ਸਰਸਾ ਨਦੀ ਤੇ ਪਿਆ ਵਿਛੋੜਾ, ਖਿੰਡ-ਪੁੰਡ ਸਭ ਪਰਿਵਾਰ ਗਿਆ,
ਦੋ ਗੜ੍ਹੀ ਚਮਕੌਰ ਦੀ ਵਿੱਚ,ਦੋ ਵਿੱਚ ਸਰਹਿੰਦ ਦੇ ਵਾਰ ਗਿਆ,
ਫੇਰ ਵੀ ਮੁੱਖ ਤੋਂ ਉੱਫ਼ ਨਾ ਕੀਤੀ, ਵੇਖੋ ਰੰਗ ਕਰਤਾਰ ਦੇ
ਮਾਛੀਵਾੜੇ ਆਣ ਸੌਂ ਗਿਆ,ਵਾਰ ਕੇ ਜੀਅ ਪਰਿਵਾਰ ਦੇ,
ਜੰਗਲਾਂ ਦੇ ਵਿੱਚ ਆਣ ਸੌਂ ਗਿਆਵਾਰਕੇ ਜੀਅ ਪਰਿਵਾਰ ਦੇ
ਠੰਢੇ ਬੁਰਜ ਚ ਮਾਤਾ ਗੁਜਰੀ, ਵਿੱਚ ਦਿੱਲੀ ਦੇ ਪਿਤਾ ਬਹਾਦਰ,
ਮਜ਼ਲੂਮਾਂ ਦੀ ਰਾਖੀ ਖਾਤਰ,ਬਣ ਗਏ ਜੋ ਹਿੰਦ ਦੀ ਚਾਦਰ,
ਜਿਸਦਾ ਅੱਜ ਕੱਲ੍ਹ ਨਾਮ ਸੰਗਤਾਂ, ਲੈਣ ਨਾਲ ਸਤਿਕਾਰ ਦੇ,
ਮਾਛੀਵਾੜੇ ਆਣ ਸੌਂ ਗਿਆ, ਵਾਰ ਕੇ ਜੀਅ ਪਰਿਵਾਰ ਦੇ,
ਜੰਗਲਾਂ ਦੇ ਵਿੱਚ ਆਣ ਸੌਂ ਗਿਆ ਵਾਰ ਕੇ ਜੀਅ ਪਰਿਵਾਰ ਦਾ
ਮੁਗ਼ਲਾਂ ਨੂੰ ਲਲਕਾਰ ਮਾਰ ਕੇ, ਬਣਗੇ ਉੱਚ ਦੇ ਪੀਰ ਸੀ,
ਹੇਠ ਨਾ ਘੋੜਾ ਪੈਰੀਂ ਛਾਲੇ, ਜਾਮਾਂ ਲੀਰੋ-ਲੀਰ ਸੀ,
ਯਾਰੜੇ ਦਾ ਸਾਨੂੰ ਸੱਥਰ ਚੰਗਾ, ਫੇਰ ਵੀ ਰਹੇ ਉਚਾਰ ਦੇ,
ਮਾਛੀਵਾੜੇ ਆਣ ਸੌਂ ਗਿਆ ਵਾਰ ਕੇ ਜੀਅ ਪਰਿਵਾਰ ਦੇ,
ਜੰਗਲਾਂ ਦੇ ਵਿੱਚ ਆਣ ਸੌਂ ਗਿਆ ਵਾਰ ਕੇ ਜੀਅ ਪਰਿਵਾਰ ਦੇ
ਮਾਂ ਗੁਜਰੀ ਦਾ ਜ਼ਾਇਆ ਸੀ, ਧਾਲੀਵਾਲ ਉਹ ਗੁਰੂ ਗ਼ਰੀਬਾਂ ਦਾ,
ਜੋ ਸ਼ਰਨ ਉਹਦੀ ਵਿੱਚ ਆਣ ਪਿਆ, ਪ੍ਰਿੰਸ ਸੀ ਧਨੀ ਨਸੀਬਾਂ ਦਾ
ਕਰਮਾਂ ਨਾਲ਼ ਹੀ ਦਰਸ ਪੈਂਦੇ, ਇੱਕ ਸੱਚੀ ਸਰਕਾਰ ਦੇ,
ਮਾਛੀਵਾੜੇ ਆਣ ਸੌਂ ਗਿਆ ਵਾਰ ਕੇ ਜੀਅ ਪਰਿਵਾਰ ਦੇ
ਜੰਗਲਾਂ ਦੇ ਵਿੱਚ ਆਣ ਸੌਂ ਗਿਆ ਵਾਰ ਕੇ ਜੀਅ ਪਰਿਵਾਰ ਦੇ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ
9872299613