ਫਰੀਦਕੋਟ, 1 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਮਾਊਂਟ ਲਿਟਰਾ ਜੀ ਸਕੂਲ ’ਚ ਵਿਸ਼ਵ ਹੈਲੋਵੀਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਨਰਸਰੀ ਕਲਾਸ ਤੋਂ ਲੈ ਕੇ ਚੌਥੀ ਤੱਕ ਦੇ ਬੱਚਿਆਂ ਨੇ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਅਧਿਆਪਕਾਂ ਨੇ ਕਲਾਸਾਂ ਨੂੰ ਡਰਾਉਣੀ ਦਿੱਖ ਦਿੱਤੀ। ਗੁਬਾਰੇ, ਚਾਰਟ, ਨਕਲੀ ਪਿੰਜਰਿਆਂ ਦੁਆਰਾ ਡਰਾਉਣਾ ਮਾਹੌਲ ਬਣਾਇਆ ਗਿਆ ਸੀ। ਬੱਚੇ ਵੀ ਕਾਲੇ ਰੰਗ ਦੇ ਪੁਸ਼ਾਕ ਪਹਿਨ ਕੇ ਅਤੇ ਭੂਤਾਂ ਦੇ ਭੇਸ ’ਚ ਆਪਣੀਆਂ ਕਲਾਸਾਂ ’ਚ ਆਏ। ਬੱਚਿਆਂ ਨੇ ਵੱਖ-ਵੱਖ ਡਰਾਉਣੇ ਗੀਤਾਂ, ਸੰਗੀਤ ’ਤੇ ਡਾਂਸ ਅਤੇ ਮਸਤੀ ਕੀਤੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਬੱਚਿਆਂ ਦੇ ਮਨਾਂ ’ਚੋਂ ਭੂਤਾਂ-ਪ੍ਰੇਤਾਂ ਦਾ ਡਰ ਦੂਰ ਕਰਨਾ ਅਤੇ ਉਨ੍ਹਾਂ ’ਚ ਆਤਮ ਵਿਸ਼ਵਾਸ਼ ਦੀ ਭਾਵਨਾ ਨੂੰ ਜਗਾਉਣਾ ਸੀ। ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ’ਚ ਵੱਖ-ਵੱਖ ਪ੍ਰੋਗਰਾਮਾਂ ’ਚ ਸਰਗਰਮੀ ਨਾਲ ਹਿੱਸਾ ਲੈਣ ਦੀ ਪ੍ਰਵਿਰਤੀ ਪੈਦਾ ਕਰਨਾ ਵੀ ਸੀ। ਬੱਚਿਆਂ ਨੇ ਇਸ ਦਿਨ ’ਚ ਖੂਬ ਮਸਤੀ ਨਾਲ ਭਾਗ ਲਿਆ ਅਤੇ ਇੱਕ ਦੂਜੇ ਨੂੰ ਡਰਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਅੰਤ ’ਚ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ: ਸੁਰੇਸ਼ ਸ਼ਰਮਾ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਸਕੂਲ ਦੀਆਂ ਗਤੀਵਿਧੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੁਨੇਹਾ ਦਿੱਤਾ।