ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਮੂਲੀ ਗੱਲ ਨੂੰ ਲੈ ਕੇ ਹੋਈ ਲੜਾਈ ਤੋਂ ਬਾਅਦ ਕਥਿੱਤ ਤੌਰ ’ਤੇ ਕਾਤਲਾਨਾ ਹਮਲਾ ਕਰਦਿਆਂ ਇਕ ਵਿਅਕਤੀ ਦੀ ਬੁਰੀ ਤਰਾਂ ਕੁੱਟਮਾਰ ਕਰਨ ਦੀ ਖਬਰ ਮਿਲੀ ਹੈ। ਹਸਪਤਾਲ ਵਿੱਚ ਜੇਰੇ ਇਲਾਜ ਲਖਵੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਲੰਡੇ ਜਿਲਾ ਮੋਗਾ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਕਿ ਉਹ ਆਪਣੇ ਚਾਚੇ ਦੇ ਲੜਕੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਭੂਆ ਦੀ ਲੜਕੀ ਕੋਲ ਪਿੰਡ ਨਵਾਂ ਨੱਥੇਵਾਲਾ ਵਿਖੇ ਜਾ ਰਹੇ ਸਨ ਕਿ ਪਿੰਡ ਨੇੜੇ ਸਵੇਰੇ ਕਰੀਬ 10:30 ਵਜੇ ਅੰਗਰੇਜ ਸਿੰਘ ਪੁੱਤਰ ਦੂਲਾ ਸਿੰਘ ਵਾਸੀ ਪਿੰਡ ਨੱਥੇਵਾਲਾ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਨੂੰ ਘੇਰ ਕੇ ਆਪਣੀ ਗੁਆਂਢਣ ਕਰਮਜੀਤ ਕੌਰ ਦਾ ਮਕਾਨ ਬਣਾਉਣ ਵਿੱਚ ਮੱਦਦ ਕਰਨ ਦਾ ਮਜਾ ਚਖਾਉਣ ਦਾ ਕਹਿ ਕੇ ਕਾਤਲਾਨਾ ਹਮਲਾ ਕਰ ਦਿੱਤਾ ਤੇ ਮਾਰ ਦੇਣ ਦੀ ਨੀਅਤ ਨਾਲ ਪੂਰਾ ਜੋਰ ਲਾ ਕੇ ਦਸਤੀ ਖੰਡੇ ਦਾ ਵਾਰ ਕੀਤਾ, ਜੋ ਉਸਦੇ ਸਿਰ ਦੇ ਖੱਬੇ ਪਾਸੇ ਲੱਗਾ। ਮਾਰਤਾ ਮਾਰਤਾ ਦਾ ਰੋਲਾ ਪਾਉਣ ’ਤੇ ਉਹ ਆਪਣੇ ਹਥਿਆਰਾਂ ਸਮੇਤ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਤਫਤੀਸ਼ੀ ਅਫਸਰ ਏਐਸਆਈ ਅਜੀਤ ਸਿੰਘ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ’ਤੇ ਅੰਗਰੇਜ ਸਿੰਘ ਦੇ ਦੋ ਪੁੱਤਰਾਂ ਅਤੇ ਪਤਨੀ ਸਮੇਤ 7 ਨੂੰ ਨਾਮਜਦ ਕਰਕੇ ਜਸ਼ਨਦੀਪ ਸਿੰਘ, ਜਗਰੀਤ ਸਿੰਘ ਅਤੇ ਹਰਮਨਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।