ਮਾਂ ਖੇਡ ਕਬੱਡੀ ਦਾ ਆਪਣੇ ਦੌਰ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਲਾਲ ਦੇਵੀ ਦਿਆਲ ਅੱਜ ਸਾਡੇ ਵਿਚਕਾਰ ਨਹੀਂ ਰਿਹਾ। ਦੇਵੀ ਦਿਆਲ ਨੇ ਨਾ ਕੇਵਲ ਮਿਆਰੀ ਕਬੱਡੀ ਖੇਡੀ, ਬਲਕਿ ਖੇਡਣ ਦੇ ਨਾਲ ਐਮ.ਏ ਰਾਜਨੀਤੀ ਸ਼ਾਸਤਰ ਤੱਕ ਦੀ ਪੜ੍ਹਾਈ ਵੀ ਮੁਕੰਮਲ ਕੀਤੀ।
ਸੁਧਾਰ ਕਾਲਜ ਦੇ ਟਰੈਕ ਵਿੱਚ ਪ੍ਰੈਕਟਿਸ ਕਰਦਿਆਂ ਮੈਂ ਦੇਵੀ ਦਿਆਲ ਨੂੰ ਪਹਿਲੀ ਵਾਰ ਮਿਲਿਆ ਸੀ ਜਦ ਉਹ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਕਬੱਡੀ ਟੂਰਨਾਮੈਂਟ ਦੇ ਸੰਬੰਧ ਵਿੱਚ ਸਾਡੇ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਡਾ. ਕਰਮਜੀਤ ਸਿੰਘ ਬਰਾੜ ਨੂੰ ਮਿਲਣ ਆਇਆ ਸੀ। ਉਸ ਵੇਲ਼ੇ ਉਸਦੀ ਉਮਰ 50 ਕੁ ਸਾਲ ਸੀ, ਪਰ ਰੇ-ਬੈਨ ਦੀਆਂ ਸਦਾ ਬਹਾਰ ਏਵੀਏਰ ਐਨਕਾਂ ਨਾਲ ਸਜਿਆ ਉਸਦਾ ਕਲੀਨ ਸ਼ੇਵਨ ਲਾਲ ਸੁਰਖ਼ ਚਿਹਰਾ ਸਾਡੇ ਵਰਗੇ ਚੜ੍ਹਦੀ ਉਮਰ ਦੇ ਕਾਲਜੀਏਟ ਮੁੰਡਿਆਂ ਨੂੰ ਮਾਤ ਪਾਉਂਦਾ ਸੀ। ਜਦ ਸਾਡੇ ਉਸਤਾਦ ਵੱਲੋਂ ਹੁਕਮ ਹੋਣ ਤੇ ਮੈਂ ਉਸਨੂੰ ਜਲ ਪਾਨ ਲਿਆ ਕੇ ਦਿੱਤਾ ਉਸ ਵੇਲ਼ੇ ਮੈਨੂੰ ਪੁੱਛਣ ਲੱਗਾ ” ਆ ਸਿਆਲਾਂ ਵਿੱਚ ਕਿੱਧਰ ਮੁੜਕੋ ਮੁੜਕੀ ਹੋਇਆ ਫਿਰਦੈਂ…! ਕਿਹੜਾ ਈਵੈਂਟ ਹੈ ਤੇਰਾ…” ਮੈਂ ਬੜੇ ਮਾਣ ਨਾਲ਼ ਕਿਹਾ “ਮੈਂ ਸਪਰਿੰਟਰ ਹਾਂ ਜੀ… 100 -200 ਕਰਦਾਂ…” ਅੱਗੋਂ ਹੱਸਦਿਆਂ ਕਹਿੰਦਾ ਕਦੇ ਦੇਸੀ ਕੁੱਤੇ ਵੀ ਸ਼ਿਕਾਰੀਆਂ ਨਾਲ਼ ਰਲ਼ੇ ਆ…ਆਪਣੇ ਲੋਕਾਂ ਦੇ ਜੀਨਸ ਹੀ ਨਹੀਂ ਅਫਰੀਕਣ ਕਾਲਿਆਂ ਵਰਗੇ… ਕਿਉਂ ਪੁੱਠੇ ਪਾਸੇ ਐਨਰਜੀ ਵੇਸਟ ਕਰੀ ਜਾਨਾ…ਛੱਡ ਪਰੇ ਦੌੜਾਂ ਦੂੜਾਂ ਨੂੰ…ਸਰੀਰ ਤੇਰਾ ਗੁੰਦਵਾ ਮੇਰੇ ਕੋਲ਼ ਕਬੱਡੀ ਖੇਡਣ ਆਇਆ ਕਰ ਦੇਖੀਂ ਦਿਨਾਂ ਚ ਹੀ ਚੋਟੀ ਦਾ ਰੇਡਰ ਬਣਾ ਦੇਵਾਂਗਾ… ਸਪੀਡ ਤੇਰੇ ਚ ਪਹਿਲਾਂ ਹੀ ਆਂ ਬੱਸ ਥੋੜ੍ਹਾ ਤਕਨੀਕ ਪੱਖੋਂ ਕੰਮ ਕਰਨਾ ਪੈਣਾ ਆਪਾਂ ਨੂੰ..” ਓਹਦੀ ਗੱਲਾਂ ਸੁਣ ਅੰਦਰੋ ਮੈਨੂੰ ਥੋੜ੍ਹਾ ਗੁੱਸਾ ਲੱਗਾ ਕਿਉਂਕਿ ਮੇਰੇ ਤੇ ਉਸ ਵੇਲ਼ੇ ਐਥਲੇਟੀਕਸ ਦਾ ਜੁਨੂੰਨ ਸਵਾਰ ਸੀ। ਪਰ ਉਸ ਦੀ ਸ਼ਖਸੀਅਤ ਨੂੰ ਦੇਖਦਿਆਂ ਮੈਂ ਬੜੇ ਤਹਮੱਲ ਨਾਲ਼ ਉਸ ਨੂੰ ਹੱਥ ਜੋੜ ਪ੍ਰੈਕਟਿਸ ਕਰਨ ਲੱਗ ਪਿਆ।
ਦੇਵੀ ਦਿਆਲ ਨੂੰ ਮੈਂ ਖੇਡਦਿਆਂ ਤਾਂ ਨਹੀਂ ਵੇਖਿਆ ਪਰ ਆਮ ਲੋਕਾਂ ਤੋਂ ਸੁਣਨ ਮੁਤਾਬਿਕ ਜਦ ਵੀ ਕੁੱਬੇ ਪਿੰਡ ਇਹ ਫੁਰਤੀਲਾ ਜੰਮਪਲ, ਕੁੱਬ ਜਿਹਾ ਕੱਢ ਕੇ ਵਿਰੋਧੀਆਂ ਦੇ ਪਾੜੇ ਵਿੱਚ ਕਬੱਡੀ ਪਾਉਂਦਾ ਸੀ ਤਾਂ ਆਪਣੇ ਤੇਜ਼ ਤਰਾਰ ਬੌਡੀ ਫ਼ੇਕਾਂ ਅਤੇ ਬੌਡੀ ਡੌਜਾਂ ਰਾਹੀਂ ਜਾਫ਼ੀਆਂ ਨੂੰ ਤ੍ਰੇਲੀਆਂ ਲਿਆ ਦਿੰਦਾ ਸੀ। ਉਸ ਨੂੰ ਡੱਕਣਾ ਕਿਸੇ ਵੀ ਜਾਫ਼ੀ ਲਈ ਸੌਖਾ ਨਹੀਂ ਸੀ ਰਿਹਾ । ਉਹ ਧੂੜਾ ਪੱਟਦਾ ਕਿਸੇ ਅਸਮਾਨੀ ਬਿਜਲੀ ਵਾਂਗ ਆਉਂਦਾ ਤੇ ਆਪਣੇ ਸ਼ਿਕਾਰ ਨੂੰ ਹੱਥ ਲਾ ਵਾਪਿਸ ਧੂੜ ਦੇ ਬੱਦਲਾਂ ਵਿੱਚ ਅਲੋਪ ਹੋ ਜਾਂਦਾ ‘ਤੇ ਧੂੜ ਛੱਟਣ ਉਪਰੰਤ ਹੀ ਵਿਰੋਧੀਆਂ ਨੂੰ ਆਪਣੇ ਪਾੜੇ ਵਿੱਚ ਖੜ੍ਹਾ ਹੱਸਦਾ ਦਿਖਾਈ ਦਿੰਦਾ। ਦੇਵੀ ਦਿਆਲ ਨੇ ਕਲਿੱਹਰੀ ਮੋਰ ਵਾਂਗਰ ਪੈਲਾਂ ਪਾਉਂਦਿਆ ਤਕਰੀਬਨ ਦੋ ਕੁ ਦਹਾਕੇ ਕਬੱਡੀ ਖੇਡੀ।
ਦੇਵੀ ਦਿਆਲ ਦਾ ਜਨਮ ਆਜ਼ਾਦੀ ਤੋਂ ਚਾਰ ਮਹੀਨੇ ਬਾਅਦ 2 ਦਸੰਬਰ, 1947 ਨੂੰ ਹੋਇਆ। ਉਸਨੇ ਆਪਣੀ ਇਬਤਦਾਈ ਤਾਲੀਮ ਆਪਣੇ ਜੱਦੀ ਪਿੰਡ ਕੁੱਬੇ ਤੋਂ ਹੀ ਹਾਸਿਲ ਕੀਤੀ ਅਤੇ ਖਾਲਸਾ ਹਾਈ ਸਕੂਲ ਘੁਲਾਲ ਤੋਂ ਮੈਟ੍ਰਿਕ ਕੀਤੀ। ਕਬੱਡੀ ਖੇਡਣ ਦਾ ਸੌਂਕ ਇਸ ਨੂੰ ਬਚਪਨ ਤੋਂ ਹੀ ਸੀ ਪਰ ਬੋੰਦਲ਼ੀ ਕਾਲਜ ਸਮਰਾਲੇ ਪੜ੍ਹਦਿਆਂ ਇਸ ਨੇ ਕਬੱਡੀ ਵਿੱਚ ਬਤੌਰ ਰੇਡਰ ਚੰਗਾ ਨਾਮਣਾ ਖੱਟਿਆ। ਉਹ ਬਾਅਦ ਵਿੱਚ ਗੌਰਮਿੰਟ ਕਾਲਜ ਲੁਧਿਆਣੇ ਅਤੇ ਡੀ.ਏ.ਵੀ ਕਾਲਜ ਜਲੰਧਰ ਦੀਆਂ ਕਬੱਡੀ ਟੀਮਾਂ ਦੀ ਨੁਮਾਇੰਦਗੀ ਕਰਦਿਆਂ ਹਰ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਬੱਡੀ ਚੈਂਪੀਅਨਸ਼ਿਪ ਤੇ ਕਬਜ਼ਾ ਕਰਦਾ ਰਿਹਾ। ਉਚੇਰੀ ਸਿੱਖਿਆ ਵਿੱਚ ਵੀ ਦੇਵੀ ਦਿਆਲ ਨੇ ਬੀ.ਏ ਅਤੇ ਐਮ.ਏ ਵਰਗੀਆਂ ਡਿਗਰੀਆਂ ਨੂੰ ਜੱਫਾ ਮਾਰਿਆ ਜੋ ਕਿ ਉਸ ਦੌਰ ਦੇ ਕਿਸੇ ਵੀ ਮਕਬੂਲ ਹੋਏ ਕਬੱਡੀ ਖ਼ਿਡਾਰੀ ਤੋਂ ਨਹੀਂ ਸੀ ਵੱਜਾ। ਕਬੱਡੀ ਦੇ ਨਾਲ਼ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਕਰਨਾ ਬਹੁਤ ਮਾਣ ਦਾ ਵਿਸ਼ਾ ਸੀ। ਦੇਵੀ ਦਿਆਲ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਰਾਜ ਦੀ ਦੀਆ ਕਬੱਡੀ ਟੀਮਾਂ ਦਾ ਕਪਤਾਨ ਵੀ ਰਿਹਾ, ਜਿਸਨੇ ਖੇਤਰੀ ਅਤੇ ਰਾਸ਼ਟਰੀ ਪੱਧਰ ਤੇ ਵੱਖੋ ਵੱਖਰੇ ਕਬੱਡੀ ਟੂਰਨਾਮੈਂਟਾਂ ਨੂੰ ਆਪਣੀ ਝੋਲ਼ੀ ਪਾਇਆ।
ਸੰਸਾਰ ਦੀਆਂ ਮਿੰਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੇ ਦੇਵੀ ਦਿਆਲ ਨੂੰ ਅਰਸ਼ਾਂ ਤੇ ਬਿਠਾ ਦਿੱਤਾ, ਇਸ ਟੂਰਨਾਮੈਂਟ ਵਿੱਚ ਦੇਵੀ ਦਿਆਲ ਦੀਆਂ ਰੇਡਾਂ ਤੇ ਹਜਾਰਾਂ ਰੁਪਏ ਲਗਦੇ ਰਹੇ। ਪੰਜਾਬ ਦੇ ਪਿੰਡਾਂ ਦਾ ਸਾਇਦ ਹੀ ਅਜਿਹਾ ਕੋਈ ਟੂਰਨਾਮੈਂਟ ਹੋਵੇ ਜਿਥੇ ਇਹ ਖੇਡਣ ਨਾ ਗਿਆ ਹੋਵੇ।
ਆਲਮੀ ਪੱਧਰ ਤੇ ਦੇਵੀ ਦਿਆਲ ਜ਼ਿਆਦਾ ਤਰ ਇੰਗਲੈਂਡ ਹੀ ਖੇਡਿਆ 1973 ਵਿੱਚ ਇੰਗਲੈਂਡ ਦੀ ਟੀਮ ਭਾਰਤ ਆਈ ਅਤੇ ਵਾਰ ਹੀਰੋ ਸਟੇਡੀਅਮ ਸੰਗਰੂਰ ਵਿਖ਼ੇ ਵਧੀਆ ਮੈਚ ਦੇਖਣ ਨੂੰ ਮਿਲ਼ੇ। 1974 ਵਿੱਚ ਦੇਵੀ ਦਿਆਲ ਇੰਗਲੈਂਡ ਜਾਣ ਵਾਲ਼ੀ ਟੀਮ ਦਾ ਮੀਤ ਕਪਤਾਨ ਰਿਹਾ। ਪੋਸਟ ਗ੍ਰੈਜੂਏਟ ਹੋਣ ਕਰਕੇ ਨਾਲ ਦੇ ਨਾਲ਼ ਦੇ ਸਾਥੀ ਖ਼ਿਡਾਰੀਆਂ ਦਾ ਪੇਪਰ ਵਰਕ ਵੀ ਦੇਵੀ ਦਿਆਲ ਦੇ ਜਿੰਮੇ ਆਇਆ। ਇੰਗਲੈਂਡ ਵਿੱਚ ਹੋਏ ਮੈਚਾਂ ਨੂੰ ਦੇਖਣ ਪੂਰੇ ਯੂਰੋਪ ਵਿੱਚ ਵਸਦੇ ਪੰਜਾਬੀ ਆਏ। ਦੇਵੀ ਦਿਆਲ ਦੀਆਂ ਰੇਡਾਂ ਦਾ ਲੁਤਫ਼ ਉਠਾਉਣ ਲਈ ਹਰ ਆਮ ਅਤੇ ਖ਼ਾਸ ਨੇ ਸ਼ਿਰਕਤ ਕੀਤੀ । ਇਸ ਟੂਰਨਾਮੈਂਟ ਵਿੱਚ ਬੇਸ਼ੱਕ ਪੰਜਾਬ ਦੀ ਟੀਮ ਨੇ ਸੱਤਾਂ ਵਿੱਚੋਂ ਤਿੰਨ ਮੈਚ ਜਿੱਤੇ ਪਰ ਇੱਕਲੇ ਦੇਵੀ ਦਿਆਲ ਨੂੰ ਹੀ ਇਨਾਮਾ ਦਾ ਪੰਜ ਹਜ਼ਾਰ ਪੌਂਡ ਬਣ ਗਿਆ ਸੀ। ਸੰਨ 1977 ਵਿਚ ਪੰਜਾਬ ਦੀ ਟੀਮ ਦੂਜੀ ਵਾਰ ਇੰਗਲੈਂਡ ਗਈ। ਇਸ ਵਾਰ ਟੀਮ ਨੇ ਕਮਾਲ ਦੀ ਖੇਡ ਦਿਖਾਈ ਤੇ ਸਾਰੇ ਮੈਚਾਂ ਵਿੱਚ ਹੁੰਝਾ ਫ਼ੇਰ ਜਿੱਤ ਹਾਸਿਲ ਕੀਤੀ। ਸੰਨ 1980 ਵਿਚ ਗਰੇਵਜੈਡ ਕਬੱਡੀ ਕਲੱਬ ਦੇ ਵਿਸ਼ੇਸ਼ ਸੱਦੇ ‘ਤੇ ਦੇਵੀ ਦਿਆਲ ਤੀਜੀ ਵਾਰ ਇੰਗਲੈਂਡ ਗਿਆ ਅਤੇ ਕਾਫ਼ੀ ਦੇਰ ਉਥੇ ਹੀ ਰਿਹਾ।
ਦੇਵੀ ਦਿਆਲ ਕੱਬਡੀ ਦੇ ਸਿਖ਼ਰ ਤੇ ਸੀ ਜਦ ਉਹ ਸੰਨ 1970 ਪੰਜਾਬ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਵਿਚ ਕੋਚ ਲਗ ਗਿਆ ਸੀ। ਗੁਰੂ ਬਣਕੇ ਵੀ ਉਹ ਨਵੇਂ ਖਿਡਾਰੀਆਂ ਨੂੰ ਖੇਡ ਗੁਣ ਸਿਖਾਉਂਦਾ ਨਾਲ਼ ਆਪ ਵੀ ਕਬੱਡੀ ਖੇਡਦਾ ਰਿਹਾ। ਦੇਵੀ ਦਿਆਲ ਨੇ ਸਾਰੀ ਜਿੰਦਗੀ ਕਬੱਡੀ ਦੇ ਲੇਖੇ ਲਾ ਦਿੱਤੀ ਉਸਨੇ ਬਤੌਰ ਕੋਚ ਕਬੱਡੀ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਤਿਆਰ ਕੀਤੇ। ਵੱਖੋ ਵੱਖਰੇ ਦੇਸ਼ਾਂ ਦੀਆਂ ਕਬੱਡੀ ਐਸੋਸੀਏਸ਼ਨਾ ਨਾਲ਼ ਰਾਫ਼ਤਾ ਕਾਇਮ ਕਰਕੇ ਕਈ ਟੂਰਨਾਮੈਂਟ ਵੀ ਕਰਵਾਏ। ਕਬੱਡੀ ਨੂੰ ਸਮਰਪਿਤ ਦੇਵੀ ਦਿਆਲ ਨੂੰ ਉਸ ਵੇਲ਼ੇ ਅਸਹਿਣਯੋਗ ਝੱਟਕਾ ਲੱਗਾ ਜਦ ਉਸਦਾ ਜਵਾਨ ਪੁੱਤ ਟੋਨੀ ਅਲੰਕਾਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਚਲਦਿਆਂ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ।
ਸੰਨ 2005 ਵਿੱਚ ਜਦੋਂ ਦੇਵੀ ਦਿਆਲ ਬਤੌਰ ਜਿਲ੍ਹਾ ਖੇਡ ਅਫ਼ਸਰ ਵਜੋਂ ਸੇਵਾ ਮੁਕਤ ਹੋਇਆ ਤਾਂ ਆਪਣੇ ਪਿੰਡ ਕੁੱਬੇ ਵਿਖ਼ੇ ਆਪਣੇ ਲਖ਼ਤ-ਏ-ਜਿਗਰ ਟੋਨੀ ਅਲੰਕਾਰ ਦੇ ਨਾਮ ਤੇ ਅਕੈਡਮੀ ਸਥਾਪਿਤ ਕਰ ਮਾਂ ਖੇਡ ਕਬੱਡੀ ਦੀ ਸੇਵਾ ਕਰਨ ਲੱਗਾ। ਦੇਵੀ ਦਿਆਲ ਆਖ਼ਿਰਲੇ ਸਮੇਂ ਤੱਕ ਕਬੱਡੀ ਨੂੰ ਸਮਰਪਿਤ ਰਿਹਾ ਦੇਵੀ ਦਿਆਲ ਜਿਸ ਦੌਰ ਵਿੱਚ ਖੇਡਿਆ ਉਸ ਵੇਲ਼ੇ ਟਾਈਮ ਦੇ ਹਿਸਾਬ ਨਾਲ਼ ਨਹੀਂ ਸਗੋਂ ਰੇਡਰ ਲੰਮਾ ਸਾਹ ਭਰਕੇ ਕੌਡੀ-ਕੌਡੀ ਬੋਲਦੇ ਹੋਏ ਰੇਡਾਂ ਪਾਉਂਦੇ ਸਨ, ਦੇਵੀ ਦਿਆਲ ਦੀ ਮਿਹਨਤਾਂ ਕਰ ਅਰਜਿਤ ਕੀਤੀ ਕਾਰਡਿਓ ਰੈਸਪੇਰੇਟਰੀ ਫਿੱਟਨੈੱਸ ਦੇ ਚਲਦਿਆਂ ਉਸਦੇ ਸਾਹ ਨੂੰ ਕੋਈ ਵੀ ਜਾਫ਼ੀ ਤੋੜ ਨਹੀਂ ਸੀ ਸਕਿਆ ਪਰ ਲਾੜੀ ਮੌਤ ਦੇ ਜੱਫ਼ੇ ਆਉਂਦਿਆ ਹੀ ਦੇਵੀ ਦਿਆਲ ਆਪਣਾ ਆਖ਼ਿਰਲਾ ਸਾਹ ਛੱਡ ਫਾਨੀ ਸੰਸਾਰ ‘ਚੋਂ ਹਮੇਸ਼ਾਂ ਲਈ ਆਊਟ ਹੋ ਗਿਆ…!! ਕਬੱਡੀ ਦਾ ਇਹ ਅਣਮੁੱਲਾ ਲਾਲ ਦੇਵੀ ਦਿਆਲ ਹਮੇਸ਼ਾ ਹੀ ਕਬੱਡੀ ਪ੍ਰੇਮੀਆਂ ਦੇ ਦਿਲ ਵਿੱਚ ਵਸਦਾ ਰਹੇਗਾ।
ਆਮੀਨ 🤲
ਡਾ. ਬਲਜਿੰਦਰ ਸਿੰਘ
9815040500
Leave a Comment
Your email address will not be published. Required fields are marked with *