*ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਕੀਤਾ ਗਿਆ ਸਨਮਾਨ*
*ਬਜ਼ੁਰਗ ਮਾਪਿਆਂ ਦੀ ਸੰਭਾਲ ਨਾ ਕਰਨ ਦੇ ਦੁੱਖ ਨੂੰ ਪੇਸ਼ ਕਰਦੀ ਕੋਰੀਓਗ੍ਰਾਫੀ ਨੇ ਸਾਰਿਆਂ ਦੀਆਂ ਅੱਖਾਂ ਕੀਤੀਆਂ ਨਮ*
ਕੋਟਕਪੂਰਾ, 1 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਵਰਲਡ ਸਕੂਲ ਵਿਖੇ ਪੰਜਗਰਾਈਂ ਖੁਰਦ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਪ੍ਰੀ-ਨਰਸਰੀ ਤੋਂ ਲੈ ਕੇ 11ਵੀਂ ਜਮਾਤ ਤੱਕ ਦੇ ਐਲਾਨੇ ਗਏ ਸਲਾਨਾ ਨਤੀਜੇ ਮੌਕੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸੰਤ ਬਾਬਾ ਮਲਕੀਤ ਦਾਸ ਜੀ, ਜਦਕਿ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਘਾਪੁਰਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸਕੂਲ ਦੇ ਚੇਅਰਮੈਨ ਸ. ਜਸਕਰਨ ਸਿੰਘ ਨੇ ਮੁੱਖ ਮਹਿਮਾਨ ਸਮੇਤ ਸਾਰਿਆਂ ਨੂੰ ਜੀ ਆਇਆਂ ਆਖਿਆ। ਇਸ ਦੌਰਾਨ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੜੀ ਗਈ। ਸਮਾਗਮ ਮੌਕੇ ਵੱਖ-ਵੱਖ ਬੁਲਾਰਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਸੀਨੀਅਰ ਪੱਤਰਕਾਰ, ਮੈਡਮ ਸੁਨੀਤਾ ਸ਼ਰਮਾ ਮਲੂਕਾ ਆਈ.ਏ.ਐਸ. ਬ੍ਰਾਂਚ ਬਠਿੰਡਾ, ਰਣਜੀਤ ਸਿੰਘ ਵਡੇਰਾ ਸਮੇਤ ਮੈਡਮ ਪੂਜਾ ਸਿੰਘ ਅਸੋਕਾ ਟੀਮ, ਡਾ. ਗੁਰਜਿੰਦਰ ਕੌਰ ਆਦਿ ਨੇ ਆਪੋ-ਆਪਣੇ ਵਿਚਾਰ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਸਾਂਝੇ ਕੀਤੇ। ਬੱਚਿਆਂ ਦੀ ਸਲਾਨਾ ਕਾਰਗੁਜਾਰੀ ਨੂੰ ਮੁੱਖ ਰੱਖਦਿਆਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਬੱਚਿਆਂ ਨੂੰ ਪ੍ਰਿੰਸੀਪਲ ਮੈਡਮ ਸਨੇਹਾ ਲਤਾ ਵਲੋਂ ਇਨਾਮ ਤਕਸੀਮ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਵਧੀਆ ਹਾਜਰੀ ਅਤੇ ਅਨੁਸ਼ਾਸ਼ਨ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਵੀ ਮੈਡਲ ਅਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਨੇ ਦੱਸਿਆ ਕਿ ਬੱਚਿਆਂ ਵੱਲੋਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਸ਼ਬਦ ਅਤੇ ਬਾਅਦ ਵਿੱਚ ਗੀਤ, ਡਾਂਸ, ਗਿੱਧਾ, ਭੰਗੜਾ ਸਕਿੱਟ, ਕੋਰੀਓਗ੍ਰਾਫੀ, ਵੰਨਗੀਆਂ ਸ਼ਾਇਰੋ-ਸ਼ਾਇਰੀ ਆਦਿ ਆਈਟਮਾ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਬਜ਼ੁਰਗ ਮਾਤਾ ਪਿਤਾ ਦੀ ਸਾਂਭ ਸੰਭਾਲ ਨਾ ਕਰਨ ਦੇ ਦੁੱਖ ਨੂੰ ਪ੍ਰਗਟ ਕਰਦੀ ਕੋਰੀਓਗ੍ਰਾਫੀ ਪੇਸ਼ ਕਰਕੇ ਵਿਦਿਆਰਥੀਆਂ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਮੌਕੇ ਮੁੱਖ ਮਹਿਮਾਨ ਬਾਬਾ ਮਲਕੀਤ ਦਾਸ ਨੇ ਜਿੱਥੇ ਬੱਚਿਆਂ ਨੂੰ ਉਹਨਾਂ ਦੀ ਸਫਲਤਾ ਲਈ ਆਸ਼ੀਰਵਾਦ ਦਿੱਤਾ, ਉੱਥੇ ਸਮੁੱਚੇ ਸਕੁਲ ਸਟਾਫ ਦੀ ਮਿਹਨਤੀ ਪ੍ਰਸੰਸਾ ਵੀ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਮਾਜ ਅਤੇ ਮਾਪਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ’ਤੇ ਆਪਣੇ ਬੱਚਿਆ ਦੇ ਸਿੱਖਿਆ ਦੇ ਮਿਆਰ ਬਾਰੇ ਜਾਣੂ ਹੋਣ ਤਾਂ ਕਿ ਅਧਿਆਪਕ ਅਤੇ ਮਾਪੇ ਮਿਲ ਕੇ ਪ੍ਰਭਾਵਸ਼ਾਲੀ ਸਿੱਖਿਆ ਢਾਂਚਾ ਤਿਆਰ ਕਰ ਸਕਣ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਯੁੱਗ ਵਿਚ ਇਨਸਾਨ ਮਿਆਰੀ ਸਿੱਖਿਆ ਹਾਸਲ ਕਰਕੇ ਹੀ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਸਕਦਾ ਹੈ। ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਿਦਿਆਰਥੀਆਂ ਨੂੰ ਸਖ਼ਤ ਲਗਨ ਅਤੇ ਮਿਹਨਤ ਨਾਲ ਆਪਣਾ ਭਵਿੱਖ ਉੱਜਵਲ ਬਣਾਉਣ ਲਈ ਪੇ੍ਰਿਤ ਕਰਦਿਆਂ ਨਸ਼ਿਆਂ ਰੂਪੀ ਕੋਹੜ ਤੋਂ ਬਚਣ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ। ਇਸ ਮੌਕੇ ਪ੍ਰਿੰਸੀਪਲ ਸਨੇਹ ਲਤਾ ਜੀ ਨੇ ਵਿਦਿਆਰਥੀਆਂ ਨੂੰ ਉਨਾਂ ਦੀ ਸਫ਼ਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਸਮਾਗਮ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਸਹੀ ਰਿਸ਼ਤਾ ਬਣਾਈ ਰੱਖਣ ਦਾ ਵਧੀਆ ਤਰੀਕਾ ਹੈ, ਜਿਸ ਨਾਲ ਸਕੂਲ ਆਪਣੇ ਬੱਚਿਆਂ ਦੀ ਵਿੱਦਿਅਕ ਪ੍ਰਗਤੀ ’ਚ ਸਹਾਇਤਾ ਕਰਨ ਲਈ ਇੱਕ ਮਹੱਤਵਪੂਰਨ ਪਲੇਟਫ਼ਾਰਮ ਪ੍ਰਦਾਨ ਕਰ ਸਕੇ। ਪ੍ਰੋਗਰਾਮ ਦੇ ਅੰਤ ਵਿੱਚ ਜਸਕਰਨ ਸਿੰਘ ਸਮੇਤ ਸਮੂਹ ਸਟਾਫ ਵਲੋਂ ਆਏ ਹੋਏ ਸਾਰੇ ਮਹਿਮਾਨਾ, ਬੱਚਿਆਂ ਦੇ ਮਾਪਿਆਂ ਅਤੇ ਹਾਜਰੀਨ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ਸਮੇਤ ਹੋਰ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Leave a Comment
Your email address will not be published. Required fields are marked with *