ਕਿਸੇ ਵੀ ਸਿਆਸੀ ਪਾਰਟੀ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ
ਸਮਰਾਲਾ 16 ਮਾਰਚ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਗੁਰਾਂ ਦੇ ਨਾਮ ਹੇਠ ਵਸਦਾ ਪੰਜਾਬ, ਉਹ ਪੰਜਾਬ ਜਿੱਥੇ ਧਾਰਮਿਕ ਪੱਖ ਤੋਂ ਹੀ ਨਹੀਂ ਭਾਈਚਾਰਕ ਪੱਖ ਤੋਂ ਵੀ ਸਭ ਨੂੰ ਬਰਾਬਰ ਦਾ ਦਰਜਾ ਦੇ ਕੇ ਸਭ ਨੂੰ ਬਰਾਬਰ ਹੀ ਸਮਝਿਆ ਜਾਂਦਾ ਹੈ ਤੇ ਬਰਾਬਰ ਹੀ ਦੇਖਿਆ ਜਾਂਦਾ ਹੈ ਪਰ ਫਿਰ ਵੀ ਕੁਝ ਅਜਿਹੀ ਸੋਚ ਦੇ ਲੋਕ ਵੀ ਹਨ ਜੋ ਸਮਾਜ ਵਿੱਚ ਊਚ ਨੀਚ ਦੇ ਨਾਂ ਹੇਠ ਜਾਤ ਪਾਤ ਦੇ ਆਧਾਰ ਉੱਤੇ ਲੋਕਾਂ ਨਾਲ ਨਫ਼ਰਤ ਵੀ ਕਰਦੇ ਨਜ਼ਰ ਆਉਂਦੇ ਹਨ। ਗਰੀਬ ਲੋਕਾਂ ਦਲਿਤਾਂ ਉੱਤੇ ਜੁਲਮ ਕਰਨ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ।
ਇਸੇ ਤਰ੍ਹਾਂ ਹੀ ਪੁਲਿਸ ਜਿਲਾ ਖੰਨਾ ਦੇ ਥਾਣਾ ਸਮਰਾਲਾ ਅਧੀਨ ਪੈਂਦਾ ਪਿੰਡ ਮਾਨੂੰਪੁਰ ਜਿਸ ਵਿੱਚ ਵੀ ਅਜਿਹਾ ਹੀ ਕਾਰਾ ਵਾਪਰਿਆ ਕਿ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਦਲਿਤ ਔਰਤਾਂ ਜਦੋਂ ਪੱਠੇ ਲੈਣ ਦੇ ਲਈ ਖੇਤਾਂ ਵਿੱਚ ਗਈਆਂ ਤਾਂ ਜਾਤੀਵਾਦ ਦਾ ਸ਼ਿਕਾਰ ਹੋਏ ਇੱਕ ਘੜੰਮ ਚੌਧਰੀ ਨੇ ਸਿਰਫ ਪੱਠੇ ਵੱਢਣ ਪਿੱਛੇ ਹੀ ਔਰਤਾਂ ਦੀ ਕੁੱਟਮਾਰ ਕਰ ਦਿੱਤੀ ਤੇ ਉਨਾਂ ਦੀ ਜਾਤੀ ਖਿਲਾਫ ਅਪਸ਼ਬਦ ਬੋਲੇ। ਇਹ ਮਾਮਲਾ ਕਾਫੀ ਗਰਮਾਇਆ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਦੋਸ਼ੀ ਵਿਸਾਖਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਮਾਨੂੰਪੁਰ ਜੋ ਵਿਧਾਨ ਸਭਾ ਹਲਕਾ ਸਮਰਾਲਾ ਦੇ ਅਧੀਨ ਆਉਂਦਾ ਹੈ। ਇਹ ਜੋ ਕੇਸ ਉਥੇ ਵਾਪਰਿਆ ਹੈ ਇਸ ਕੇਸ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਵੱਡੇ ਛੋਟੇ ਆਗੂਆਂ ਜਾਂ ਨੁਮਾਇੰਦਿਆਂ ਨੇ ਸ਼ਿਰਕਤ ਕਰਕੇ ਗਰੀਬ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਦਾ ਯਤਨ ਨਹੀਂ ਕੀਤਾ। ਉੰਝ ਸਿਆਸੀ ਪਾਰਟੀਆਂ ਦੇ ਆਗੂ ਇਹ ਲੱਭਦੇ ਫਿਰਦੇ ਹੁੰਦੇ ਹਨ ਕਿ ਅੱਜ ਕਿਸ ਦਾ ਭੋਗ ਹੈ ਤੇ ਕਿਸ ਦਾ ਵਿਆਹ ਪਰ ਗਰੀਬ ਲੋਕਾਂ ਨਾਲ ਹੋਏ ਧੱਕੇ ਮੌਕੇ ਕੋਈ ਵੀ ਚੱਜ ਨਾਲ ਨਹੀਂ ਬਹੁੜਿਆ। ਉਸ ਤੋਂ ਵੀ ਵੱਡੀ ਹੈਰਾਨੀ ਇਹ ਹੋਈ ਕਿ ਇਨਾਂ ਸਿਆਸੀ ਪਾਰਟੀਆਂ ਦੇ ਵਿੱਚ ਹੀ ਰਾਜਨੀਤਿਕ ਤੌਰ ਉੱਤੇ ਸਿਆਸੀ ਸੈਲ ਜਿਵੇਂ ਕਿ ਐਸ ਸੀ ਸੈੱਲ ਆਦਿ ਵੀ ਬਣਾਏ ਹੋਏ ਹਨ। ਇਨਾਂ ਸਿਆਸੀ ਸੈਲਾਂ ਦੇ ਆਗੂਆਂ ਦੇ ਬਿਆਨ ਵੀ ਅਕਸਰ ਹੀ ਅਖਬਾਰਾਂ ਵਿੱਚ ਪੜ੍ਦੇ ਰਹਿੰਦੇ ਹਾਂ ਪਰ ਰਾਜਨੀਤਕ ਪਾਰਟੀਆਂ ਦੇ ਐਸ ਸੀ ਸੈਲ ਨਾਲ ਸੰਬੰਧਿਤ ਕੋਈ ਆਗੂ ਚੇਅਰਮੈਨ ਵੀ ਇਹਨਾਂ ਗਰੀਬ ਲੋਕਾਂ ਦੇ ਨਾਲ ਧੱਕੇ ਦੀ ਸਾਰ ਲੈਣ ਨਹੀਂ ਪੁੱਜਾ ਕਿਉਂਕਿ ਇਹ ਲੋਕ ਸ਼ਾਇਦ ਅਖਬਾਰੀ ਖਬਰਾਂ ਤੇ ਅਖਬਾਰੀ ਫੋਟੋਆਂ ਤੱਕ ਚਮਕਣ ਦੇਹੀ ਚਾਹਵਾਨ ਹਨ।