ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਵੇਂ ਸੱਤਾਧਾਰੀ ਧਿਰ ਅਤੇ ਪ੍ਰਸ਼ਾਸ਼ਨ ਸਮੇਤ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਵੀ ਮਾਰੂ ਕਿਸਮ ਦੀ ਚਾਈਨਾ ਡੋਰ ਰੋਕਣ ਲਈ ਆਪੋ ਆਪਣੇ ਤੌਰ ’ਤੇ ਯਤਨ ਕਰ ਰਹੀਆਂ ਹਨ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਧਾਲੀਵਾਲ ਸਮੇਤ ਉੱਘੇ ਸਾਹਿਤਕਾਰ ਤੇ ਲੇਖਕ ਮੱਖਣ ਬਰਾੜ ਮੱਲਕੇ ਨੇ ਵੀ ਚਾਈਨਾ ਡੋਰ ਵੇਚਣ, ਖਰੀਦਣ ਅਤੇ ਵਰਤਣ ਵਾਲਿਆਂ ਨੂੰ ਵੱਖਰੇ ਢੰਗ ਨਾਲ ਸੁਚੇਤ ਕਰਨ ਦੀ ਕੌਸ਼ਿਸ਼ ਕੀਤੀ ਹੈ। ਆਪਣੇ ਸੁਨੇਹਾ ਦੌਰਾਨ ਪੀਆਰਓ ਮਨੀ ਧਾਲੀਵਾਲ ਨੇ ਆਖਿਆ ਕਿ ਚਾਈਨਾ ਡੋਰ ਵਰਤਣ ਵਾਲਿਆਂ ਨਾਲ ਕੋਈ ਲਿਹਾਜ ਨਹੀਂ ਕੀਤੀ ਜਾਵੇਗੀ, ਕਿਉਂਕਿ ਪ੍ਰਸ਼ਾਸ਼ਨ ਵਲੋਂ ਚਾਈਨਾ ਡੋਰ ਵੇਚਣ, ਖਰੀਦਣ ਅਤੇ ਵਰਤਣ ਵਾਲਿਆਂ ਨੂੰ ਵਾਰ ਵਾਰ ਵਰਜਨ ਤੇ ਸਾਵਧਾਨ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ ਪਰ ਜੇਕਰ ਕੋਈ ਫਿਰ ਵੀ ਇਸ ਮਾਰੂ ਕਿਸਮ ਦੀ ਚਾਈਨਾ ਡੋਰ ਵਰਤਣ ਤੋਂ ਬਾਜ ਨਹੀਂ ਆਉਂਦਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੁਕਾਨਦਾਰਾਂ ਸਮੇਤ ਆਮ ਲੋਕਾਂ ਨੂੰ ਪਹਿਲਾਂ ਪਿਆਰ ਭਰੇ ਲਹਿਜੇ ਵਿੱਚ ਅਪੀਲ ਕੀਤੀ ਅਤੇ ਫਿਰ ਸਖਤੀ ਨਾਲ ਸਮਝਾਉਂਦਿਆਂ ਆਖਿਆ ਕਿ ਹੁਣ ਤੱਕ ਅਨੇਕਾਂ ਬੇਜੁਬਾਨ ਪਸ਼ੂ-ਪੰਛੀ ਵੀ ਇਸ ਡੋਰ ਦਾ ਸ਼ਿਕਾਰ ਹੋ ਚੁੱਕੇ ਹਨ। ਮੱਖਣ ਬਰਾੜ ਮੱਲਕੇ ਨੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਵੇਚਣ ਵਾਲੇ ਕਿਸੇ ਵੀ ਦੁਕਾਨਦਾਰ ਦੀ ਸਿਫਾਰਸ਼ ਨਾ ਕਰਨ, ਸਗੋਂ ਅਜਿਹੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦੇਣ। ਮਨੀ ਧਾਲੀਵਾਲ ਅਤੇ ਮੱਖਣ ਬਰਾੜ ਨੇ ਆਖਿਆ ਕਿ ਕੋਈ ਵੀ ਮੁਹਿੰਮ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਕਾਮਯਾਬ ਨਹੀਂ ਹੋ ਸਕਦੀ, ਇਸ ਲਈ ਆਮ ਲੋਕਾਂ ਨੂੰ ਵੀ ਇਸ ਮੁਹਿੰਮ ਦੀ ਕਾਮਯਾਬੀ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।