ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ 2021/2022 ਅਤੇ 2022/2023 ਦੇ ਕਣਕ ਦੇ ਸੀਜਨ ਸਮੇਂ ਬਰਸਾਤ ਨਾਲ ਹੋਏ ਕਣਕ ਦੀ ਫਸਲ ਦੇ ਨੁਕਸਾਨ ਦਾ ਮੁਆਵਜਾ ਲੈਣ ਲਈ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ 28 ਸਤੰਬਰ 2023 ਤੋਂ ਐਸ.ਡੀ.ਐੱਮ. ਦਫਤਰ ਜੈਤੋ ਵਿਖੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ ਪਰ ਸਰਕਾਰ ਵਲੋਂ ਕਿਸਾਨਾਂ ਦੀ ਤਬਾਹ ਹੋਈ ਫਸਲ ਦਾ ਮੁਆਵਜਾ ਦੇਣ ਦੀ ਬਜਾਇ ਸਿਰਫ ਡੰਗ ਟਪਾਊ ਕੰਮ ਕੀਤੇ ਜਾ ਰਹੇ ਹਨ। ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਲੈਣ ਵਾਸਤੇ ਸੜਕਾਂ ’ਤੇ ਆ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇੰਦਰਜੀਤ ਸਿੰਘ ਘਣੀਆਂ ਜਿਲ੍ਹਾ ਜਨਰਲ ਸਕੱਤਰ ਫਰੀਦਕੋਟ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਪੈ ਰਹੀਆਂ ਕੁਦਰਤੀ ਮਾਰਾਂ ਕਾਰਨ ਕਿਸਾਨੀ ਦਾ ਪਹਿਲਾਂ ਹੀ ਆਰਥਿਕ ਤੌਰ ’ਤੇ ਲੱਕ ਟੁੱਟ ਚੁੱਕਿਆ ਹੈ ਅਤੇ ਸਰਕਾਰਾਂ ਮੁਆਵਜੇ ਰੂਪੀ ਐਲਾਨ ਕਰਕੇ ਕਿਸਾਨਾਂ ਦੇ ਜਖਮਾਂ ਉੱਪਰ ਲੂਣ ਤਾਂ ਛਿੜਕਦੀਆਂ ਹਨ ਪਰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਕਿਸਾਨਾਂ ਨੂੰ ਦੇ ਕੇ ਮੱਲਮ ਨਹੀਂ ਲਾਉਂਦੀਆਂ। ਜਿਸ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਐਸ.ਡੀ.ਐੱਮ. ਦਫਤਰ ਜੈਤੋ ਵਿਖੇ ਸ਼ਾਂਤਮਈ ਧਰਨੇ ਤੋਂ ਬਾਅਦ ਵੀ ਸਰਕਾਰ ਵੱਲੋਂ ਮੁਆਵਜਾ ਜਾਰੀ ਨਾ ਕਰਨ ਕਰਕੇ ਮਜਬੂਰੀਵੱਸ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕੋਟਕਪੂਰਾ-ਜੈਤੋ ਸੜਕ ’ਤੇ ਆਵਾਜਾਈ ਠੱਪ ਕਰਕੇ ਨਾਹਰੇਬਾਜੀ ਕੀਤੀ ਗਈ।
Leave a Comment
Your email address will not be published. Required fields are marked with *