ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਸਖ਼ਤ ਠੰਡ ਦੇ ਬਾਵਜੂਦ ਸੈਂਕੜੇ ਮੁਲਾਜ਼ਮ ਅਤੇ ਪੈਨਸ਼ਨਰਾਂ ਨੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ। ਧਰਨੇ ਨੂੰ ਅਸ਼ੋਕ ਕੌਸ਼ਲ, ਸੁਖਵਿੰਦਰ ਸਿੰਘ ਸੁੱਖੀ, ਜਤਿੰਦਰ ਕੁਮਾਰ, ਬਲਬੀਰ ਸਿੰਘ ਸਿਵੀਆਂ, ਪਿ੍ਰੰਸੀਪਲ ਕਿ੍ਰਸ਼ਨ ਲਾਲ, ਸੁਖਮੰਦਰ ਸਿੰਘ, ਹਰਵਿੰਦਰ ਸ਼ਰਮਾ, ਰਮੇਸ਼ ਕੌਸ਼ਲ ਆਦਿ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਚੋਣਾਂ ਸਮੇਂ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਅਦੇ ਭੁੱਲ ਗਈ ਹੈ। ਅੱਜ ਵੱਖ-ਵੱਖ ਵਿਭਾਗਾਂ ’ਚ ਕੰਮ ਕਰਦੇ ਹਜ਼ਾਰਾਂ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਨਿਗੁਣੀਆਂ ਤਨਖ਼ਾਹਾਂ ’ਤੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਸਰਕਾਰ ਟਾਲ-ਮਟੋਲ ਕਰਕੇ ਮੋਦੀ ਸਰਕਾਰ ਦੇ ਰਸਤੇ ’ਤੇ ਚੱਲ ਰਹੀ ਹੈ, ਜਦਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ’ਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ। ਮਾਣਭੱਤੇ ਜਾਂ ਮਾਮੂਲੀ ਇੰਸੈਂਟਿਵ ’ਤੇ ਕੰਮ ਕਰ ਰਹੀਆਂ ਹਜ਼ਾਰਾਂ ਆਸ਼ਾ, ਆਂਗਨਵਾੜੀ ਅਤੇ ਮਿਡ-ਡੇ-ਮੀਲ ਕੁੱਕ ਬੀਬੀਆਂ ਨੂੰ ‘ਘੱਟ ਤੋਂ ਘੱਟ ਉਜਰਤਾਂ ਕਾਨੂੰਨ’ ਤਹਿਤ 26,000 ਰੁਪਏ ਮਹੀਨਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਨੇ ਮੁਲਾਜ਼ਮਾਂ ਦੇ ਧਰਨੇ ’ਚ ਆ ਕੇ ਸਰਕਾਰ ਤੱਕ ਮੁਲਾਜ਼ਮਾਂ ਦੀ ਅਵਾਜ ਪਹੁੰਚਾਉਣ ਦਾ ਭਰੋਸਾ ਦਿੱਤਾ। ਇਕ ਮਤਾ ਪਾਸ ਕਰਕੇ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ 10 ਕੇਂਦਰੀ ਟਰੇਡ ਯੂਨੀਅਨਾਂ ਨੇ ਉੱਤਰੀ ਭਾਰਤ ਦੇ 500 ਜਿਲਿਆਂ ’ਚ ਕੀਤੇ ਜਾ ਰਹੇ ਟਰੈਕਟਰ ਮਾਰਚ ਦਾ ਸਮਰਥਨ ਕਰਦਿਆਂ 11:00 ਵਜੇ ਨਵੀਂ ਦਾਣਾ ਮੰਡੀ ਵਿੱਚ ਪਹੁੰਚਣ ਦਾ ਐਲਾਨ ਕੀਤਾ।