ਪੈਨਸ਼ਨਰਾਂ ਵੱਲੋਂ ‘ਆਪ’ ਵਿਧਾਇਕਾਂ ਦੇ ਘਰਾਂ ਮੂਹਰੇ ਰੋਸ ਰੈਲੀਆਂ ਕਰਨ ਦਾ ਫੈਸਲਾ
ਫ਼ਰੀਦਕੋਟ, 6 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਮੁਲਾਜਮ ਤੇ ਪੈਨਸਨਰਜ ਸਾਂਝਾ ਫਰੰਟ ਕੋਆਰਡੀਨੇਸ਼ਨ ਕਮੇਟੀ ਜਿਲ੍ਹਾ ਫਰੀਦਕੋਟ ਦੀ ਮੀਟਿੰਗ ਪੈਨਸ਼ਨਰ ਆਗੂ ਬਲਵਿੰਦਰ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਪੈਨਸ਼ਨਰ ਭਵਨ ਨੇੜੇ ਖਜਾਨਾ ਦਫਤਰ ਵਿਖੇ ਹੋਈ। ਮੀਟਿੰਗ ਦੌਰਾਨ ਹੋਏ ਫੈਸਲੇ ਸਾਂਝੇ ਕਰਦਿਆਂ ਮੁਲਾਜਮ ਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਵੀਰਇੰਦਰਜੀਤ ਸਿੰਘ ਪੁਰੀ, ਸੁਖਦਰਸ਼ਨ ਸਿੰਘ, ਬਲਵੀਰ ਸਿੰਘ ਸਿਵੀਆਂ, ਕੁਲਵੰਤ ਸਿੰਘ ਚਾਨੀ, ਗਗਨ ਪਾਹਵਾ, ਗੁਰਮੀਤ ਸਿੰਘ ਜੈਤੋ, ਇਕਬਾਲ ਸਿੰਘ ਢੁੱਡੀ ਤੇ ਚਿਤਰੰਜਨ ਗਾਭਾ ਨੇ ਦੱਸਿਆ ਕਿ ਸਾਂਝਾ ਫਰੰਟ ਦੀ ਸੂਬਾ ਕਾਰਜਕਾਰਨੀ ਦੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਫਰੀਦਕੋਟ ਜਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਤਿੰਨਾਂ ਐਮਐਲਏਜ਼ ਦੇ ਘਰਾਂ ਅੱਗੇ ਰੋਸ ਰੈਲੀਆਂ ਤੇ ਮੁਜਾਹਰੇ ਕਰਨ ਦੇ ਐਕਸ਼ਨ ਪ੍ਰੋਗਰਾਮ ਉਲੀਕੇ ਗਏ, ਜਿਸ ਅਨੁਸਾਰ 21ਜਨਵਰੀ ਨੂੰ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਦੇ ਘਰ ਅੱਗੇ 10 ਫਰਵਰੀ ਨੂੰ ਕੋਟਕਪੂਰਾ ਵਿਖੇ ਲਾਲਾ ਲਾਜਪਤ ਰਾਏ ਪਾਰਕ ’ਚ ਇਕੱਠੇ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਅਤੇ 18 ਫਰਵਰੀ ਨੂੰ ਵਿਧਾਨ ਸਭਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੇ ਘਰ ਅੱਗੇ ਰੋਸ ਪ੍ਰਦਰਸਨ ਕੀਤੇ ਜਾਣਗੇ। ਫਰੰਟ ’ਚ ਸਾਰੀਆਂ ਸ਼ਾਮਲ ਜਥੇਬੰਦੀਆਂ ਨੂੰ ਰੋਸ ਰੈਲੀਆਂ ’ਚ ਸ਼ਮੂਲੀਅਤ ਕਰਨ ਲਈ ਕੋਟੇ ਲਾਉਣ ਵਾਸਤੇ ਅਤੇ ਸਾਰੇ ਐਕਸ਼ਨਾਂ ਨੂੰ ਸਫਲ ਬਣਾਉਣ ਲਈ ਤਹਿਸੀਲ ਵਾਰ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਅਨੁਸਾਰ ਫਰੀਦਕੋਟ ਤਹਿਸੀਲ ਦੀ ਮੀਟਿੰਗ 15 ਜਨਵਰੀ ਨੂੰ ਪੈਨਸ਼ਨਰ ਭਵਨ ਫਰੀਦਕੋਟ ਵਿਖੇ, ਕੋਟਕਪੂਰਾ ਤਹਿਸੀਲ ਦੀ ਮੀਟਿੰਗ 3 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਪਾਰਕ ਪੁਰਾਣਾ ਕਿਲਾ ਕੋਟਕਪੂਰਾ ਦੇ ਪੈਨਸਨਰ ਭਵਨ ਅਤੇ ਜੈਤੋ ਤਹਿਸੀਲ ਦੀ ਮੀਟਿੰਗ 11 ਫਰਵਰੀ ਨੂੰ ਪੈਨਸ਼ਨਰ ਭਵਨ ਨੇੜੇ ਬੱਸ ਸਟੈਂਡ ਜੈਤੋ ਵਿਖੇ ਕੀਤੀ ਜਾਵੇਗੀ। ਮੀਟਿੰਗ ’ਚ ਭਗਵੰਤ ਮਾਨ ਸਰਕਾਰ ਦੀ ਮੁਲਾਜਮ ਤੇ ਪੈਨਸ਼ਨਰ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖੀ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਅਤੇ ਸਾਰੇ ਸਾਮਲ ਸਾਥੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤੇ ਜਾ ਰਹੇ ਇਹਨਾਂ ਐਕਸਨਾ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਮੂਹ ਆਗੂਆਂ ਨੇ ਪੰਜਾਬ ਸਰਕਾਰ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਲਈ ਕੇਂਦਰੀ ਪੈਟਰਨ ’ਤੇ ਡੀ.ਏ. 46% ਕਰਨ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਅਤੇ ਨੋਸਨਲ ਸੋਧ ਵਿਧੀ ਲਾਗੂ ਕਰਨ, ਪਿਛਲੀ ਕਾਂਗਰਸ ਸਰਕਾਰ ਵੱਲੋਂ ਮੁਲਾਜਮਾਂ ਦੇ ਖੋਹੇ ਗਏ 37 ਭੱਤੇ ਤੁਰਤ ਬਹਾਲ ਕਰਨ ਅਤੇ ਪੁਰਾਣੀ ਪੈਨਸਨ 1972 ਦੇ ਨਿਯਮਾਂ ਅਨੁਸਾਰ ਤੁਰੰਤ ਲਾਗੂ ਕਰਨ, ਹਰ ਤਰਾਂ ਦੇ ਕੱਚੇ, ਠੇਕਾ, ਆਊਟ ਸੋਰਸ ਮੁਲਾਜਮਾਂ ਅਤੇ ਸਕੀਮ ਵਰਕਰਾਂ ਨੂੰ ਬਿਨਾਂ ਸਰਤ ਰੈਗੂਲਰ ਕਰਨ ਅਤੇ ਘੱਟੋ-ਘੱਟ ਉਜਰਤ 26000 ਰੁਪਏ ਦੇਣ, ਛੇਵੇਂ ਪੇਅ ਕਮਿਸਨ ਦੇ ਸਾਢੇ ਪੰਜ ਸਾਲ ਦੇ ਬਣਦੇ ਬਕਾਏ ਅਤੇ ਸੋਧੀ ਹੋਈ ਲੀਵ ਇਨਕੈਸਮੈਂਟ ਦਾ ਲਾਭ ਤੁਰਤ ਜਾਰੀ ਕਰਨ, ਪਰਖਕਾਲ ਦੇ ਸਮੇਂ ਦੌਰਾਨ ਘੱਟ ਤਨਖਾਹਾਂ ਦੇਣ ਸਬੰਧੀ 15 ਜਨਵਰੀ 2015 ਦਾ ਪੱਤਰ ਰੱਦ ਕਰਨ ਅਤੇ ਕੇਂਦਰੀ ਪੈਟਰਨ ਅਨੁਸਾਰ ਤਨਖਾਹਾਂ ਦੇਣ ਸਬੰਧੀ 17ਜੁਲਾਈ 2020 ਦਾ ਪੱਤਰ ਤੁਰਤ ਰੱਦ ਕਰਨ ਸਮੇਤ ਸਾਰੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਤੱਕ ਸਾਂਝੇ ਫਰੰਟ ਦੇ ਝੰਡੇ ਹੇਠ ਸੰਘਰਸ਼ ਜਾਰੀ ਰੱਖਣ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ ਦੀ ਰੂਪ ਰੇਖਾ ਹੋਰ ਤਿੱਖੀ ਕਰਨ ਦਾ ਐਲਾਨ ਕੀਤਾ ਗਿਆ।
Leave a Comment
Your email address will not be published. Required fields are marked with *