ਦਿੱਲੀ ਸਟੇਸ਼ਨ ਤੇ ਟ੍ਰੇਨ ਸੀਟੀ ਮਾਰ ਚੁੱਕੀ ਸੀ ਤੇ ਚੱਲਣ ਨੂੰ ਲੱਗਭੱਗ ਤਿਆਰ ਸੀ। ਇਸੇ ਸਮੇਂ ਕਰੀਬ ਕਰੀਬ ਹੱਫ਼ਦੇ ਹੋਏ ਇੱਕ ਜੋੜਾ ਡੱਬੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਿਆ। ਨਾਲ ਦੋ ਛੋਟੀਆਂ ਬੱਚੀਆਂ ਵੀ ਸਨ। ਬੱਚੀਆਂ ਨੂੰ ਲੱਗਭੱਗ ਧੱਕਦਿਆਂ ਅੰਦਰ ਕੀਤਾ, ਜਿਵੇਂ ਕੋਈ ਸਮਾਨ ਸੁੱਟਿਆ ਹੋਵੇ। ਫਿਰ ਸਮਾਨ ਸਮੇਤ ਖ਼ੁਦ ਦਾਖ਼ਲ ਹੋ ਗਏ। ਉਨ੍ਹਾਂ ਨੂੰ ਵੇਖ ਕੇ ਲੱਗਦਾ ਸੀ ਕਿ ਦੌੜ ਕੇ ਮੁਸ਼ਕਿਲ ਨਾਲ ਟ੍ਰੇਨ ਫੜੀ ਹੈ। ਬੱਚੀਆਂ ਬਹੁਤ ਡਰੀਆਂ ਹੋਈਆਂ ਸਨ। ਟ੍ਰੇਨ ਮਿਲ ਜਾਣ ਤੇ ਪਤੀ-ਪਤਨੀ ਨੇ ਚੈਨ ਦਾ ਸਾਹ ਲਿਆ ਹੀ ਸੀ ਕਿ ਇੱਕ ਬੱਚੀ ਸਹਿਮ ਕੇ ਬੋਲੀ, “ਮੰਮੀ, ਭੁੱਖ ਲੱਗੀ ਹੈ!”
“ਕਮਬਖ਼ਤੋ, ਕੁਝ ਚਿਰ ਤਾਂ ਚੈਨ ਲੈ ਲੈਣ ਦਿਓ! ਸਾਨੂੰ ਖਾ ਕੇ ਹੀ ਮੰਨੋਗੀਆਂ!” ਮਾਂ ਦੇ ਇਸ ਵਾਕ ਨਾਲ ਡੱਬੇ ਦੇ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਗਿਆ। ਮਾਂ ਨੇ ਬੈਗ ‘ਚੋਂ ਬਿਸਕੁਟ ਦਾ ਇੱਕ ਪੈਕਟ ਕੱਢ ਕੇ ਗੁੱਸੇ ਨਾਲ ਬੱਚੀਆਂ ਅੱਗੇ ਸੁੱਟਿਆ, “ਲਓ, ਡੱਫ ਲਓ!”
ਪਤੀ ਸੀਟ ਦੇ ਹੇਠਾਂ ਸਮਾਨ ਟਿਕਾ ਰਿਹਾ ਸੀ। ਸੀਟ ਤੇ ਬੈਠੀ ਇੱਕ ਬਜ਼ੁਰਗ ਔਰਤ ਨੇ ਪੁੱਛਿਆ, “ਕਿੱਥੋਂ ਆ ਰਹੀ ਏਂ ਧੀਏ! ਲੱਗਦੈ ਟ੍ਰੇਨ ਫੜਨ ਵਿੱਚ ਬੜੀ ਮੁਸ਼ਕਿਲ ਆਈ ਹੈ।”
“ਕੀ ਦੱਸਾਂ ਅੰਮਾ! ਕਿਸਮਤ ਹੀ ਖਰਾਬ ਹੈ। ਵੈਸ਼ਣੋ ਮਾਤਾ ਦੇ ਦਰਸ਼ਨ ਕਰਨ ਗਏ ਸਾਂ। ਪਰ ਮੌਸਮ ਅਜਿਹਾ ਵਿਗੜਿਆ ਕਿ ਉਪਰਲਾ ਰਸਤਾ ਹੀ ਬੰਦ ਹੋ ਗਿਆ, ਬਿਨਾਂ ਦਰਸ਼ਨ ਤੋਂ ਹੀ ਪਰਤਣਾ ਪਿਆ।”
“ਦੋ ਬੇਟੀਆਂ ਨੇ ਤੇਰੀਆਂ?”
“ਹਾਂ। ਇਸੇ ਲਈ ਤਾਂ ਮਾਤਾ ਜੀ ਤੋਂ ਮੰਨਤ ਮੰਗਣ ਆਏ ਸਾਂ ਕਿ ਇਸ ਵਾਰ ਤਾਂ ਸੁਣ…। ਪਰ ਲੱਗਦਾ ਹੈ, ਮਾਂ ਵੀ ਰੁੱਸੀ ਹੋਈ ਹੈ ਸਾਡੇ ਨਾਲ…।” ਉਹ ਆਪਣੀ ਗੱਲ ਪੂਰੀ ਕਰਦੀ ਕਿ ਛੋਟੀ ਬੇਟੀ ਬੋਲ ਪਈ, “ਮੰਮੀ, ਸੂ ਸੂ ਆਈ।”
ਚਟਾਕ! ਇੱਕ ਜ਼ੋਰ ਦਾ ਥੱਪੜ ਬੱਚੀ ਦੀ ਗੱਲ ਤੇ ਵੱਜਿਆ। “ਜਾਨ ਲੈ ਕੇ ਛੱਡੇਂਗੀ ਕਲ਼ਮੂੰਹੀਂ?” ਥੱਪੜ ਜ਼ੋਰ ਦਾ ਸੀ, ਡੱਬੇ ਦਾ ਫਰਸ਼ ਗਿੱਲਾ ਹੋ ਗਿਆ ਸੀ ਅਤੇ ਬੱਚੀ ਖ਼ੁਦ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ। ਡੱਬੇ ਵਿੱਚ ਬੈਠੇ ਯਾਤਰੀਆਂ ਦੇ ਚਿਹਰੇ ਤੇ ਅਰਥਮਈ ਮੁਸਕਰਾਹਟ ਅਤੇ ਅੱਖਾਂ ਤੋਂ ਭਾਵ ਸਪਸ਼ਟ ਬਿਆਨ ਹੋ ਰਹੇ ਸਨ।
ਰੋਜ਼ ਇੰਨੀਆਂ ਗਾਲਾਂ ਖਾਣ ਪਿੱਛੋਂ ਭਲਾ ਮਾਂ ਰੁੱਸੇਗੀ ਨਹੀਂ ਤਾਂ ਕੀ ਆਸ਼ੀਰਵਾਦ ਦੇਵੇਗੀ!
# ਮੂਲ : ਡਾ. ਲਤਾ ਅਗਰਵਾਲ ‘ਤੁਲਜਾ’, ਭੋਪਾਲ (ਮੱਧਪ੍ਰਦੇਸ਼)
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *