੍ਰਾਪਤ ਕਰਨ ਵਰਗਾ ਹੀ ਹੁੰਦਾ ਹੈ। ਮਨ ਦੀ ਸਥਿਤੀ ਤੇ ਕਾਬੂ ਪਾਉਣ ਲਈ ਬਾਹਰ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨ ਦੀ ਜਰੂਰਤ ਨਹੀਂ ਸਗੋਂ ਗ੍ਰਹਿਸਥੀ ਸੰਤੁਲਿਤ ਅਤੇ ਸਧਾਰਨ ਜੀਵਨ ਜਿਉਂਦੇ ਹੋਏ ਆਪਣੀਆਂ ਇੱਛਾਵਾਂ ਉੱਤੇ ਕੰਟਰੋਲ ਕਰਕੇ ਮਨ ਨੂੰ ਜਿੱਤਿਆ ਜਾ ਸਕਦਾ ਹੈ । ਇਸੇ ਲਈ ਕਿਹਾ ਜਾਂਦਾ ਹੈ ਕਿ ਜਿਸ ਮਨੁੱਖ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਸ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ।

ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ।
9781590500