ਸਬੰਧਤ ਵਿਭਾਗ ਦੇ ਡਾਇਰੈਕਟਰ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ ਭੇਜੇ ਲਿਖਤੀ ਪੱਤਰ
ਕੋਟਕਪੂਰਾ, 15 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਪੰਜਾਬ ਚੰਡੀਗੜ ਦੇ ਡਾਇਰੈਕਟਰ ਨੂੰ ਤਰਸ ਦੇ ਆਧਾਰ ’ਤੇ ਆਂਗਣਵਾੜੀ ਵਰਕਰ ਦੀ ਨੌਕਰੀ ਦੇਣ ਸਬੰਧੀ ਭੇਜੇ ਪੱਤਰ ਤੋਂ ਇਲਾਵਾ ਵਿਚਾਰੀ ਲੜਕੀ ਪਿਛਲੇ 2 ਸਾਲਾਂ ਤੋਂ ਹਰ ਸਿਆਸੀ ਲੀਡਰ ਦੇ ਘਰ ਜਾਂ ਸਰਕਾਰੀ ਦਫਤਰਾਂ ਵਿੱਚ ਗੇੜੇ ਮਾਰ ਮਾਰ ਕੇ ਅੱਕ ਅਤੇ ਥੱਕ ਚੁੱਕੀ ਹੈ ਪਰ ਜਰੂਰਤ ਹੋਣ ਦੇ ਬਾਵਜੂਦ ਵੀ ਉਸਦੀ ਕੋਈ ਸੁਣਵਾਈ ਨਹੀਂ ਹੋਈ। ਜਿਲਾ ਮੋਗਾ ਦੇ ਫਰੀਦਕੋਟ ਜਿਲੇ ਦੀ ਹਦੂਦ ਨਾਲ ਲੱਗਦੇ ਪਿੰਡ ਵਾਂਦਰ ਦੇ ਵਸਨੀਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਗੁਰਮੀਤ ਕੌਰ ਦੀ 10/07/2022 ਨੂੰ ਉਸ ਸਮੇਂ ਮੌਤ ਹੋ ਗਈ ਸੀ, ਜਦ ਉਹ ਆਪਣੇ ਪੇਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜਿਲਾ ਫਰੀਦਕੋਟ ਵਿਖੇ ਬਤੌਰ ਆਂਗਣਵਾੜੀ ਵਰਕਰ ਸੈਂਟਰ ਨੰਬਰ 1 ’ਤੇ ਕੰਮ ਕਰਦੀ ਸੀ। ਉਹਨਾਂ ਦੱਸਿਆ ਕਿ 21/08/1993 ਤੋਂ ਬਤੌਰ ਆਂਗਣਵਾੜੀ ਵਰਕਰ ਸੇਵਾਵਾਂ ਨਿਭਾਉਂਦੀ ਆ ਰਹੀ ਗੁਰਮੀਤ ਕੌਰ ਦੇ ਅਚਾਨਕ ਵਿਛੋੜਾ ਦੇ ਜਾਣ ਕਾਰਨ ਪਰਿਵਾਰ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਮਿ੍ਰਤਕਾ ਗੁਰਮੀਤ ਕੌਰ ਦੀ ਬੇਟੀ ਮਨਪ੍ਰੀਤ ਕੌਰ ਵਲੋਂ ਸਬੰਧਤ ਡਾਇਰੈਕਟਰ ਸਮੇਤ ਵੱਖ-ਵੱਖ ਸਿਆਸੀ ਆਗੂਆਂ ਅਤੇ ਇਸ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੂੰ ਸਮੇਂ ਸਮੇਂ ਲਿਖੇ ਪੱਤਰਾਂ ਮੁਤਾਬਿਕ ਉਹਨਾਂ ਕੋਲ ਘਰ ਤੋਂ ਇਲਾਵਾ ਕੋਈ ਚੱਲ ਅਚੱਲ ਜਾਇਦਾਦ ਨਹੀਂ, ਅਸੀਂ ਸਾਰੀਆਂ ਭੈਣਾ ਬੇਰੁਜਗਾਰ ਹਾਂ, ਮਿਹਨਤ ਮਜਦੂਰੀ ਕਰਕੇ ਘਰ ਦੀ ਸਾਂਭ ਸੰਭਾਲ ਅਤੇ ਸਾਡਾ ਪਾਲਣ ਪੋਸ਼ਣ ਮੇਰੇ ਪਿਤਾ ਜੀ ਕਰਦੇ ਹਨ, ਬਜੁਰਗ ਅਵਸਥਾ ਵਿੱਚ ਹੋਣ ਕਰਕੇ ਮੇਰੇ ਪਿਤਾ ਜੀ ਬਿਮਾਰ ਰਹਿੰਦੇ ਹਨ, ਮਾਤਾ ਜੀ ਦੇ ਮਾਣਭੱਤੇ ਨਾਲ ਹੀ ਸਾਡੇ ਘਰ ਦਾ ਗੁਜਾਰਾ ਚੱਲਦਾ ਸੀ, ਹੁਣ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਘਰ ਦਾ ਗੁਜਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ, ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਈਵੇਟ ਤੌਰ ’ਤੇ ਬੀ.ਏ. ਪਹਿਲੇ ਸਾਲ ਦਾ ਦਾਖਲਾ ਭਰਿਆ ਹੋਇਆ ਹੈ, ਕਿ੍ਰਪਾ ਕਰਕੇ ਮੈਨੂੰ ਮੇਰੇ ਮਾਤਾ ਜੀ ਦੀ ਜਗਾ ’ਤੇ ਤਰਸ ਦੇ ਆਧਾਰ ’ਤੇ ਆਂਗਣਵਾੜੀ ਵਰਕਰ ਦੀ ਨੌਕਰੀ ਦਿੱਤੀ ਜਾਵੇ। ਜੇਕਰ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਵਲੋਂ ਮੈਨੂੰ ਤਰਸ ਦੇ ਆਧਾਰ ’ਤੇ ਮੇਰੀ ਸਵਰਗਵਾਸੀ ਮਾਤਾ ਜੀ ਦੀ ਥਾਂ ’ਤੇ ਆਂਗਣਵਾੜੀ ਦੀ ਨੋਕਰੀ ਦਿੱਤੀ ਜਾਂਦੀ ਹੈ ਤਾਂ ਮੇਰੀਆਂ ਦੂਜੀਆਂ ਭੈਣਾ ਨੂੰ ਇਸ ’ਤੇ ਕੋਈ ਇਤਰਾਜ ਨਹੀਂ ਹੋਵੇਗਾ। ਉਕਤ ਪੱਤਰਾਂ ਉੱਪਰ ਅਮੋਲਕ ਸਿੰਘ ਵਿਧਾਇਕ ਜੈਤੋ, ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਸਰਪੰਚ ਹਰਤੇਜ ਸਿੰਘ ਵਲੋਂ ਵੀ ਆਪੋ ਆਪਣੇ ਦਸਤਖਤਾਂ ਅਤੇ ਮੋਹਰ ਹੇਠ ਉਕਤ ਪੱਤਰਾਂ ਦੀ ਤਸਦੀਕ ਕੀਤੀ ਗਈ ਹੈ। ਸੰਪਰਕ ਕਰਨ ’ਤੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਹ ਇਸ ਸਬੰਧੀ ਸਬੰਧਤ ਡਾਇਰੈਕਟਰ ਨਾਲ ਸੰਪਰਕ ਕਰਕੇ ਉਕਤ ਪਰਿਵਾਰ ਦੀ ਸਮੱਸਿਆ ਹੱਲ ਕਰਵਾਉਣ ਦੀ ਪੂਰੀ ਕੌਸ਼ਿਸ਼ ਕਰਨਗੇ।
Leave a Comment
Your email address will not be published. Required fields are marked with *