ਸ਼ਹਿਰ ਦੇ ਬੱਸ ਅੱਡੇ ਨਜਦੀਕ ਲੱਗੇ ਬੋਹੜ ਦਰੱਖਤ ਦੇ ਨਾਲ ਵਾਲੀ ਖਾਲੀ ਥਾਂ ਤੇ ਰੱਖਿਆ ਨਿੱਕਾ ਜਿਹਾ ਲੱਕੜ ਦਾ ਪੁਰਾਣਾ ਖੋਖਾ, ਜਿਹਦੇ ਵਿਚ ਬੈਠਕੇ ਦੌਲਤੀ ਰਾਮ ਮੋਚੀ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢਦੈ ਤੇ ਉਸਦੇ ਖੋਖੇ ਤੇ ਲਿਖਿਆ ਹੋਇਐ ” ਦੌਲਤੀ ਮੋਚੀ ਦਾ ਖੋਖਾ ” | ਚੁਰੰਜਾ-ਪਚਵੰਜਾ ਸਾਲ ਨੂੰ ਢੁੱਕਿਆ ਦੌਲਤੀ ਇਕਹਿਰੀ ਕਾਠੀ ਦੇ ਸਰੀਰ ਵਾਲਾ ਮਾੜਚੂ ਜਿਹਾ ਬੰਦਾ | ਅੱਧੇ ਕਾਲੇ-ਚਿੱਟੇ ਮੁੰਨੇ ਸਿਰ ਅਤੇ ਦਾੜ੍ਹੀ-ਮੁੱਛਾਂ ਦੇ ਵਾਲ, ਮੋਟੇ ਬੁੱਲ੍ਹ , ਅੱਖਾਂ ਤੇ ਲੱਗੀ ਮੋਟੇ ਸੀਸਿਆਂ ਵਾਲੀ ਨਿਗ੍ਹਾਂ ਦੀ ਐਨਕ , ਉੱਚੇ ਪਰ ਹਸੂੰ-ਹਸੂੰ ਕਰਦੇ ਦੰਦ ਅਤੇ ਗਲ ਵਿਚ ਬਾਬੇ ਨਾਨਕ ਦੀ ਫੋਟੋ ਵਾਲਾ ਪਾਇਆ ਲੋਕਟ ਦੇਖਕੇ ਲੱਗਦਾ ਹੈ ਕਿ ਉਹ ਕਿਰਤ ਨੂੰ ਪਿਆਰ ਕਰਨ ਵਾਲਾ ਕਰਮਯੋਗੀ ਬੰਦਾ ਹੈ |
ਕਿਸੇ ਦੀ ਚੱਪਲ ਜਾਂ ਜੁੱਤੀ ਟੁੱਟ ਜਾਵੇ ਤਾਂ ਉਸਨੂੰ ਗੰਢਾ ਕੇ ਤੁਰਨ ਲਾਇਕ ਬਣਵਾਉਣ ਲਈ ਬੰਦੇ ਨੂੰ ਦੌਲਤੀ ਮੋਚੀ ਕੋਲ ਜਾਣਾ ਹੀ ਪਵੇਗਾ | ਮੈਂ ਵੀ ਅਕਸਰ ਆਪਣੀ ਜੁੱਤੀ ਨੂੰ ਪਾਲਸ਼ ਕਰਵਾਉਣ ਲਈ ਉਹਦੇ ਕੋਲ ਜਾਂਦਾ ਆਉਂਦਾ ਰਹਿੰਦਾ ਹਾਂ | ਇੱਕ ਦਿਨ ਮੈਂ ਉਸਨੂੰ ਜੱਕਦੇ ਜੱਕਦੇ ਨੇ ਪੁੱਛ ਲਿਆ ,” ਦੌਲਤੀ ਰਾਮ ਜੀ ਜਿਦਾਂ ਦਾ ਤੁਹਾਡਾ ਕੰਮ ਹੈ ਉਸ ਮੁਤਾਬਿਕ ਦਿਹਾੜੀ ਤਾਂ ਥੋੜੀ ਹੀ ਬਣਦੀ ਹੋਉ ? ਗੁਜ਼ਾਰਾ ਮੁਸ਼ਕਿਲ ਨਾਲ ਹੀ ਚੱਲਦਾ ਹੋਣਾ ? ” | ਮੇਰੀ ਗੱਲ ਸੁਣਕੇ ਉਸਨੇ ਐਨਕ ਵਿਚ ਦੀ ਅੱਖਾਂ ਨੂੰ ਟੱਡਦਿਆਂ ਤੇ ਮੁੱਛਾਂ ਨੂੰ ਤਾਅ ਜਿਹਾ ਦਿੰਦੇ ਨੇ ਕਿਹਾ ,” ਓ ਕੀ ਗੱਲ ਕਰਤੀ ਮਾਹਟਰ ਜੀ , ਨਾਂਓ ਮੇਰਾ ਦੌਲਤੀ , ਸਿਰ ਤੇ ਲੱਛਮੀ ਮਾਤਾ ਦਾ ਹੱਥ , ਉਹ ਖੋਖੇ ਚ ਸਿਰ ਤੋਂ ਉਪਰ ਰੱਖੀ ਲਕਸ਼ਮੀ ਮਾਤਾ ਦੀ ਫੋਟੋ ਵੱਲ ਇੱਛਾਰਾ ਕਰਦਾ ਬੋਲਿਆ ,”ਆਪਣੀਆਂ ਤਾਂ ਲਹਿਰਾਂ-ਬਹਿਰਾਂ ਨੇ , ਕਿਸੇ ਚੀਜ਼ ਦੀ ਤੋਟ ਨੀ , ਕ੍ਰਿਪਾ ਹੈ ਮਾਤਾ ਦੀ ਤੇ ਬਾਬੇ ਨਾਨਕ ਦੀ ” | ਇਹ ਕਹਿ ਉਹ ਖਿੜ ਖਿੜ ਹੱਸਣ ਲੱਗਾ | ਮੈਨੂੰ ਉਹਦੀ ਹਿੰਮਤ ਅਤੇ ਬੇਬਾਕੀ ਗੁਰਬਤ ਨੂੰ ਛਿੱਥਾ ਪਾਉਂਦੀ ਨਜ਼ਰ ਆਈ |
ਉਹ ਚਮੜੇ ਦੇ ਛੋਟੇ ਛੋਟੇ ਟੁਕੜਿਆਂ ਨੂੰ ਸਾਂਭ ਸਾਂਭ ਰੱਖਦਾ ਕਹਿੰਦਾ,” ਮਾਹਟਰ ਜੀ , ਹਰੇਕ ਛੋਟੀ ਤੋਂ ਛੋਟੀ ਚੀਜ ਵੀ ਕਿਸੇ ਨਾ ਕਿਸੇ ਮੌਕੇ ਤੇ ਕੰਮ ਆ ਹੀ ਜਾਂਦੀ ਹੈ | ਮੈਨੂੰ ਇਉਂ ਲੱਗਾ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਲੋੜ ਵੇਲੇ ਹਮੇਸ਼ਾ ਛੋਟਾ ਬੰਦਾ ਹੀ ਕੰਮ ਦਿੰਦੈ , ਵੱਡੇ ਤਾਂ ਖਹਿੜਾ ਛੁਡਵਾ ਕੇ ਭੱਜ ਜਾਂਦੇ ਨੇ ” | ਉਹ ਦਿਨ ਚ ਕਈ ਵਾਰ ਬਾਬੇ ਨਾਨਕ ਦੀ ਫੋਟੋ ਵਾਲੇ ਲਾਕਟ ਨੂੰ ਮੱਥੇ ਨਾਲ ਲਾ ਕੇ ਨਮਸਕਾਰ ਕਰਦਾ ਆਖਦਾ ,” ਬਾਬੇ ਨੇ ਮੇਰੀ ਲੋਕਾਂ ਦੇ ਜੋੜੇ ਝਾੜਨ ਦੀ ਪੱਕੀ ਸੇਵਾ ਇਥੇ ਹੀ ਲਾਈ ਹੋਈ ਹੈ, ਮੱਥਾ ਮੈਂ ਗੁਰੂ ਘਰ ਜਾ ਕੇ ਟੇਕ ਆਉਣਾ ” | ਉਸ ਦਾ ਕੰਮ ਚੋਂ ਸੰਤੁਸ਼ਟੀ ਭਾਲਣ ਦਾ ਇਹ ਅੰਦਾਜ਼ ਉਹਨਾਂ ਲੋਕਾਂ ਲਈ ਇੱਕ ਸਿੱਖਿਆ ਸੀ ਜਿਹੜੇ ਵੱਡੇ ਅਹੁਦਿਆਂ ਤੇ ਹੋਣ ਦੇ ਬਾਵਜੂਦ ਅਸੰਤੁਸ਼ਟ ਤੇ ਕੰਮ ਚੋਰ ਨੇ |
ਇੱਕ ਦਿਨ ਉਹ ਕੁਝ ਖਿਝਿਆ ਜਾ ਬੈਠਾ ਸੀ | ਮੈਂ ਪੁੱਛਿਆ ,” ਕੀ ਗੱਲ ਹੋ ਗਈ ਦੌਲਤੀ ਰਾਮ ਜੀ ਗੁੱਸੇ ਹੋਏ ਬੈਠੇ ਓ ? ” | ਕੀ ਦੱਸਾਂ ਮਾਹਟਰ ਜੀ , ਅੱਜ ਇੱਕ ਪੜ੍ਹੀ ਲਿਖੀ ਲੱਗਦੀ ਬੀਬੀ ਆਈ ਚੱਪਲ ਗੰਢਾਉਣ , ਚੱਪਲ ਗੰਦ ਨਾਲ ਭਰੀ ਹੋਈ ਸੀ ਮੈਂ ਹੱਥ ਨਾਲ ਸਾਫ ਕਰਕੇ ਗੰਢਣ ਲੱਗਾ ਤਾਂ ਉਹ ਬੀਬੀ ਸੂਗ ਜਹੀ ਮੰਨਦੀ ਮੈਨੂੰ ਕਹਿੰਦੀ ,” ਹੈਂ ਵੇ ਭਾਈ , ਤੂੰ ਰੋਟੀ ਵੀ ਇਹਨਾਂ ਹੱਥਾਂ ਨਾਲ ਹੀ ਖਾਨੈ ? ਮੈਂ ਹੈਰਾਨ ਹੋਵਾਂ ਤੇ ਨਾਲੇਂ ਮੈਨੂੰ ਖਿਝ ਝੀ ਚੜੇ , ਮੈਂ ਉਹਨੂੰ ਕਿਹਾ ,” ਹੋਰ ਭਾਈ ਬੀਬੀ ਰੋਟੀ ਖਾਣ ਲਈ ਮੇਰੇ ਕੋਲ ਕਿਹੜਾ ਕੋਈ ਹੋਰ ਹੱਥ ਨੇ ਇਹਨਾਂ ਹੱਥਾਂ ਨਾਲ ਹੀ ਖਾਨਾਂ | ਫੇਰ ਉਹ ਮੈਨੂੰ ਸੰਬੋਧਿਤ ਹੁੰਦਾ ਕਹਿੰਦਾ ,” ਨਾ ਕਿਰਤ ਵਾਲੇ ਹੱਥ ਤਾਂ ਮੈਲੇ ਕੁਚੈਲੇ ਹੀ ਹੁੰਦੇ ਨੇ ਮਾਹਟਰ ਜੀ ? ” | ਦੌਲਤੀ ਦੀ ਗੱਲ ਸੁਣਕੇ ਮੈਂਨੂੰ ਵੀ ਉਸ ਬੀਬੀ ਦੇ ਅਜਿਹੇ ਸਵਾਲ ਤੇ ਗੁੱਸਾ ਆਇਆ | ਮੈਂ ਦੌਲਤੀ ਨੂੰ ਹੌਂਸਲਾ ਦਿੰਦੇ ਨੇ ਕਿਹਾ ,” ਹਾਂ ਦੌਲਤੀ ਰਾਮ ਜੀ ਕਿਰਤੀ ਦੇ ਹੱੱਥ ਮੈਲੇ ਕੁਚੈਲੇ ਹੀ ਹੁੰਦੇ ਨੇ , ਕਿਰਤੀ ਦੇ ਇਹਨਾਂ ਹੱਥਾਂ ਨਾਲ ਹੀ ਦੇਸ਼ ਅਤੇ ਕੌਮ ਤਰੱਕੀ ਕਰਦੀ ਹੈ ਤੇ ਇਹ ਹੱਥ ਉਹਨਾਂ ਸਾਫ ਤੇ ਵਿਹਲੇ ਹੱਥਾਂ ਨਾਲੋਂ ਲੱਖ ਦਰਜੇ ਚੰਗੇ ਨੇ ” | ਮੇਰੀ ਗੱਲ ਸੁਣਕੇ ਉਹ ਮੁੜ ਤਰਾਰ ਚ ਆ ਗਿਆ | ਉਸਦੀ ਸਾਦਗੀ ਤੇ ਸਰਲ ਜੀਵਨ ਸ਼ੈਲੀ ਦੇਖਕੇ ਉਹ ਮੈਨੂੰ ਹਮੇਸ਼ਾ ਕਿਸੇ ਗੁੰਝਲ ਨੂੰ ਸੁਲਝਾਉਣ ਵਾਲਾ ਪ੍ਰੇਰਕ ਤੇ ਕਿਸੇ ਕਹਾਣੀਕਾਰ ਦੀ ਅਣਲਿੱਖੀ ਕਹਾਣੀ ਦਾ ਅਣਗੌਲਿਆ ਪਾਤਰ ਜਾਪਦਾ ਹੈ | *
ਪ੍ਰੋ ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ , ਸੰਗਰੂਰ
9417665241
Leave a Comment
Your email address will not be published. Required fields are marked with *