ਬਠਿੰਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਇਸ ਤਰ੍ਹਾਂ ਦਾ ਧਾਰਮਿਕ ਸਮਾਗਮ, ਇਤਿਹਾਸਿਕ ਯਾਦਗਾਰ ਤੇ ਪ੍ਰਭਾਵਸ਼ਾਲੀ ਇਕੱਠ ਰਾਹੀਂ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਦੇਵੇਗਾ ਸੰਦੇਸ਼
ਸਮਾਗਮ ਦੇ 7 ਦਿਨ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਹੋਣਗੇ ਸ਼ਾਮਿਲ
ਸਮਾਜਿਕ ਕੁਰੀਤੀਆਂ ਖ਼ਿਲਾਫ਼ ਸੰਦੇਸ਼ ਦੇਣ ਲਈ ਸਕੂਲੀ ਬੱਚਿਆਂ ਲਈ ਡਰਾਇੰਗ ਮੁਕਾਬਲਿਆਂ ਸਮੇਤ ਖੂਨਦਾਨ ਕੈਂਪ, ਸਾਈਕਲ ਅਤੇ ਬਾਈਕ ਰੈਲੀ ਦਾ ਵੀ ਹੋਵੇਗਾ ਆਯੋਜਨ
–ਬਠਿੰਡਾ, 4 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮੁਲਾਜ਼ਮਾਂ, ਕਿਸਾਨਾਂ ਅਤੇ ਵਪਾਰੀਆਂ ਸਮੇਤ ਬਠਿੰਡਾ ਸ਼ਹਿਰ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਹੀ ਯਤਨਸ਼ੀਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਹੁਣ ਮਾਲਵਾ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਵਿੱਚ 4 ਜਨਵਰੀ ਤੋਂ 10 ਜਨਵਰੀ ਤੱਕ ਖੇਡ ਸਟੇਡੀਅਮ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ “ਸ਼ਿਵ ਮਹਾਂਪੁਰਾਣ ਕਥਾ” ਦਾ ਆਯੋਜਨ ਕਰਵਾਇਆ ਜਾ ਰਿਹਾ ਹੈ, ਜਿਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਾਣਕਾਰੀ ਅਨੁਸਾਰ ਇਹ ਧਾਰਮਿਕ ਸਮਾਗਮ ਮਾਲਵਾ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਲਈ ਇੱਕ ਇਤਿਹਾਸਿਕ ਯਾਦਗਾਰ ਸਾਬਿਤ ਹੋਵੇਗਾ, ਜਿਸ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਕੇ ਨਸ਼ਿਆਂ ਦੀ ਕੁੜੱਤਣ ਨੂੰ ਖਤਮ ਕਰਨ ਲਈ ਜਾਗਰੂਕ ਕਰਨਾ ਅਤੇ ਗੁਰੂ ਦੇ ਗਿਆਨ ਨਾਲ ਭੰਡਾਰ ਭਰਨਾ ਹੈ। ਜਾਣਕਾਰੀ ਦਿੰਦੇ ਹੋਏ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਦੱਸਿਆ ਕਿ “ਸ਼ਿਵ ਮਹਾਂਪੁਰਾਣ ਕਥਾ” ਵਿਚ ਅੰਤਰਰਾਸ਼ਟਰੀ ਕਥਾ ਪ੍ਰਵਕਤਾ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਸੀਹੋਰ ਵਾਲੇ ਪਰਵਚਨ ਕਰਨ ਲਈ ਪਹੁੰਚ ਰਹੇ ਹਨ। ਜਿਨ੍ਹਾਂ ਦੇ ਬਠਿੰਡਾ ਆਗਮਨ ਮੌਕੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੋਸਟ ਆਫਿਸ ਬਾਜ਼ਾਰ ਦੇ ਪ੍ਰਸਿੱਧ ਸ਼੍ਰੀ ਹਨੂੰਮਾਨ ਮੰਦਰ ਤੋਂ ਲੈ ਕੇ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਮਰਜੀਤ ਮਹਿਤਾ ਜੀ ਦੇ ਨਿਵਾਸ ਸਥਾਨ ਬੀਬੀ ਵਾਲਾ ਰੋਡ ਤੱਕ ਰੱਥ ਯਾਤਰਾ ਵੀ ਕੱਢੀ ਜਾਵੇਗੀ। ਸਮਾਜਿਕ ਕੁਰੀਤੀਆਂ ਖਿਲਾਫ ਸੰਦੇਸ਼ ਦੇਣ ਵਾਲੇ ਇਸ ਧਾਰਮਿਕ ਸਮਾਗਮ ਮੌਕੇ ਸਕੂਲੀ ਬੱਚਿਆਂ ਦੇ ਡਰਾਇੰਗ ਮੁਕਾਬਲਿਆਂ ਤੋਂ ਇਲਾਵਾ ਖੂਨ ਦਾਨ ਕੈਂਪ, ਸਾਈਕਲ ਅਤੇ ਬਾਈਕ ਰੈਲੀ ਵੀ ਕੱਢੀ ਜਾਵੇਗੀ, ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਕੇ ਤੰਦਰੁਸਤ ਸਿਹਤ ਲਈ ਜਾਗਰੂਕ ਕੀਤਾ ਜਾਵੇ ਅਤੇ ਧਾਰਮਿਕ ਸਮਾਗਮ ਰਾਹੀਂ ਸਮੂਹ ਸ਼ਰਧਾਲੂਆਂ ਨੂੰ ਗੁਰੂ ਦੇ ਗਿਆਨ ਪ੍ਰਤੀ ਜਾਣਕਾਰੀ ਦੇਣ ਦੇ ਨਾਲ ਲਾਮਬੰਦ ਕੀਤਾ ਜਾ ਸਕੇ। 7 ਦਿਨ ਚੱਲਣ ਵਾਲੀ ਸ਼ਿਵ ਮਹਾਂਪੂਰਾਣ ਕਥਾ ਦਾ ਇਹ ਧਾਰਮਿਕ ਸਮਾਗਮ ਪ੍ਰਸਿੱਧ ਸ਼ਹਿਰ ਬਠਿੰਡਾ ਦੇ ਇਤਿਹਾਸ ਵਿੱਚ ਇਤਿਹਾਸਿਕ ਹੋਵੇਗਾ, ਕਿਉਂਕਿ ਇਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੇ ਪਹੁੰਚਣ ਲਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਪ੍ਰੋਗ੍ਰਾਮ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਪੂਰਨ ਸਹਿਯੋਗ ਰਹੇਗਾ ਅਤੇ ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਸਮੇਤ ਵਿਧਾਇਕ, ਚੇਅਰਮੈਨ ਤੇ ਹੋਰ ਸ਼ਖਸੀਅਤਾਂ ਵੀ ਸ਼ਮੂਲੀਅਤ ਕਰਨ ਲਈ ਪਹੁੰਚ ਰਹੀਆਂ ਹਨ। ਸ਼੍ਰੀ ਅਮਰਜੀਤ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ, ਬਠਿੰਡਾ ਵੱਲੋਂ ਇਸ ਸਮਾਗਮ ਦੀ ਸਮੂਚੀ ਦੇਖਰੇਖ ਕੀਤੀ ਜਾਵੇਗੀ। ਜ਼ਿਕਰ ਯੋਗ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਜੀ ਵੱਲੋਂ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਹੀ ਇਤਿਹਾਸਿਕ ਯਾਦਗਾਰ ਸੱਭਿਆਚਾਰ ਪ੍ਰੋਗ੍ਰਾਮ ਵੀ ਕਰਵਾਇਆ ਗਿਆ ਸੀ, ਜੋ ਅੱਜ ਵੀ ਇਲਾਕਾ ਨਿਵਾਸੀਆਂ ਦੇ ਦਿਲਾਂ ਤੇ ਅਮਿਟ ਛਾਪ ਦੀ ਤਰ੍ਹਾਂ ਯਾਦਗਾਰ ਬਣਿਆ ਹੋਇਆ ਹੈ ਅਤੇ ਹੁਣ ਇਸ ਧਾਰਮਿਕ ਸਮਾਗਮ ਰਾਹੀਂ ਲੋਕਾਂ ਨੂੰ ਸਮਾਜਿਕ ਕੁਰੀਤੀਆਂ, ਖਾਸ ਕਰਕੇ ਨਸ਼ਿਆਂ ਖਿਲਾਫ ਲਾਮਬੰਦ ਕਰਕੇ ਗੁਰੂ ਦੇ ਲੜ ਲਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਹਨਾਂ ਸਮੂਹ ਇਲੈਕਟਰੋਨਿਕ ਅਤੇ ਪ੍ਰਿੰਟ ਮੀਡੀਆ ਮੈਂਬਰ ਸਾਹਿਬਾਨਾਂ ਨੂੰ ਇਹਨਾਂ ਸਮਾਗਮਾਂ ਲਈ ਵਿਸ਼ੇਸ਼ ਕਵਰੇਜ ਕਰਨ ਦੀ ਅਪੀਲ ਕਰਦਿਆਂ ਪੂਰਨ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਪ੍ਰੋਗ੍ਰਾਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨਾਲ ਸੋਨੂੰ ਗਰਗ, ਰਾਕੇਸ਼ ਜਿੰਦਲ ਬੌਬੀ, ਯੋਗੇਸ਼ ਗੋਇਲ, ਵਿਪਨ ਜਿੰਦਲ, ਪੰਕਜ ਗੋਇਲ, ਰਾਕੇਸ਼ ਕਾਂਸਲ, ਭੂਸ਼ਣ ਕੁਮਾਰ, ਰਵੀ ਗਰਗ, ਵਿਜੇ ਜਿੰਦਲ ਠੇਕੇਦਾਰ, ਹੇਮੰਤ ਕੁਮਾਰ, ਜਸਪਾਲ ਪਾਲੀ, ਈਸ਼ਵਰ ਕੁਮਾਰ, ਸੰਜੀਵ ਕੁਮਾਰ ਅਤੇ ਦਵਿੰਦਰ ਜੈਨ ਹਾਜ਼ਰ ਸਨ।
Leave a Comment
Your email address will not be published. Required fields are marked with *