ਫ਼ਤਹਿਗੜ੍ਹ ਸਾਹਿਬ, 21 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼)
ਸਾਰੇ ਸੰਸਾਰ ‘ਚ 21 ਫ਼ਰਵਰੀ ਦੇ ਦਿਨ ਨੂੰ ਮਾਤ ਭਾਸ਼ਾ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਯੂਨੈਸਕੋ ਨੇ ਸੰਨ 1999 ਈ: ਤੋਂ ਹਰ ਸਾਲ ਮਿਤੀ 21 ਫ਼ਰਵਰੀ ਨੂੰ ਮਾਤ ਭਾਸ਼ਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਮਾਤ ਭਾਸ਼ਾ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੁੰਦੀ ਹੈ। ਹਰ ਵਿਅਕਤੀ ਨੂੰ ਆਪਣੀ ਮਾਤ ਭਾਸ਼ਾ ਦਾ ਗਿਆਨ ਹੋਣਾ ਬੇਹੱਦ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਦਫ਼ਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਹਰਮਨਪ੍ਰੀਤ ਸਿੰਘ ਵਾਤਾਵਰਣ ਪ੍ਰੇਮੀ ਤੇ ਸਾਹਿਤਕਾਰ ਨੇ ਕੀਤਾ। ਇਸ ਮੌਕੇ ਮੈਡਮ ਸੁਮਨਦੀਪ ਕੌਰ ਨੇ ਕਿਹਾ ਕਿ ਭਾਸ਼ਾ ਨਾਲ ਸਭ ਤੋਂ ਪਹਿਲਾ ਮਾਂ ਹੀ ਬੱਚੇ ਦੀ ਸਾਂਝ ਪੁਆਉਂਦੀ ਹੈ, ਤਾਹੀ ਤਾਂ ਇਹ ਮਾਤ ਭਾਸ਼ਾ ਅਖਵਾਉਂਦੀ ਹੈ। ਸਾਨੂੰ ਫਖ਼ਰ ਹੋਣਾ ਚਾਹੀਦਾ ਹੈ ਕਿ ਇਹ ਮਾਖਿਓਂ ਮਿੱਠੀ ਸਾਡੀ ਮਾਤ ਭਾਸ਼ਾ ਪੰਜਾਬੀ, ਜੋ ਮੌਜੂਦਾ ਸਮੇਂ ਦੇਸ਼ਾਂ-ਵਿਦੇਸ਼ਾਂ ਵਿਚ ਵੀ ਬੋਲੀ, ਸੁਣੀ ਤੇ ਲਿਖੀਂ ਜਾ ਰਹੀ ਹੈ। ਇਸ ਉਪ੍ਰੰਤ ਸੰਤ ਬਾਬਾ ਉੱਤਮ ਸਿੰਘ ਜੀ ਸੇਵਾ ਸੁਸਾਇਟੀ ਸਰਹਿੰਦ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਜਸਵਿੰਦਰ ਪਾਲ ਸਿੰਘ ਵੱਲੋ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਦਫ਼ਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਤਹਿਗੜ੍ਹ ਸਾਹਿਬ ਵਿਖੇ ਮੈਡਮ ਸੁਮਨਦੀਪ ਕੌਰ ਨੂੰ ਵਿਸ਼ੇਸ਼ ਸਨਮਾਨ ਚਿੰਨ ਭੇਂਟ ਕਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀਮੈਂਬਰ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *