ਸਿੱਖਿਆ ਦਿੱਤੀ ਗੁਰਾਂ ਨੇ, ਰੱਖਣਾ : ਮਨ ਨੀਵਾਂ ਮੱਤ ਉੱਚੀ।
ਦਿਲ ਦੇ ਵਿੱਚ ਵਸਾ ਵੱਸਣਾ, ਹੋਵੇ ਜ਼ਿੰਦਗੀ ਸੱਚੀ-ਸੁੱਚੀ।
ਕਿਧਰੇ ਉਹ ਨਾ ਪਹੁੰਚਣ, ਜਿਹੜੇ ਕਰਨ ਗੁਲਾਮੀ ਮਨ ਦੀ।
ਆਖੇ ਲੱਗ ਕੇ ਮਨ ਦੇ, ਕੋਈ ਗੱਲ ਨਾ ਕਿਧਰੇ ਬਣਦੀ।
ਮਨ ਘੋੜੇ ਵਰਗਾ ਹੈ, ਰੱਖੀਏ ਪੂਰਾ ਕਸ ਕੇ ਲਗਾਮਾਂ।
ਇਹ ਚੰਚਲ ਏਨਾ ਹੈ, ਟਿਕਦਾ ਸੁਬਾ ਤੇ ਨਾ ਹੀ ਸ਼ਾਮਾਂ।
ਕਹਿਣਾ ਮੰਨ ਕੇ ਮਨ ਦਾ, ਅਸੀਂ ਹਾਂ ਕੱਖੋਂ ਹੌਲੇ ਹੋਏ।
ਨਸ਼ਿਆਂ ਵਿੱਚ ਡੁੱਬ ਗਏ ਹਾਂ, ਜੁੱਸੇ ਰਹੇ ਨਾ ਮੂਲ ਨਰੋਏ।
ਮਨ ਉੱਡਦਾ ਰਹਿੰਦਾ ਹੈ, ਅੱਜ ਹੈ ਏਥੇ, ਓਥੇ ਕੱਲ੍ਹ ਨੂੰ।
ਸਾਨੂੰ ਪਤਾ ਨਹੀਂ ਲੱਗਦਾ, ਹੋਣਾ ਕੀ ਹੈ ਅਗਲੇ ਪਲ ਨੂੰ।
ਜੇ ਅੱਗੇ ਵਧਣਾ ਹੈ, ਹਮੇਸ਼ਾ ਕੰਮ ਅਕਲ ਤੋਂ ਲਈਏ।
ਸੁਣਨਾ ਮਨ ਦਾ ਛੱਡੀਏ, ਸੁਲਝੇ ਸਾਊਆਂ ਨੇੜੇ ਬਹੀਏ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.