
ਚੰਡੀਗੜ੍ 28 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਮਿਲਕਫ਼ੈਡ ਪੰਜਾਬ ਇੰਡੀਅਨ ਡੇਅਰੀ ਐਸੋਸੀਏਸ਼ਨ ਨਾਲ ਮਿਲ ਕੇ ਫਿਰੋਜ਼ਪੁਰ ਚ ਕਿਸਾਨ ਡੇਅਰੀ ਸਮਿੱਟ ਦਾ ਆਯੋਜਨ ਕਰੇਗਾ। 30 ਜਨਵਰੀ ਨੂੰ ਜੈਨਸਿਜ ਇੰਸਟੀਚਯੂਟ ਆਫ ਡੈਂਟਲ ਸਾਇੰਸ ਐਂਡ ਰਿਸਰਚ, ਫਿਰੋਜ਼ਪੁਰ ਵਿਖੇ ਮਿਲਕਫ਼ੈਡ ਦੇ ਮਿਲਕ ਪਲਾਂਟ ਵੇਰਕਾ ਫਿਰੋਜ਼ਪੁਰ ਵੱਲੋ ਕਰਵਾਏ ਜਾ ਰਹੇ ਇਸ ਸੰਮੇਲਣ ਵਿੱਚ ਵੱਖ-ਵੱਖ ਰਾਸ਼ਟਰੀ ਅਤੇ ਸੂਬਾਂ ਪੱਧਰੀ ਵਿਭਾਗਾਂ ਜਿਵੇਂ ਕਿ : ਆਈ.ਡੀ.ਏ., ਐਨ.ਡੀ.ਆਰ.ਆਈ., ਗਡਵਾਸੂ, ਐਨ.ਡੀ.ਡੀ.ਬੀ., ਪੰਜਾਬ ਐਗਰੋ, ਪੀ.ਏ.ਯੂ. ਐਨੀਮਲ ਹਸਬੈਂਡਰੀ ਵਿਭਾਗ, ਮਿਲਕਫੈਡ ਆਦਿ ਤੋਂ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋ ਕੇ ਐਨੀਮਲ ਬਰੀਡਿੰਗ, ਸਾਈਲੇਜ਼, ਨਿਊਟ੍ਰੀਸ਼ਨ ਆਦਿ ਮੁੱਦਿਆਂ ਤੇ ਪੈਨਲ ਡਿਸਕਸ਼ਨਾਂ ਰਾਹੀਂ ਡੇਅਰੀ ਫਾਰਮਰਾਂ/ਦੁੱਧ ਉਤਪਾਦਕਾਂ ਨੂੰ ਵੱਖ-ਵੱਖ ਆਧੁਨਿਕ ਤਕਨੀਕਾਂ ਬਾਰੇ ਵੱਡਮੁੱਲੀ ਜਾਣਕਾਰੀ ਦੇਣਗੇ। ਵੇਰਕਾ ਮਿਲਕ ਪਲਾਂਟ ਫ਼ਿਰੋਜ਼ਪੁਰ ਦੇ ਚੈਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਦੱਸਿਆ ਕਿ ਕਿਸਾਨਾਂ ਨੂੰ ਡੇਅਰੀ ਦੇ ਕਿੱਤਿਆਂ ਨਾਲ ਸਬੰਧਤ ਵੱਖ-ਵੱਖ ਸਬਸਿਡੀਆਂ ਅਤੇ ਸਕੀਮਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਸ ਸਮਿਟ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰਦਰਸ਼ਨੀ ਵੀ ਲਾਈ ਜਾ ਰਹੀ ਹੈ। ਵੇਰਕਾ ਫਿਰੋਜ਼ਪੁਰ ਡੇਅਰੀ ਦੇ ਜਨਰਲ ਮੈਨੇਜਰ ਸ਼੍ਰੀ ਬਿਕਰਮਜੀਤ ਸਿੰਘ ਮਾਹਲ ਨੇ ਦੱਸਿਆ ਗਿਆ ਕਿ ਇਸ ਸੰਮੇਲਣ ਵਿੱਚ ਖਾਸ ਤੌਰ ਤੇ ਇੰਡੀਅਨ ਡੇਅਰੀ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ: ਆਰ.ਐਸ. ਸੋਢੀ, ਐਨ.ਡੀ.ਆਰ.ਆਈ. ਦੇ ਵਾਇਸ ਚਾਂਸਲਰ ਅਤੇ ਡਾਇਰੈਕਟਰ ਡਾ: ਧੀਰ ਸਿੰਘ, ਮਿਲਕਫੈਡ ਪੰਜਾਬ ਦੇ ਚੇਅਰਮੈਨ ਸ਼੍ਰੀ ਨਰਿੰਦਰ ਸਿੰਘ ਸ਼ੇਰਗਿੱਲ, ਮਿਲਕਫੈਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕਮਲ ਕੁਮਾਰ ਗਰਗ, ਆਈ.ਏ.ਐਸ. ਵੀ ਭਾਗ ਲੈਣਗੇ। ਉਹਨਾਂ ਦੱਸਿਆ ਕਿ ਇਸ ਸੰਮੇਲਣ ਵਿੱਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਬੰਦ ਹੋਣ ਤੱਕ ਫਿਰੋਜ਼ਪੁਰ ਅਤੇ ਨਾਲ ਲੱਗਦੇ ਜਿਲ੍ਹਿਆਂ ਦੇ ਲਗਭਗ 500 ਤੋਂ 600 ਡੇਅਰੀ ਕਿਸਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ। ਮਿਲਕਫ਼ੈਡ ਵੱਲੋਂ ਵਿਸ਼ੇਸ ਉਪਰਾਲਾ ਕਰਦਿਆਂ ਇਸ ਦੋਰਾਨ ਇਲਾਕੇ ਦੇ ਪ੍ਰਸਿਧ ਸਕੂਲਾਂ/ਕਾਲਜ਼ਾਂ ਵਿੱਚੋਂ 10+2 ਦੇ ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਦੇ ਵਿਦਿਆਰਥੀਆਂ ਨੂੰ ਸ਼੍ਰੀ ਆਰ.ਐਸ. ਸੇਠੀ, ਡੀਨ ਕਾਲਜ ਆਫ ਡੇਅਰੀ ਸਾਇੰਸ ਵਿਸ਼ੇਸ਼ ਤੌਰ ਤੇ ਡੇਅਰੀ ਨਾਲ ਸਬੰਧਤ ਕੋਰਸਾਂ ਬਾਰੇ ਜਾਣਕਾਰੀ ਦੇਣਗੇ, ਤਾਂ ਜ਼ੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਡੇਅਰੀ ਦੇ ਕਿੱਤੇ ਨਾਲ ਸਬੰਧਤ ਪੜਾਈ ਕਰਨ ਅਤੇ ਜ਼ੋੜਣ ਲਈ ਪ੍ਰੇਰਿਤ ਕੀਤਾ ਜਾ ਸਕੇ।