ਬਠਿੰਡਾ,2 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬੜੀ ਜਾਮਾ ਮਸਜਿਦ ਇੰਤਜਾਮੀਆਂ ਪ੍ਰਬੰਧਕ ਕਮੇਟੀ ਹਾਜੀ ਰਤਨ ਬਠਿੰਡਾ ਦੇ ਪ੍ਰਬੰਧਕਾਂ ਵੱਲੋਂ ਇੱਥੇ ਰੱਖੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਨਾਮ ਇੱਕ ਬੇਨਤੀ ਪੱਤਰ ਜਾਰੀ ਕੀਤਾ ਗਿਆ।ਜਿਸ ਉੱਤੇ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਅਹੁਦੇਦਾਰਾਂ ਦੇ ਦਸਤਖ਼ਤ ਕੀਤੇ ਹੋਏ ਸਨ। ਇਸ ਪੱਤਰ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਜਨਾਬ ਫਿਆਜ ਫਰੂਕੀ ਜੀ ਦਾ ਕਾਰਜਕਾਲ ਵਧਾਉਣ ਦੀ ਮੰਗ ਰੱਖੀ ਗਈ। ਜਿਕਰਯੋਗ ਹੈ ਕਿ ਜਨਾਬ ਫਿਆਜ ਫਰੂਕੀ ਕੋਲ ਏਡੀਜੀਪੀ ਪੰਜਾਬ ਆਰਮਡ ਪੁਲਿਸ ਜਲੰਧਰ ਦਾ ਚਾਰਜ ਹੋਣ ਦੇ ਨਾਲ ਨਾਲ ਐਡਮਨਿਸਟਰੇਟਰ ਪੰਜਾਬ ਵਕਫ਼ ਬੋਰਡ ਦਾ ਵੀ ਵਾਧੂ ਚਾਰਜ ਹੈ।
ਕੁੱਝ ਚੋਣਵੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਵਾਈਸ ਚੇਅਰਮੈਨ ਮੁਹੰਮਦ ਅਸ਼ਰਫ ਖਾਂ ਨੇ ਦੱਸਿਆ ਕਿ ਜਨਾਬ ਫਿਆਜ਼ ਫਰੂਕੀ ਨੇ ਐਡਮਿਨਿਸਟਰੇਟਰ ਪੰਜਾਬ ਵਕਫ਼ ਬੋਰਡ ਦੇ ਅਹੁਦੇ ਤੇ ਰਹਿੰਦਿਆਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੰਬੇ ਸਮੇਂ ਤੋਂ ਲਮਕਦੇ ਆ ਰਹੇ ਮਸਲੇ ਬੜੇ ਹੀ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਹੱਲ ਕੀਤੇ ਹਨ। ਉਹਨਾਂ ਦੀ ਅਗਵਾਈ ਹੇਠ ਪੰਜਾਬ ਵਕਫ ਬੋਰਡ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ। ਉਨਾਂ ਨੇ ਵਕਫ ਬੋਰਡ ਅਧੀਨ ਆਉਂਦੀਆਂ ਅਨੇਕਾਂ ਮਸਜਿਦਾਂ, ਕਬਰਸਤਾਨਾ ਦੀ ਤਰੱਕੀ ਦੇ ਨਾਲ ਨਾਲ ਵਕਫ ਬੋਰਡ ਦੇ ਮੌਲਵੀਆਂ ਮੁਆਜਨਾ ਅਤੇ ਕੇਅਰ ਟੇਕਰਾਂ ਦੀਆਂ ਤਨਖਾਹਾਂ ਵਿੱਚ ਵੀ ਲੋੜੀਂਦਾ ਵਾਧਾ ਕੀਤਾ ਹੈ। ਸ੍ਰੀ ਖਾਨ ਨੇ ਅੱਗੇ ਦੱਸਿਆ ਕਿ ਜਨਾਬ ਫਰੂਖੀ ਦੀ ਰਹਿਨੁਮਾਈ ਵਿੱਚ ਪੰਜਾਬ ਵਕਫ਼ ਬੋਰਡ ਦੀਆਂ ਬਹੁਤ ਸਾਰੀਆਂ ਪ੍ਰਾਪਰਟੀਆਂ ਨਜ਼ਾਇਜ ਕਬਜ਼ਾ ਮੁਕਤ ਹੋਈਆਂ ਹਨ। ਪੰਜਾਬ ਵਕ ਫ ਬੋਰਡ ਦਾ ਜਿਹੜਾ ਵਿਕਾਸ ਉਕਤ ਅਧਿਕਾਰੀ ਨੇ ਡੇਢ ਤੋਂ ਦੋ ਸਾਲਾਂ ਵਿੱਚ ਕਰ ਦਿਖਾਇਆ ਹੈ ਉਹ ਪਿਛਲੇ 50 ,60 ਸਾਲਾਂ ਤੋਂ ਵੀ ਸੰਭਵ ਨਹੀਂ ਹੋ ਸਕਿਆ ਸੀ। ਮੁਹੰਮਦ ਅਸ਼ਰਫ ਖਾਨ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਅੱਗੇ ਦੱਸਿਆ ਕਿ ਜਨਾਬ ਫਿਆਜ ਫਰੂਕੀ ਦਾ ਉਕਤ ਅਹੁਦੇ ਦੀ ਸੇਵਾ ਦਾ ਕਾਰਜ਼ਕਾਲ ਦਸੰਬਰ 2023 ਨੂੰ ਪੂਰਾ ਹੋਣ ਜਾ ਰਿਹਾ ਹੈ। ਜਿਸ ਕਾਰਨ ਮੁਸਲਿਮ ਭਾਈਚਾਰੇ ਵਿੱਚ ਚਿੰਤਾ ਪਸਰ ਗਈ ਹੈ। ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਭੇਜਣ ਜਾ ਰਹੇ ਹਾਂ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜਨਾਬ ਫਿਆਜ ਫਰੂਕੀ ਦਾ ਬਤੌਰ ਪੰਜਾਬ ਵਕਫ਼ ਬੋਰਡ ਦੇ ਐਡਮਿਨਿਸਟਰੇਟਰ ਦਾ ਸੇਵਾ ਕਾਲ ਘੱਟੋ ਘੱਟ ਇੱਕ ਸਾਲ ਹੋਰ ਵਧਾਇਆ ਜਾਵੇ ਤਾਂ ਜੋ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਬਾਕੀ ਰਹਿੰਦੇ ਕੰਮਾਂ ਨੂੰ ਵੀ ਪੂਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇੱਕ ਵਾਰ ਅਸੀਂ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਰਜਿਸਟਰਡ ਡਾਕ ਰਾਹੀਂ ਭੇਜਣ ਜਾ ਰਹੇ ਹਾਂ ਅਤੇ ਜੇਕਰ ਲੋੜ ਪਈ ਤਾਂ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਮੌਜਿਜ ਵਿਅਕਤੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ। ਇਸ ਮੌਕੇ ਕਮੇਟੀ ਪ੍ਰਧਾਨ ਮੁਹੰਮਦ ਹੁਸੈਨ, ਜਨਰਲ ਸਕੱਤਰ ਮੁਹੰਮਦ ਨਸਰੂਦੀਨ, ਜੁਆਇੰਟ ਸਕੱਤਰ ਬਿਸ਼ਰਤ ਅਹਿਮਦ, ਖਜਾਨਚੀ ਮੁਹੰਮਦ ਸਮੀਮ, ਅਬਦੁਲ ਗੱਫੋਰ ਤੋ ਇਲਾਵਾ ਵੱਡੀ ਗਿਣਤੀ ਮੁਸਲਿਮ ਭਾਈਚਾਰਾ ਹਾਜ਼ਰ ਸੀ।