ਮਾਖਿਉਂ ਮਿੱਠੀ ਬੋਲੀ ਸਾਡੀ,
ਬੋਲੀ ਇਹ ਪੰਜਾਬ ਦੀ ਏ।
ਰਾਵੀ, ਸਤਲੁਜ ਬਿਆਸ ਦੀ ਭਾਸ਼ਾ,
ਜੇਹਲਮ ਅਤੇ ਚਨਾਬ ਦੀ ਏ।
ਇਹ ਬੋਲੀ ਸਾਡੇ ਗੁਰੂਆਂ ਦੀ,
ਪੀਰਾਂ ਅਤੇ ਫਕੀਰਾਂ ਦੀ।
ਨਾਨਕ, ਬੁਲ੍ਹਾ, ਵਾਰਸ,
ਸ਼ਾਹ ਮੁਹੰਮਦ, ਬਾਹੂ, ਵੀਰਾਂ ਦੀ।
ਮਾਈ ਭਾਗੋ, ਬੀਬੀ ਭਾਨੀ,
ਮਾਂ ਗੁਜਰੀ ਦੇ ਜਾਇਆਂ ਦੀ।
ਵਿੱਚ ਦੁਨੀਆਂ ਦੇ ਵੱਸਦੇ ਕੁੱਲ,
ਪੰਜਾਬੀ ਭੈਣਾਂ ਭਾਈਆਂ ਦੀ।
ਗੁਰਮੁਖੀ ਦੇ ਮੁੱਖ ਨੂੰ ਖੁਦ,
ਲਿਸ਼ਕਾਇਆ ਸੀ ਗੁਰੂ ਅੰਗਦ ਨੇ।
ਊੜਾ ਐੜਾ ਫੱਟੀ ਤੇ,
ਲਿਖਵਾਇਆ ਸੀ ਗੁਰੂ ਅੰਗਦ ਨੇ।
ਵਰਣਮਾਲਾ ਦੇ ਸੁੰਦਰ ਅੱਖਰ,
ਗਿਣਤੀ ਵੀ ਇਕਤਾਲ਼ੀ ਏ।
ਦਸ ਮਾਤਰਾ, ਤਿੰਨ ਲਗਾਂਖਰ,
ਹਰ ਧੁਨ ਏਸ ਸੰਭਾਲ਼ੀ ਏ।
ਇਸ ਦਾ ਹਰ ਇੱਕ ਅੱਖਰ ਬੋਲੇ,
ਬਿੰਦੀ ਵੀ ਚੁੱਪ ਰਹਿੰਦੀ ਨਾ।
ਮਾਹੀਆ, ਢੋਲੇ, ਟੱਪੇ ਗਾਵੇ,
ਦੁੱਖ ਵੀ ਸਾਡਾ ਸਹਿੰਦੀ ਨਾ।
ਆਨ ਸ਼ਾਨ ਹੈ ਬੋਲੀ ਸਾਡੀ,
ਨਾ ਮੁੱਕੀ, ਨਾ ਮੁੱਕਣੀ ਏ।
ਜੇ ਰੱਖੀ ਆਪਾਂ ਪਟਰਾਣੀ,
ਨਾ ਸੁੱਕੀ ਨਾ ਸੁੱਕਣੀ ਏ।
ਰਗ਼ਾਂ ਸਾਡੀਆਂ ਦੇ ਵਿੱਚ ਦੌੜੇ,
ਦੇਵੇ ਠੰਢੜੀ ਛਾਂ ਬੋਲੀ।
ਮਾਂ ਦੇ ਦੁੱਧ ‘ਚੋਂ ਮਿਲੀ ਇਹ ਸਾਨੂੰ,
ਮਿੱਠੀ ਲਗਦੀ ਤਾਂ ਬੋਲੀ।
ਭਾਸ਼ਾ ਹੋਰ ਬੋਲੀਏ ਭਾਵੇਂ,
ਦਿਲ ਦੀ ਘੁੰਡੀ ਖੋਲ੍ਹ ਨਾ ਹੁੰਦੀ।
ਮਜ਼ਾ ਪੰਜਾਬੀ ਨੂੰ ਨਹੀਂ ਆਉਂਦਾ,
ਜੇ ਪੰਜਾਬੀ ਬੋਲ ਨਾ ਹੁੰਦੀ।
ਦੋਸ਼ ਕਿਸੇ ਨੂੰ ਦੇਈਏ ਕਾਹਦਾ,
ਜੇ ਆਪੂੰ ਸਤਿਕਾਰੀ ਨਾ।
ਘਰ ਚੋਂ ਬਾਹਰ ਬਿਠਾ ਦਿੱਤੀ ਏ,
ਲੱਗੇ ਕਿਉਂ ਪਿਆਰੀ ਨਾ?
ਮਾਂ ਜਨਣੀ, ਮਾਂ ਬੋਲੀ, ਧਰਤੀ ਮਾਂ,
ਨੂੰ ਜੇ ਭੁੱਲ ਜਾਵਾਂਗੇ।
‘ਦੀਸ਼’ ਇਹ ਤਿੰਨੇ ਮਾਵਾਂ ਭੁੱਲ ਕੇ,
ਦੁਨੀਆਂ ਵਿੱਚ ਰੁਲ਼ ਜਾਵਾਂਗੇ।

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਸੰਪਰਕ: 403 404 1450