ਕੋਟਕਪੂਰਾ, 26 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੱਤਾ ’ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗਰੀਬ ਵਰਗ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦੀਆਂ ਗਰੰਟੀਆਂ ਦਿੱਤੀਆਂ ਸਨ ਪਰ ਅੱਜੂ ਪੰਜਾਬ ਸਰਕਾਰ ਨੇ ਆਪਣੇ ਲਗਭਗ ਡੇਢ ਸਾਲ ਤੋਂ ਉੱਪਰ ਦੇ ਕਾਰਜਕਾਲ ਦੌਰਾਨ ਗ਼ਰੀਬ ਵਰਗ ਨੂੰ ਕੋਈ ਸਹੂਲਤ ਨਹੀਂ ਦਿੱਤੀ, ਸਗੋਂ ਇਸ ਦੇ ਉਲਟ ਪਿਛਲੇ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ’ਚ ਵੀ ਜ਼ਿਆਦਾਤਰ ਬੰਦ ਕਰ ਦਿੱਤੀਆਂ ਅਤੇ ਗਰੀਬਾਂ ਦੇ ਮੁਫ਼ਤ ਰਾਸ਼ਨ ਵਾਲੇ ਕਾਰਡ ਬਿਨਾਂ ਕੋਈ ਗੰਭੀਰ ਜਾਂਚ ਕੀਤਿਆਂ ਕੱਟ ਕੇ ਪੰਜਾਬ ਸਰਕਾਰ ਨੇ ਗਰੀਬ ਵਿਰੋਧੀ ਹੋਣ ਦਾ ਸਬੂਤ ਦਿੱਤਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜਿਲਾ ਮਹਾਂਮੰਤਰੀ ਰਾਜਨ ਨਾਰੰਗ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਇਦ ਇਹ ਗੱਲ ਭੁੱਲ ਚੁੱਕੇ ਹਨ ਕਿ ਪੰਜਾਬ ’ਚ ਸਭ ਤੋਂ ਜਿਆਦਾ ਵੋਟ ਗਰੀਬ ਵਰਗ ਨੇ ਭੁਗਤਾਈ ਸੀ, ਜਿਸ ਦੀ ਬਦੌਲਤ ਆਮ ਆਦਮੀ ਪਾਰਟੀ ਸੱਤਾ ਹਾਸਲ ਕਰਨ ’ਚ ਸਫ਼ਲ ਹੋਈ ਹੈ। ਰਾਜਨ ਨਾਰੰਗ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ਼ਰੀਬ ਵਰਗ ਦੇ ਲੋਕਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ’ਚ ਆਮ ਆਦਮੀ ਪਾਰਟੀ ਇਸ ਦੇ ਨੁਕਸਾਨ ਭੁਗਤਣ ਲਈ ਤਿਆਰ ਰਹੇ। ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਰਾਸ਼ਨ ਕਾਰਡਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਗਰੀਬਾਂ ਦੇ ਕੱਟੇ ਰਾਸ਼ਨ ਕਾਰਡ ਮੁੜ ਬਹਾਲ ਕਰੇ ਤਾਂ ਕਿ ਇਨਾਂ ਰਾਸ਼ਨ ਕਾਰਡਾਂ ਜਰੀਏ ਆਪਣੇ ਪਰਿਵਾਰ ਪਾਲਣ ਵਾਲੇ ਲੋਕ ਆਪਣੇ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਖੁਆ ਸਕਣ।