ਸਾਡੇ ਬਾਬੇ ਆਖ ਗਏ : ਰੱਖਣਾ ਮਨ ਨੀਵਾਂ ਮੱਤ ਉੱਚੀ।
ਗੱਲ ਪੱਲੇ ਬੰਨ੍ਹ ਲਈਏ, ਬਣੇਗੀ ਜ਼ਿੰਦਗੀ ਸੱਚੀ-ਸੁੱਚੀ।
ਮਨ ਦੇ ਪਿੱਛੇ ਲੱਗ ਕੇ, ਸਭ ਕੁਝ ਹੱਥੋਂ ਅਸੀਂ ਗਵਾਇਆ।
ਕਾਬੂ ਨਾ ਮਨ ਹੋਵੇ, ਤਾਂ ਹੀ ਆਪਣਾ ਹੋਇਆ ਪਰਾਇਆ।
ਜੇ ਮਨ ਨੂੰ ਜਿੱਤ ਲਈਏ, ਸਾਰਾ ਜੱਗ ਕਬਜ਼ੇ ਵਿੱਚ ਆ ਜੂ।
ਨਾ ਜੇਕਰ ਗੱਲ ਮੰਨੀ, ਸਾਡਾ ਆਪਣਾ ਸਾਨੂੰ ਖਾ ਜੂ।
ਵੇਖੋ ਅਕਲਾਂ ਵਾਲਿਆਂ ਨੇ, ਕੈਸੇ ਪੁਰਸਕਾਰ ਨੇ ਜਿੱਤੇ।
ਮੱਤ ਨੀਵੀਂ ਵਾਲੇ ਤਾਂ, ਇਨ੍ਹਾਂ ਨੂੰ ਵੇਖ ਕੇ ਪੈਂਦੇ ਛਿੱਥੇ।
ਮਨ ਘੋੜੇ ਵਰਗਾ ਹੈ, ਇਹਦੀਆਂ ਹੋਰ ਲਗਾਮਾਂ ਕਸੀਏ।
ਮੰਨੀਏ ਇਸ ਮੰਤਰ ਨੂੰ, ਛੱਡੀਏ ਰੋਣਾ ਖਿੜਖਿੜ ਹੱਸੀਏ।
ਚੰਚਲ ਮਨ ਪਾਪੀ ਨੇ, ਸਾਨੂੰ ਕੀਤਾ ਕੱਖੋਂ ਹੌਲ਼ੇ।
ਪਰ ਅਕਲਾਂ ਵਾਲਿਆਂ ਦੇ, ਨੱਚੇ ਧਰਤੀ ਅੰਬਰ ਮੌਲ਼ੇ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.