ਮਾਮੂਲੀ ਗੱਲ ਨੂੰ ਲੈ ਕੇ ਪੈਟਰੋਲ ਪੰਪ ਮਾਲਕ ਨੇ ਚਲਾਈ ਗੋਲੀ, ਇਕ ਨੌਜਵਾਨ ਜ਼ਖ਼ਮੀਂ
ਪੈਟਰੋਲ ਪੰਪ ਦੇ ਮਾਲਕ ਸਮੇਤ ਤਿੰਨ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ
ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤੇਲ ਦੀ ਕਮੀ ਜਾਂ ਸਪਲਾਈ ਬੰਦ ਹੋਣ ਦੇ ਖਦਸ਼ੇ ਨੂੰ ਲੈ ਕੇ ਨੇੜਲੇ ਔਲਖ ਦੇ ਪੈਟਰੋਲ ਪੰਪ ’ਤੇ ਗੋਲੀ ਚੱਲਣ ਦੀ ਘਟਨਾ ਵਿੱਚ ਇਕ ਨੌਜਵਾਨ ਲੜਕੇ ਦੇ ਜਖਮੀ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਪੰਪ ਮਾਲਕ ਨੂੰ ਨਾਮਜਦ ਕਰਕੇ ਉਸਦੇ ਅਣਪਛਾਤੇ ਸਾਥੀਆਂ ਖਿਲਾਫ ਕਾਤਲਾਨਾ ਹਮਲਾ ਕਰਨ ਵਾਲੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਅਮਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਘਣੀਏਵਾਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਜੋਬਨ ਸਿੰਘ ਅਤੇ ਭਤੀਜੇ ਕਰਨਦੀਪ ਸਿੰਘ ਨਾਲ ਫਰੀਦ ਕਿਸਾਨ ਸੇਵਾ ਕੇਂਦਰ ਪਿੰਡ ਔਲਖ ਵਿਖੇ ਪੈਟਰੋਲ ਪੰਪ ਤੋਂ ਤੇਲ ਲੈਣ ਗਿਆ ਸੀ ਤੇ ਜਦ ਉਹਨਾ ਪੈਟਰੋਲ ਪੰਪ ਮਾਲਕ ਬਲਜਿੰਦਰ ਸਿੰਘ ਨੂੰ ਬੋਤਲਾਂ ਵਿੱਚ ਤੇਲ ਪਾਉਣ ਨੂੰ ਕਿਹਾ ਤਾਂ ਉਸ ਨੇ 110 ਰੁਪਏ ਲੀਟਰ ਦੇ ਹਿਸਾਬ ਨਾਲ ਰੇਟ ਦੱਸ ਦਿੱਤਾ। ਜਦ ਉਹਨਾ ਵਿਰੋਧ ਕੀਤਾ ਤਾਂ ਬਲਜਿੰਦਰ ਸਿੰਘ ਨਾਲ ਤਕਰਾਰ ਹੋ ਗਿਆ ਅਤੇ ਬਲਜਿੰਦਰ ਸਿੰਘ ਤੇ ਉਸਦੇ ਪੰਪ ’ਤੇ ਮੌਜੂਦ ਤਿੰਨ-ਚਾਰ ਹੋਰ ਲੜਕਿਆਂ ਨੇ ਮੁਦੱਈ ਦੀ ਕੁੱਟਮਾਰ ਕੀਤੀ, ਜਦਕਿ ਬਲਜਿੰਦਰ ਸਿੰਘ ਨੇ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਮੁਦੱਈ ਉੱਪਰ ਫਾਇਰ ਕੀਤੇ, ਜਿੰਨਾ ਵਿੱਚੋਂ ਇਕ ਫਾਇਰ ਮੁਦੱਈ ਦੀ ਸੱਜੀ ਲੱਤ ’ਤੇ ਗੋਢੇ ਤੋਂ ਥੱਲੇ ਲੱਗਾ ਤੇ ਉਹ ਲੜਖੜਾਉਂਦਾ ਹੋਇਆ ਕੰਧ ਨਾਲ ਬਣੀ ਫੁੱਲਾਂ ਦੀ ਕਿਆਰੀ ਵਿੱਚ ਜਾ ਡਿੱਗਾ, ਜਿੱਥੇ ਫਿਰ ਮੁਦੱਈ ਦੀ ਕੁੱਟਮਾਰ ਕੀਤੀ ਗਈ। ਸੂਚਨਾ ਮਿਲਣ ’ਤੇ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਕੋਟਕਪੂਰਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੋਕੇ ’ਤੇ ਪੁੱਜੀ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਸਥਾਨਕ ਸਦਰ ਥਾਣੇ ਦੇ ਮੁਖੀ ਚਮਕੌਰ ਸਿੰਘ ਅਤੇ ਬਰਗਾੜੀ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਗੁਰਬਖਸ਼ ਸਿੰਘ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ’ਤੇ ਬਲਜਿੰਦਰ ਸਿੰਘ ਵਾਸੀ ਪਿੰਡ ਔਲਖ ਅਤੇ ਉਸਦੇ ਸਾਥੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 307/323/34 ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।