ਜਦੋਂ ਕਈ ਸ਼ਖਸ ਆਪਣੀ ਕੀਤੀ ਗਲਤੀ ਦੀ ਮਾਫੀ ਮੰਗਦਾ ਹੈ ਤਾਂ ਇਹ ਮੰਨ ਕੇ ਉਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਕਿ ਉਸਨੂੰ ਆਪਣੀ ਗਲਤੀ ਦਾ ਪਛਤਾਵਾ ਹੈ। ਪਰ ਕਈ ਸ਼ਖਸ ਮਾਫੀ ਨੂੰ ਆਪਣੀ ਢਾਲ ਬਣਾ ਲੈਂਦੇ ਹਨ। ਉਹ ਮਾਫੀ ਨੁਮਾ ਢਾਲ ਨੂੰ ਬਾਖੂਬੀ ਵਰਤਦੇ ਹਨ। ਉਹ ਬਾਰ-ਬਾਰ ਗਲਤੀ ਕਰਦੇ ਹਨ, ਜਾਣ-ਬੁਝ ਕੇ ਕਰਦੇ ਹਨ, ਸੋਚ-ਸਮਝ ਕੇ ਕਰਦੇ ਹਨ।
ਉਨਾਂ ਨੂੰ ਪਤਾ ਹੁੰਦਾ ਹੈ ਕਿ ਹਰ ਗਲਤੀ ਤੋਂ ਬਾਦ ਫੜੇ ਜਾਣ ‘ਤੇ ਉਨਾਂ ਮਾਫੀ ਕਿਵੇਂ ਮੰਗਣੀ ਹੈ? ਹੱਥ ਜੋੜ ਕੇ ਮੰਗਣੀ ਹੈ, ਚਹਿਰੇ ‘ਤੇ ਉਦਾਸੀ ਲਿਆ ਕੇ ਮੰਗਣੀ ਹੈ, ਅੱਖਾਂ ਝੁਕਾ ਕੇ ਮੰਗਣੀ ਹੈ, ਪੈਰਾਂ ਚ ਡਿੱਗ ਕੇ ਮੰਗਣੀ ਹੈ, ਜ਼ੁਬਾਨ ‘ਤੇ ਮਿਠਾਸ ਲਿਆ ਕੇ ਮੰਗਣੀ ਹੈ, ਵਿਚਾਰੇ ਜਿਹੇ ਬਣਕੇ ਮੰਗਣੀ ਹੈ, ਧਰਤੀ ‘ਤੇ ਲੇਟ ਕੇ ਮੰਗਣੀ ਹੈ, ਸਰਕਾਰੇ ਦਰਬਾਰੇ ਮੰਗਣੀ ਹੈ, ਹਲੀਮੀ ਨਾਲ ਮੰਗਣੀ ਹੈ, ਉੱਚੀ-ਉੱਚੀ ਰੌਲਾ ਪਾ ਕੇ ਮੰਗਣੀ ਹੈ।
ਪਰ ਮਾਫੀ ਕੋਈ ਢਾਲ ਨਹੀਂ ਇੱਕ ਪਛਤਾਵਾ ਹੈ। ਜੋ ਸਿਰਫ ਮਾਫੀ ਮੰਗਣ ਨਾਲ ਪੂਰਾ ਨਹੀਂ ਹੁੰਦਾ। ਬਲਕਿ ਖੁਦ ਨੂੰ ਸੁਧਾਰ ਕੇ, ਆਪਣੇ ਔਗੁਣਾਂ ਨੂੰ ਕੱਢ ਕੇ, ਜੋ ਨੁਕਸਾਨ ਹੋਇਆ ਉਸਦੀ ਭਰਪਾਈ ਕਰਕੇ ਹੀ ਪਛਤਾਵਾ ਪੂਰਾ ਹੁੰਦਾ ਹੈ।
ਪਰ ਜੋ ਸ਼ਖਸ ਮਾਫੀ ਨੁਮਾ ਢਾਲ ਥੰਮ ਕੇ ਵਿਚਰਦੇ ਹਨ, ਉਹ ਬਹੁਤ ਹੀ ਘਾਤਕ ਸਾਬਿਤ ਹੁੰਦੇ ਹਨ, ਕਿਉਂਕਿ ਉਨਾਂ ਦੀ ਬਿਰਤੀ ਹਰ ਵਕਤ ਨੁਕਸਾਨ ਪਹੁੰਚਾਉਣ ਉੱਪਰ ਹੁੰਦੀ ਹੈ। ਨੁਕਸਾਨ ਚਾਹੇ ਲਫਜ਼ਾਂ ਨਾਲ ਹੋਵੇ, ਸਿਧਾਂਤਕ ਹੋਵੇ, ਸਮਾਜਿਕ ਹੋਵੇ, ਰਾਜਨੀਤਿਕ ਹੋਵੇ, ਬੌਧਿਕ ਹੋਵੇ, ਧਾਰਮਿਕ ਹੋਵੇ, ਵਿਅਕਤੀਗਤ ਹੋਵੇ ਚਾਹੇ ਆਰਥਿਕ ਹੋਵੇ।
ਸਾਨੂੰ ਆਪਣੇ ਚਾਰ ਚੁਫੇਰੇ ਇਸ ਤਰਾਂ ਦੇ ਸ਼ਖਸ ਅੱਜ ਕੱਲ ਆਮ ਮਿਲ ਜਾਂਦੇ ਹਨ। ਘਰ ਵਿੱਚ ਮਿਲ ਜਾਂਦੇ ਹਨ, ਗੁਆਂਢ ਵਿੱਚ ਮਿਲ ਜਾਂਦੇ ਹਨ, ਰਿਸ਼ਤੇਦਾਰਾਂ ਵਿੱਚ ਮਿਲ ਜਾਂਦੇ ਹਨ, ਬਜ਼ਾਰ ਵਿੱਚ ਮਿਲ ਜਾਂਦੇ ਹਨ, ਸੱਜਣਤਾਈ ਵਿੱਚ ਮਿਲ ਜਾਂਦੇ ਹਨ ਜਾਂ ਸਮਾਜ ਵਿੱਚ ਵਿਚਰਦਿਆਂ ਮਿਲ ਜਾਂਦੇ ਹਨ।
ਮੇਰੇ ਵਿਚਾਰ ਹਨ ਕਿ ਮਾਫੀ ਸ਼ਬਦ ਜਿੰਦਗੀ ਵਿੱਚ ਹੋਣਾ ਹੀ ਨਹੀਂ ਚਾਹਿਦਾ। ਮਾਫੀ ਜੇਕਰ ਦਿਮਾਗ ਵਿੱਚ ਨਹੀਂ ਹੋਵੇਗੀ ਤਾਂ ਦਿਮਾਗ ਕੁਝ ਵੀ ਗਲਤ ਕਰਣ ਬਾਰੇ ਨਹੀਂ ਸੋਚੇਗਾ। ਜੇਕਰ ਕਦੇ ਗਲਤੀ ਹੋ ਜਾਵੇ ਤਾਂ ਮਾਫੀ ਮੰਗਣ ਨਾਲੋਂ ਆਪਣੀ ਗਲਤੀ ਮੰਨੋ ਅਤੇ ਆਪਣੀ ਗਲਤੀ ਨੂੰ ਸੁਧਾਰਣ ਦੀ ਕੋਸ਼ਿਸ਼ ਕਰੋ। ਜੋ ਨੁਕਸਾਨ ਤੁਹਾਡੇ ਕਰਕੇ ਹੋਇਆ ਹੈ ਉਸ ਦੀ ਭਰਪਾਈ ਕਰੋ ਅਤੇ ਦੁਬਾਰਾ ਗਲਤੀ ਨਾ ਕਰਣ ਦਾ ਪ੍ਰਣ ਕਰੋ।
ਮਾਫੀ ਸ਼ਬਦ ਆਪਣੀ ਜ਼ਿੰਦਗੀ ਵਿੱਚੋਂ ਕੱਢ ਦੋ। ਨਾ ਮਾਫੀ ਮੰਗੋ ਨਾ ਮਾਫੀ ਦਿਉ। ਕਿਉਂਕੀ ਜੋ ਸ਼ਖਸ ਬਾਰ-ਬਾਰ ਤੁਹਾਡੇ ਕੋਲੋਂ ਮਾਫੀ ਮੰਗਣ ਆ ਰਿਹਾ ਹੈ ਤਾਂ ਸਮਝ ਲਉ ਉਹ ਹੁਣ ਤੁਹਾਡੇ ਲਈ ਘਾਤਕ ਹੈ। ਤੁਹਾਡੀ ਇੱਕ ਚੁੱਪ ਉਸ ਸ਼ਖਸ ਲਈ ਭਾਂਬੜ ਦਾ ਕੰਮ ਕਰੇਗੀ ਅਤੇ ਆਪਣੀ ਈਨ ਮਨਾਉਣ ਲਈ ਤੁਹਾਡੇ ਉੱਪਰ ਘਾਤਕ ਹਮਲੇ ਸ਼ੁਰੂ ਕਰ ਦੇਵੇਗਾ। ਚਾਹੇ ਉਹ ਹਮਲੇ ਵਿਅਕਤੀਗਤ ਹੋਣ ਚਾਹੇ ਸਮਾਜਿਕ ਹੋਣ।
ਅੱਜ ਕੱਲ ਮਾਫੀ ਨੁਮਾ ਢਾਲ ਵਰਤਣ ਵਾਲੇ ਸ਼ਖਸ ਤੁਹਾਨੂੰ ਸਮਾਜਿਕ ਅਤੇ ਰਾਜਨੀਤਿਕ ਪੱਧਰ ਤੇ ਆਮ ਮਿਲ ਜਾਣਗੇ। ਮਾਫੀ ਸ਼ਬਦ ਖਤਰਨਾਕ ਹਥਿਆਰ ਸਾਬਿਤ ਹੋ ਰਿਹਾ ਹੈ। ਨਾ ਮਾਫੀ ਮੰਗੋ ਨਾ ਮਾਫੀ ਦਿਉ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078
Leave a Comment
Your email address will not be published. Required fields are marked with *