ਲੁੱਟ ਦੀ ਰਕਮ ਅਤੇ ਹਥਿਆਰਾਂ ਸਮੇਤ ਚਾਰ ਕਾਬੂ, ਦੋ ਦੀ ਭਾਲ ਜਾਰੀ : ਐੱਸਐੱਸਪੀ
ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਦੇਰ ਸ਼ਾਮ ਇਕ ਮਨੀ ਐਕਸਚੇਂਜਰ ਅਤੇ ਉਸਦੇ ਪਿਤਾ ਤੋਂ ਸਾਢੇ ਤਿੰਨ ਲੱਖ ਰੁਪਏ ਤੋਂ ਜਿਆਦਾ ਦੀ ਰਕਮ ਖੋਹ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ’ਚੋਂ ਪੁਲਿਸ ਨੇ ਚਾਰ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਕਤ ਮਾਮਲੇ ਦਾ ਫਿਕਰਮੰਦੀ ਵਾਲਾ ਪਹਿਲੂ ਇਹ ਹੈ ਕਿ ਕਾਬੂ ਕੀਤੇ ਗਏ ਮੁਲਜਮ 20 ਤੋਂ 21 ਸਾਲ ਦੇ ਬੇਰੁਜਗਾਰ ਨੌਜਵਾਨ ਹਨ, ਜੋ ਪੈਸੇ ਕਮਾਉਣ ਦੇ ਲਾਲਚ ਵਿੱਚ ਗਲਤ ਰਸਤੇ ’ਤੇ ਚੱਲ ਪਏ ਸਨ। ਜਿਕਰਯੋਗ ਹੈ ਕਿ ਬੀਤੇ ਦਿਨੀਂ 26 ਅਕਤੂਬਰ ਨੂੰ ਮਨੀ ਐਕਸਚੇਂਜ ਦਾ ਕੰਮ ਕਰਨ ਵਾਲਾ ਨੌਜਵਾਨ ਸੁਮਿਤ ਕੁਮਾਰ ਆਪਣੇ ਪਿਤਾ ਸਮੇਤ ਘਰ ਵਾਪਸ ਪਰਤ ਰਿਹਾ ਸੀ ਤਾਂ ਛੇ ਲੜਕਿਆਂ ਨੇ ਉਸ ਤੋਂ ਸਾਢੇ ਤਿੰਨ ਲੱਖ ਰੁਪਏ ਅਤੇ ਚਾਰ ਮੋਬਾਇਲ ਫੋਨਾ ਵਾਲਾ ਬੈਗ ਲੁੱਟ ਲਿਆ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਉਕਤਾਨ ਵਿੱਚੋਂ ਚਾਰ ਨੂੰ ਕਾਬੂ ਕਰ ਲਿਆ, ਜਦਕਿ ਉਹਨਾਂ ਦੇ ਦੋ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਹਰਜੀਤ ਸਿੰਘ ਜਿਲਾ ਪੁਲਿਸ ਮੁਖੀ ਫਰੀਦਕੋਟ ਨੇ ਪੈ੍ਰਸ ਕਾਨਫਰੰਸ ਦੌਰਾਨ ਦੱਸਿਆ ਕਿ ਉਕਤ ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ, ਫੋਨ ਦੇ ਡਾਟੇ ਦਾ ਡੰਪ ਅਤੇ ਵੱਖ ਵੱਖ ਤਰੀਕਿਆਂ ਨਾਲ ਕੀਤੀ ਤਫਤੀਸ਼ ਦੇ ਚੱਲਦਿਆਂ ਚਾਰ ਮੁਲਜਮਾ ਜਸਪ੍ਰੀਤ ਸਿੰਘ ਜੱਸੀ, ਜਸਕਰਨ ਸਿੰਘ ਜੱਸੀ, ਸਿਮਰਨਜੀਤ ਸਿੰਘ ਸੰਨੀ ਅਤੇ ਮੁਨੀਸ਼ ਕੁਮਾਰ ਨੂੰ ਕਾਬੂ ਕਰ ਲਿਆ ਹੈ, ਜਦਕਿ ਲਵਪ੍ਰੀਤ ਲਵ ਅਤੇ ਜਰਨੈਲ ਸਿੰਘ ਮੋਟਾ ਵਾਸੀਆਨ ਸੰਧਵਾਂ ਦੀ ਭਾਲ ਜਾਰੀ ਹੈ। ਉਹਨਾ ਦੱਸਿਆ ਕਿ ਮੁਲਜਮਾ ਤੋਂ ਇਕ ਲੱਖ 11 ਹਜਾਰ ਰੁਪਏ, ਦੋ ਮੋਟਰਸਾਈਕਲ, ਚਾਰ ਮੋਬਾਇਲ ਫੋਨ, ਡੰਡੇ, ਬੇਸਬਾਲ, ਬੈਟ ਅਤੇ ਕਿਰਪਾਨ ਆਦਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
Leave a Comment
Your email address will not be published. Required fields are marked with *