ਕੁੜੀ ਦੇ ਭੇਸ ਵਿੱਚ ਪੇਪਰ ਦੇਣ ਮੌਕੇ ਮੁੰਨਾ ਬਾਈ ਬਣਿਆ ਕਾਬੂ ਕੀਤਾ ਗਿਆ ਨੌਜਵਾਨ!
ਫਰੀਦਕੋਟ, 9 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਇਕ ਨਿੱਜੀ ਸਕੂਲ ਵਿੱਚ ਪੈਰਾ ਮੈਡੀਕਲ ਭਰਤੀਆਂ ਤਹਿਤ ਹੋ ਰਹੀ ਪ੍ਰੀਖਿਆ ਦੌਰਾਨ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁੰਨਾ ਬਾਈ ਨੂੰ ਪ੍ਰੀਖਿਆ ਕੇਂਦਰ ’ਚ ਦੇਖਿਆ ਗਿਆ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਵੱਖ-ਵੱਖ ਪੈਰਾ ਮੈਡੀਕਲ ਭਰਤੀਆਂ ਤਹਿਤ ਐਤਵਾਰ ਨੂੰ ਲਏ ਗਏ ਪੇਪਰ ਦੌਰਾਨ ਕੋਟਕਪੂਰਾ ਦੇ ਇਕ ਸੈਂਟਰ ’ਚ ਲੜਕੀ ਦੀ ਜਗ੍ਹਾ ਲੜਕੇ ਵਲੋਂ ਲੜਕੀ ਬਣ ਕੇ ਪੇਪਰ ਦੇਣ ਵਾਲੇ ਮੁਲਜਮ ਨੂੰ ਪੁਲਿਸ ਨੇ ਗਿ੍ਰਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਜ ਵਲੋਂ ਸਿਹਤ ਅਤੇ ਪਰਿਵਾਰ ਵਿਭਾਗ ਪੰਜਾਬ ਅਧੀਨ ਵੱਖ-ਵੱਖ ਪੈਰਾਮੈਡੀਕਲ ਅਸਾਮੀਆਂ ਲਈ ਬਿਨੈਕਾਰਾਂ ਦੀ ਪ੍ਰੀਖਿਆ ਲਈ ਜਾ ਰਹੀ ਹੈ, ਜਿਸ ਤਹਿਤ ਐਤਵਾਰ ਨੂੰ ਮਲਟੀਪਰਪਜ ਹੈਲਥ ਵਰਕਰ ਦੀਆਂ 806 ਅਤੇ ਮੈਡੀਕਲ ਅਫਸਰ ਦੀਆਂ 83 ਅਸਾਮੀਆਂ ਲਈ ਪ੍ਰੀਖਿਆ ਲਈ ਗਈ। ਜਿਸ ਲਈ ਯੂਨੀਵਰਸਿਟੀ ਵਲੋਂ ਫਰੀਦਕੋਟ, ਫਿਰੋਜਪੁਰ ਅਤੇ ਕੋਟਕਪੂਰਾ ਵਿੱਚ 26 ਸੈਂਟਰ ਬਣਾਏ ਗਏ ਸਨ, ਜਿਸ ’ਚ 7500 ਉਮੀਦਵਾਰ ਪ੍ਰੀਖਿਆ ਦੇਣ ਲਈ ਪਹੁੰਚੇ। ਇਸੇ ਦੌਰਾਨ ਸਥਾਨਕ ਡੀਏਵੀ ਪਬਲਿਕ ਸਕੂਲ ਦੇ ਸੈਂਟਰ ’ਚ ਇਕ ਨੌਜਵਾਨ ਨੂੰ ਲੜਕੀ ਦੇ ਭੇਸ ਵਿੱਚ ਲੜਕੀ ਦਾ ਪੇਪਰ ਦੇਣ ਵਾਲੇ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੇਪਰ ਫਾਜਿਲਕਾ ਦੇ ਪਿੰਡ ਢਾਣੀ ਮੁਨਸ਼ੀ ਰਾਮ ਵਾਸੀ ਭਜਨ ਲਾਲ ਦੀ ਪੁੱਤਰੀ ਪਰਮਜੀਤ ਕੌਰ ਦਾ ਸੀ। ਕੁੜੀ ਦੀ ਥਾਂ ’ਤੇ ਪੇਪਰ ਦੇਣ ਆਏ ਲੜਕੇ ’ਤੇ ਸ਼ੱਕ ਹੋਣ ’ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਲੜਕੀ ਨਹੀਂ ਸਗੋਂ ਲੜਕਾ ਹੈ। ਇਸ ਨੌਜਵਾਨ ਦੀ ਪਛਾਣ ਅੰਗਰੇਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਫਾਜਿਲਕਾ ਵਜੋਂ ਹੋਈ ਹੈ। ਪੇਪਰ ’ਚ ਬੈਠਣ ਲਈ ਜਾਲ੍ਹੀ ਵੋਟਰ ਕਾਰਡ ਬਣਾਇਆ ਗਿਆ ਸੀ। ਪੁਲਿਸ ਨੇ ਉਕਤ ਨੌਜਵਾਨ ਨੂੰ ਧੋਖਾਧੜੀ ਦੇ ਦੋਸ਼ ਹੇਠ ਗਿ੍ਰਫਤਾਰ ਕਰ ਲਿਆ ਹੈ। ਉਕਤ ਮਾਮਲੇ ਦਾ ਦਿਲਚਸਪ ਅਤੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਉਕਤ ਲੜਕੇ ਨੇ ਸਲਵਾਰ-ਕਮੀਜ਼ ਪਾ ਕੇ ਬਿੰਦੀ ਅਤੇ ਲਪਿਸਟਿਕ ਤੱਕ ਵੀ ਲਾਈ ਹੋਈ ਸੀ ਅਤੇ ਸਿਰ ਦੇ ਨਕਲੀ ਲੰਮੇ ਲੰਮੇ ਵਾਲ ਵੀ ਭੁਲੇਖਾ ਪਾ ਰਹੇ ਸਨ। ਇਸ ਸਬੰਧੀ ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਜਿਸ ਲੜਕੀ ਦੇ ਸਥਾਨ ’ਤੇ ਉਹ ਪੇਪਰ ਦੇਣ ਆਇਆ ਸੀ, ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।
Leave a Comment
Your email address will not be published. Required fields are marked with *