ਮਾਤਮ ਮਨਾਉਣ ਦਾ ਹੁਕਮ ਦੇਣਾ ਅਤੇ ਚੜਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦੇਣਾ ਇੱਕ ਸੋਚ ਨੂੰ ਦਰਸਾਉਂਦਾ ਹੈ। ਅਸੀਂ ਸੋਚਣਾ ਹੈ ਕਿ ਅਸੀਂ ਕਿਹੜੇ ਰਾਹ ਦੇ ਪਾਂਧੀ ਬਨਣਾ ਹੈ। ਇੱਕ ਪਾਸੇ ਉਹ ਸਿਆਸੀ ਆਗੂ ਹਨ ਜੋ ਸਾਨੂੰ ਧਰਮ ਤੋਂ ਟੁੱਟ ਕੇ ਆਪਣੀ ਹੋਂਦ ਤੋਂ ਟੁੱਟ ਕੇ ਆਪਣੀ ਪਹਿਚਾਣ ਤੋਂ ਟੁੱਟ ਕੇ ਆਪਣੇ ਸਿਧਾਂਤਾ ਤੋਂ ਟੁੱਟ ਕੇ ਚੜਦੀ ਕਲਾ ਵਿੱਚ ਨਾ ਰਹਿ ਕੇ ਮਾਤਮ ਵਾਲੇ ਮਹੌਲ ਬਣਾ ਕੇ ਇੱਕ ਵਿਚਾਰਗੀ ਦੀ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦੇ ਹਨ ਅਤੇ ਦੂਜੇ ਪਾਸੇ ਸਾਡੇ ਸਿੱਖ ਆਗੂ ਹਨ ਜੋ ਸਾਨੂੰ ਦੱਸਾਂ ਗੁਰੂਆਂ ਦੇ ਉਪਦੇਸ਼ਾਂ ਉੱਤੇ ਚੱਲਦੇ ਹੋਏ ਸ਼ਹਾਦਤਾਂ ਪਾਉਣ ਵਾਲੇ ਸਿੰਘਾਂ ਦੀਆਂ ਵਾਰਾਂ ਸੁਣਾ ਕੇ ਸਿੱਖੀ ਸਿਦਕ ਵਿੱਚ ਅਡੋਲ ਰਹਿ ਕੇ ਹਰ ਹਾਲਾਤ ਵਿੱਚ ਹਰ ਸਮੇਂ ਚੜਦੀ ਕਲਾ ਵਿੱਚ ਰਹਿਣ ਦਾ ਹੋਕਾ ਦਿੰਦੇ ਹਨ।
ਬੇਸ਼ੱਕ ਅੱਜ ਸਿੱਖ ਕੌਮ ਦੇ ਸਿਰਮੋਰ ਸਿੱਖ ਆਗੂ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਹਨ ਪਰ ਕਦੇ ਵੀ ਕਿਸੇ ਸਿੱਖ ਆਗੂ ਨੇ ਸਮੁੱਚੀ ਕੌਮ ਨੂੰ ਮਾਤਮ ਮਨਾਉਣ ਲਈ ਨਹੀਂ ਕਿਹਾ ਬਲਕਿ ਹਮੇਸ਼ਾਂ ਚੜਦੀ ਕਲਾ ਵਿੱਚ ਰਹਿ ਕੇ ਕੌਮ ਨੂੰ ਸਿੱਖੀ ਸੇਵਾ ਕਰਦੇ ਰਹਿਣ ਦੇ ਸੁਨੇਹੇ ਭੇਜੇ ਹਨ। ਸਿੱਖ ਕੌਮ ਦੇ ਇਤਿਹਾਸ ਨੂੰ ਪੜਾਂ ਤਾਂ ਜਾਬਰ ਸਰਕਾਰਾਂ ਦੇ ਜ਼ੁਲਮ ਹੀ ਪੜਣ ਨੂੰ ਮਿਲਦੇ ਹਨ ਅਤੇ ਪਹਿਲੇ ਗੁਰੂ ਸਹਿਬਾਨ ਤੋਂ ਲੈਕੇ ਦਸਮ ਪਾਤਸ਼ਾਹ ਤੱਕ ਜ਼ੁਲਮ ਦਾ ਸਾਹਮਣਾ ਕਰਦੇ ਹੋਏ ਵੀ ਚੜਦੀ ਕਲਾ ਵਿੱਚ ਰਹਿਣ ਦੀ ਸਿੱਖਿਆ ਮਿਲਦੀ ਹੈ। ਜੇਕਰ ਹਜ਼ਾਰਾਂ ਕਹਾਂ ਤਾਂ ਨਾ ਇਨਸਾਫੀ ਹੋਵੇਗੀ ਲੱਖਾਂ ਦੀ ਤਾਦਾਦ ਵਿੱਚ ਸ਼ਹੀਦ ਸਿੰਘ ਸਿੰਘਣੀਆਂ ਅਤੇ ਭੁਜੰਗੀ ਸਿੱਖ ਕੌਮ ਦੇ ਹਿੱਸੇ ਆਏ ਹਨ ਹੁਣ ਤੱਕ।
ਬੇਸ਼ੱਕ ਸਮੇਂ ਦੀ ਸਰਕਾਰ ਜਾਬਰ ਹੁੰਦੀ ਹੈ ਸਿੱਖ ਕੌਮ ਉੱਪਰ ਪਰ ਜਿੱਤ ਹਮੇਸ਼ਾਂ ਸਿੱਖੀ ਸਿਦਕ ਦੀ ਹੀ ਹੋਈ ਹੈ। ਜਿੱਤ ਦੇ ਬਿਗੁਲ ਹਮੇਸ਼ਾਂ ਸਿੱਖ ਕੌਮ ਨੇ ਹੀ ਵਜਾਏ ਹਨ। ਸਿੱਖ ਕੌਮ ਦੀ ਚੜਦੀ ਕਲਾ ਪੂਰੇ ਵਿਸ਼ਵ ਦੇ ਗੁਰੂ ਘਰਾਂ ਵਿੱਚ ਦੇਖੀ ਜਾ ਸਕਦੀ ਹੈ। ਜਾਲਮ ਸਰਕਾਰਾਂ ਦਾ ਜਬਰ ਅੱਜ ਵੀ ਸਿੱਖ ਨੋਜਵਾਨਾਂ ਉੱਤੇ ਲਗਾਤਾਰ ਢਾਹਿਆ ਜਾ ਰਿਹਾ ਹੈ। ਜੋ ਵੀ ਖ਼ਾਲਸਾ ਰਾਜ ਦੀ ਗੱਲ ਕਰਦਾ ਹੈ ਉਹ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਜੀ ਭਿੰਡਰਾਵਾਲਾ ਤੋਂ ਚੱਲੀ ਲਹਿਰ ਲੱਖਾਂ ਸ਼ਹਾਦਤਾਂ ਦਾ ਜਾਮ ਪੀਂਦੀ ਹੋਈ ਵਾਰਿਸ ਪੰਜਾਬ ਦੇ ਜਥੇਬੰਦੀ ਤੱਕ ਆ ਖੜੀ ਹੋਈ। ਹਰ ਸਿੱਖ ਆਗੂ ਅਤੇ ਹਰ ਸਿੱਖ ਲੀਡਰ ਖਾਲਿਸਤਾਨ ਦੀ ਮੰਗ ਨਹੀਂ ਚੁੱਕਦਾ। ਅਜ਼ਾਦ ਖਾਲਿਸਤਾਨ ਦੀ ਹਾਮੀ ਨਹੀਂ ਭਰਦਾ। ਪਰ ਕੁਝ ਸਿੱਖ ਆਗੂ ਅਤੇ ਗਿਣਤੀ ਦੇ ਕੁਝ ਲੀਡਰ ਅਜ਼ਾਦ ਖਾਲਿਸਤਾਨ ਦੀ ਮੰਗ ਵਿਦੇਸ਼ਾਂ ਤੱਕ ਚੁੱਕਦੇ ਹਨ। ਸਿਆਸੀ ਪਾਰਟੀਆਂ ਅਤੇ ਉੱਨਾਂ ਦੇ ਲੀਡਰ ਸਿਰਫ ਆਪਣੇ ਰਾਜ ਪਾਟ ਲਈ ਖਾਲਿਸਤਾਨ ਦੀ ਮੰਗ ਨੂੰ ਦਬਾਉਂਦੇ ਹਨ। ਕਿਉਂਕਿ ਉੱਨਾਂ ਨੂੰ ਪਤਾ ਹੈ ਕਿ ਖਾਲਿਸਤਾਨ ਜਾਂ ਖ਼ਾਲਸਾ ਰਾਜ ਦੀ ਹੋਂਦ ਜਮੂਹਰਿਅਤ ਦੀ ਸੋਚ ਨੂੰ ਵਾਧੇ ਪਾਉਂਦੀ ਹੈ।
ਪਰ ਮੇਰਾ ਸਵਾਲ ਹੈ ਕਿ ਜਿਸ ਤਰਾਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਸੀਂ ਮੌਕਾ ਦਿੰਦੇ ਹਾਂ ਸਰਕਾਰ ਚਲਾਉਣ ਲਈ ਕਿਉਂ ਨਹੀ ਅਸੀਂ ਇੱਕ ਵਾਰ ਖ਼ਾਲਸਾ ਰਾਜ ਦਾ ਵੀ ਨਿੱਘ ਮਾਨ ਕੇ ਦੇਖ ਲਈਏ। ਖ਼ਾਲਸਾ ਰਾਜ ਤੋਂ ਕੀ ਖ਼ਤਰਾ ਹੋ ਸਕਦਾ ਹੈ ਜਨਤਾ ਨੂੰ? ਜਾਂ ਖ਼ਾਲਸਾ ਰਾਜ ਵਿੱਚ ਕੀ ਸੁੱਖ ਸੁਵਿਧਾਵਾਂ ਹੋਣ ਗਈਆਂ ਜਨਤਾ ਨੂੰ? ਜਦੋਂ ਤੱਕ ਦੇਖਾਂਗੇ ਨਹੀਂ ਉਦੋਂ ਤੱਕ ਫਰਕ ਕਿਵੇਂ ਸਮਝਾਂਗੇ।
ਜੇਕਰ ਅੱਜ ਦੀ ਗੱਲ ਕਰਾਂ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹਜ਼ਾਰਾਂ ਸਿੰਘ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਪਿਛਲੇ ਇੱਕ ਸਾਲ ਤੋਂ ਨਜ਼ਰਬੰਦ ਕੀਤੇ ਹੋਏ ਹਨ। ਦੋਸ਼ ਕੀ ਸੀ ਉੱਨਾਂ ਦਾ? ਸਿੱਖ ਕੌਮ ਨੂੰ ਬਾਣੀ ਬਾਣੇ ਨਾਲ ਜੋੜ ਰਹੇ ਸਨ। ਅੰਮ੍ਰਿਤ ਸੰਚਾਰ ਕਰ ਸ਼ੱਸਤਰ ਧਾਰੀ ਹੋਣ ਦਾ ਹੋਕਾ ਦੇ ਰਹੇ ਸਨ। ਸਿੱਖ ਰਿਵਾਇਤਾਂ ਨੂੰ ਤਰਜੀਹ ਦਿੰਦੇ ਹੋਏ ਸ਼ਬਦ ਗੁਰੂ ਨਾਲ ਜੋੜ ਰਹੇ ਸਨ। ਅਜ਼ਾਦ ਦੇਸ਼ ਖਾਲਿਸਤਾਨ ਦੀ ਮੰਗ ਰੱਖਦੇ ਸਨ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਰਾਜ ਹੋਵੇ। ਪਰ ਜਾਲਮ ਸਰਕਾਰਾਂ ਨੇ ਆਪਣਾ ਸਿਆਸੀ ਦਾਅ ਖੇਡ ਕੇ ਹਜ਼ਾਰਾਂ ਮਾਵਾਂ ਦੇ ਪੁੱਤ ਜੇਲਾਂ ਵਿੱਚ ਬੰਦ ਕਰ ਦਿੱਤੇ। ਜਿਵੇਂ ਮਾਸੂਮ ਛੋਟੇ ਸਾਹਿਬਜ਼ਾਦੇ ਮੁਗਲਾਂ ਨੇ ਕੈਦ ਕਰ ਲਏ ਸੀ। ਕੀ ਫਰਕ ਹੈ ਅੱਜ ਦੀ ਸਰਕਾਰ ਅਤੇ ਉਸ ਸਮੇਂ ਦੀ ਸਰਕਾਰ ਵਿੱਚ? ਸੋਚ, ਨਜ਼ਰੀਆ, ਜ਼ੁਲਮ ਸਿੱਖ ਕੌਮ ਲਈ ਉਹ ਹੀ ਹੈ। ਬਦਲਿਆ ਹੈ ਤਾਂ ਸਿਰਫ ਤਰੀਕਾ।
2024 ਵਿੱਚ ਕੀ ਸਿੱਖ ਕੌਮ ਜਾਗਰੁਕ ਹੋਵੇਗੀ? ਦੀਪ ਸਿੱਧੂ ਦੀ ਬਣਾਈ ਜਥੇਬੰਦੀ ਵਾਰਿਸ ਪੰਜਾਬ ਦੇ ਮਜੂਦਾ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਹਮਾਇਤ ਵਿੱਚ ਆਏਗੀ? ਭਾਈ ਸਾਹਿਬ ਦੇ ਸੰਘੀ ਹਰਮੇਲ ਸਿੰਘ ਜੋਧੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਯੂਥ ਪ੍ਰਧਾਨ ਵੀ ਹਨ ਦੀ ਰਹਿਨੁਮਾਈ ਵਿੱਚ ਵੋਟਾਂ ਪਾਏਗੀ? ਕੀ ਸ: ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਐਮ ਪੀ ਦੇ ਉਮੀਦਵਾਰਾਂ ਨੂੰ ਜਨਤਾ ਜਿਤਾਏਗੀ? ਮੈਨੂੰ ਮਹਿਸੂਸ ਹੁੰਦਾ ਹੈ ਕਿ ਜੇਕਰ ਮਾਰੂ ਜੰਗਾਂ ਰੋਕਣੀਆਂ ਹਨ, ਮਾਵਾਂ ਦੇ ਪੁੱਤਾਂ ਨੂੰ ਜੇਕਰ ਜੇਲਾਂ ਵਿੱਚੋਂ ਛੱਡਵਾਉਣਾ ਹੈ, ਜੇਕਰ ਨਸ਼ਿਆਂ ਦੀ ਦਲਦਲ ਵਿੱਚੋਂ ਪੰਜਾਬ ਦੀ ਨੋਜਵਾਨੀ ਕੱਢਣੀ ਹੈ ਤਾਂ ਸਿੱਖ ਰਾਜ ਖ਼ਾਲਸਾ ਰਾਜ ਅੱਜ ਸਮੇਂ ਦੀ ਮੰਗ ਹੈ।
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ,
ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078
Leave a Comment
Your email address will not be published. Required fields are marked with *