ਫਰੀਦਕੋਟ , 18 ਮਾਰਚ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਭੋਲੂਵਾਲਾ ਰੋਡ ’ਤੇ ਰਹਿਣ ਵਾਲੇ ਪਤੀ-ਪਤਨੀ ਵਲੋਂ ਮਾਮੂਲੀ ਤਕਰਾਰ ਦੇ ਚਲਦੇ ਘਰ ਦੇ ਨੇੜਿਓਂ ਲੰਘਦੀ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਮਿ੍ਰਤਕ ਪਤੀ-ਪਤਨੀ ਆਪਣੇ ਪਿੱਛੇ 2 ਛੋਟੇ ਬੱਚੇ ਅਤੇ ਬਿਰਧ ਮਾਤਾ ਛੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਭੋਲੂਵਾਲਾ ਰੋਡ ’ਤੇ ਰਹਿਣ ਵਾਲੇ ਬੰਗਾਲੀ ਪਰਿਵਾਰ ਮੁੰਡੇ ਮਿੰਟੂ ਅਤੇ ਉਸ ਦੀ ਪਤਨੀ ਪਿ੍ਰਯੰਕਾ ਵਲੋਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਜਿਨ੍ਹਾਂ ਦੀਆਂ ਲਾਸ਼ਾਂ ਹਾਲੇ ਤੱਕ ਬਰਾਮਦ ਨਹੀਂ ਹੋਈਆਂ ਪਰ ਨਹਿਰ ਦੇ ਕਿਨਾਰੇ ਤੋਂ ਉਨ੍ਹਾਂ ਦੇ ਮੋਬਾਇਲ ਫੋਨ ਅਤੇ ਚੱਪਲਾਂ ਤੋਂ ਅੰਦਾਜਾ ਲਾਇਆ ਜਾ ਰਿਹਾ ਕਿ ਵਿਆਹੁਤਾ ਜੋੜੇ ਨੇ ਨਹਿਰ ’ਚ ਹੀ ਛਾਲ ਮਾਰੀ ਹੈ। ਜਾਣਕਾਰੀ ਦਿੰਦਿਆਂ ਨਹਿਰ ’ਚ ਛਾਲ ਮਾਰਨ ਵਾਲੀ ਪਿ੍ਰਯੰਕਾ ਦੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਅਤੇ ਜੀਜੇ ’ਚ ਮਾਮੂਲੀ ਤਕਰਾਰ ਹੋਇਆ ਸੀ, ਜਿਸ ਕਾਰਨ ਉਹ ਨਹਿਰ ਵੱਲ ਭੱਜ ਗਏ ਅਤੇ ਉਨ੍ਹਾਂ ਦੇ ਮੋਬਾਇਲ ਅਤੇ ਚੱਪਲਾਂ ਨਹਿਰ ਤੋਂ ਮਿਲੀਆ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਨਹਿਰ ’ਚ ਛਾਲ ਮਾਰ ਦਿੱਤੀ ਹੈ। ਇਸ ਝਗੜੇ ਬਾਰੇ ਪਿ੍ਰਯੰਕਾ ਨੇ ਆਪਣੀ ਭੈਣ ਨੂੰ ਫੋਨ ਰਾਹੀਂ ਦੱਸਿਆ ਸੀ।